ਤਾਜਾ ਖਬਰਾਂ
ਅੰਮ੍ਰਿਤਸਰ : ਸੂਬੇ ਵਿੱਚ ਨਸ਼ਾ ਤਸਕਰੀ ਖ਼ਿਲਾਫ਼ ਚਲਾਈ ਜਾ ਰਹੀ ਵਿਸ਼ੇਸ਼ ਮੁਹਿੰਮ ਤਹਿਤ ਅੰਮ੍ਰਿਤਸਰ ਦਿਹਾਤੀ ਪੁਲਿਸ ਨੂੰ ਇੱਕ ਵੱਡੀ ਸਫ਼ਲਤਾ ਹਾਸਲ ਹੋਈ ਹੈ। ਥਾਣਾ ਘਰਿੰਡਾ ਦੀ ਪੁਲਿਸ ਟੀਮ ਨੇ ਕਾਰਵਾਈ ਕਰਦਿਆਂ ਇੱਕ ਤਸਕਰ ਨੂੰ ਗ੍ਰਿਫ਼ਤਾਰ ਕਰ ਕੇ ਉਸ ਦੇ ਕਬਜ਼ੇ 'ਚੋਂ 5 ਕਿੱਲੋ 28 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ, ਜਿਸ ਦੀ ਅੰਤਰਰਾਸ਼ਟਰੀ ਬਾਜ਼ਾਰ 'ਚ ਕੀਮਤ ਲਗਭਗ 35 ਕਰੋੜ ਰੁਪਏ ਦੱਸੀ ਜਾ ਰਹੀ ਹੈ। ਪੁਲਿਸ ਅਧਿਕਾਰੀਆਂ ਅਨੁਸਾਰ ਇਹ ਹਾਲ ਹੀ ਦੇ ਦਿਨਾਂ 'ਚ ਕੀਤੀਆਂ ਗਈਆਂ ਸਭ ਤੋਂ ਵੱਡੀਆਂ ਬਰਾਮਦਗੀਆਂ 'ਚੋਂ ਇੱਕ ਹੈ।
ਮੁਲਜ਼ਮ ਖ਼ਿਲਾਫ਼ ਸਬੰਧਤ ਧਾਰਾਵਾਂ ਤਹਿਤ ਮੁਕੱਦਮਾ ਦਰਜ ਕਰ ਲਿਆ ਗਿਆ ਹੈ ਅਤੇ ਹੁਣ ਇਸ ਗੱਲ ਦੀ ਡੂੰਘਾਈ ਨਾਲ ਪੜਤਾਲ ਕੀਤੀ ਜਾ ਰਹੀ ਹੈ ਕਿ ਹੈਰੋਇਨ ਦੀ ਇਹ ਖੇਪ ਕਿੱਥੋਂ ਲਿਆਂਦੀ ਗਈ ਸੀ ਅਤੇ ਅੱਗੇ ਕਿਹੜੇ ਇਲਾਕਿਆਂ 'ਚ ਸਪਲਾਈ ਕੀਤੀ ਜਾਣੀ ਸੀ। ਪੁਲਿਸ ਮੁਤਾਬਕ ਇਹ ਕਾਰਵਾਈ ਪੰਜਾਬ ਸਰਕਾਰ ਅਤੇ ਪੁਲਿਸ ਹੈੱਡਕੁਆਰਟਰ ਦੀਆਂ ਹਦਾਇਤਾਂ 'ਤੇ ਚਲਾਈ ਜਾ ਰਹੀ ਨਸ਼ਾ ਵਿਰੋਧੀ ਮੁਹਿੰਮ ਦਾ ਹਿੱਸਾ ਹੈ। ਪੁਲਿਸ ਨੇ ਸਪੱਸ਼ਟ ਕੀਤਾ ਹੈ ਕਿ ਇਸ ਗੈਰ-ਕਾਨੂੰਨੀ ਨੈੱਟਵਰਕ ਨਾਲ ਜੁੜੇ ਕਿਸੇ ਵੀ ਦੋਸ਼ੀ ਨੂੰ ਬਖ਼ਸ਼ਿਆ ਨਹੀਂ ਜਾਵੇਗਾ। ਇਸ ਦੇ ਨਾਲ ਹੀ ਪ੍ਰਸ਼ਾਸਨ ਨੇ ਆਮ ਜਨਤਾ ਨੂੰ ਵੀ ਅਪੀਲ ਕੀਤੀ ਹੈ ਕਿ ਨਸ਼ਾ ਤਸਕਰੀ ਨਾਲ ਸਬੰਧਤ ਕਿਸੇ ਵੀ ਸੂਚਨਾ ਨੂੰ ਤੁਰੰਤ ਪੁਲਿਸ ਨਾਲ ਸਾਂਝਾ ਕੀਤਾ ਜਾਵੇ ਤਾਂ ਜੋ ਇਸ ਕੋੜ੍ਹ ਨੂੰ ਜੜ੍ਹੋਂ ਖ਼ਤਮ ਕੀਤਾ ਜਾ ਸਕੇ।
Get all latest content delivered to your email a few times a month.