ਤਾਜਾ ਖਬਰਾਂ
ਸੁਲਤਾਨਪੁਰ ਲੋਧੀ-ਤਲਵੰਡੀ ਚੌਧਰੀਆਂ ਮਾਰਗ 'ਤੇ ਸਥਿਤ ਪਿੰਡ ਸਵਾਲ ਨੇੜੇ ਬੁੱਧਵਾਰ ਦੇਰ ਰਾਤ ਵਾਪਰੇ ਇੱਕ ਦਰਦਨਾਕ ਸੜਕ ਹਾਦਸੇ 'ਚ ਦੋ ਨੌਜਵਾਨਾਂ ਦੀ ਮੌਤ ਹੋ ਗਈ, ਜਦਕਿ ਇੱਕ ਔਰਤ ਗੰਭੀਰ ਰੂਪ 'ਚ ਜ਼ਖ਼ਮੀ ਹੋ ਗਈ। ਹਾਦਸਾ ਇੰਨਾ ਭਿਆਨਕ ਸੀ ਕਿ ਤੇਜ਼ ਰਫ਼ਤਾਰ ਮਹਿੰਦਰਾ XUV500 ਕਾਰ ਦੇ ਪਰਖੱਚੇ ਉੱਡ ਗਏ ਅਤੇ ਗੱਡੀ ਦੇ ਟਾਇਰ ਤੇ ਸ਼ੀਸ਼ੇ ਦੂਰ-ਦੂਰ ਤੱਕ ਖਿਲਰ ਗਏ।
ਪ੍ਰਾਪਤ ਜਾਣਕਾਰੀ ਅਨੁਸਾਰ ਕਾਰ ਸੁਲਤਾਨਪੁਰ ਲੋਧੀ ਤੋਂ ਤਲਵੰਡੀ ਚੌਧਰੀਆਂ ਵੱਲ ਜਾ ਰਹੀ ਸੀ। ਪਿੰਡ ਸਵਾਲ ਕੋਲ ਪਹੁੰਚਦਿਆਂ ਹੀ ਚਾਲਕ ਗੱਡੀ ਤੋਂ ਸੰਤੁਲਨ ਗੁਆ ਬੈਠਾ, ਜਿਸ ਤੋਂ ਬਾਅਦ ਬੇਕਾਬੂ ਕਾਰ ਪਹਿਲਾਂ ਸੜਕ ਕਿਨਾਰੇ ਲੱਗੇ ਇੱਕ ਦਰੱਖਤ ਨਾਲ ਟਕਰਾਈ ਅਤੇ ਫਿਰ ਇੱਕ ਨਿੱਜੀ ਸਕੂਲ ਦੀ ਲੋਹੇ ਦੀ ਗਰਿੱਲ ਤੋੜਦੀ ਹੋਈ ਦੂਜੇ ਦਰੱਖਤ ਨਾਲ ਜਾ ਜਾੜੀ।
ਇਸ ਹਾਦਸੇ 'ਚ ਪਿੰਡ ਬਿਧੀਪੁਰ ਦੇ ਰਹਿਣ ਵਾਲੇ ਰਾਹੁਲ ਗਿੱਲ (ਪੁੱਤਰ ਸਤਪਾਲ ਗਿੱਲ) ਦੀ ਮੌਕੇ 'ਤੇ ਹੀ ਮੌਤ ਹੋ ਗਈ। ਹਾਦਸੇ ਵਿੱਚ ਗੰਭੀਰ ਜ਼ਖ਼ਮੀ ਹੋਏ ਲੱਬੀ (17) ਪੁੱਤਰ ਸੋਨੂੰ ਰਾਮ (ਵਾਸੀ ਤਲਵੰਡੀ ਬੁਟੀਆਂ, ਜਲੰਧਰ) ਅਤੇ ਅੰਜਨਾ ਰਾਣੀ (23) ਪਤਨੀ ਰਾਹੁਲ ਗਿੱਲ (ਵਾਸੀ ਸ਼ੰਕਰ, ਜਲੰਧਰ) ਨੂੰ ਤੁਰੰਤ ਸੁਲਤਾਨਪੁਰ ਲੋਧੀ ਦੇ ਸਿਵਲ ਹਸਪਤਾਲ ਪਹੁੰਚਾਇਆ ਗਿਆ, ਜਿੱਥੇ ਇਲਾਜ ਦੌਰਾਨ ਲੱਬੀ ਨੇ ਵੀ ਦਮ ਤੋੜ ਦਿੱਤਾ। ਅੰਜਨਾ ਰਾਣੀ ਦੀ ਨਾਜ਼ੁਕ ਹਾਲਤ ਨੂੰ ਦੇਖਦਿਆਂ ਮੁੱਢਲੀ ਸਹਾਇਤਾ ਤੋਂ ਬਾਅਦ ਉਸ ਨੂੰ ਉੱਚ ਮੈਡੀਕਲ ਸੈਂਟਰ ਰੈਫ਼ਰ ਕਰ ਦਿੱਤਾ ਗਿਆ ਹੈ। ਘਟਨਾ ਦੀ ਸੂਚਨਾ ਮਿਲਦਿਆਂ ਹੀ ਸਥਾਨਕ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਲਾਸ਼ਾਂ ਨੂੰ ਕਬਜ਼ੇ 'ਚ ਲਿਆ ਅਤੇ ਮਾਮਲੇ ਦੀ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ।
Get all latest content delivered to your email a few times a month.