ਤਾਜਾ ਖਬਰਾਂ
ਰੋਜ਼ਗਾਰ ਦੀ ਭਾਲ 'ਚ ਵਿਦੇਸ਼ ਜਾਣ ਵਾਲੇ ਪੰਜਾਬੀ ਨੌਜਵਾਨਾਂ ਨਾਲ ਠੱਗੀ ਦਾ ਇੱਕ ਹੋਰ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਜਲੰਧਰ ਦੇ ਰਾਮਨਗਰ ਦੇ ਰਹਿਣ ਵਾਲੇ ਆਕਾਸ਼ਦੀਪ ਨਾਮਕ ਨੌਜਵਾਨ ਨੇ ਰੂਸ ਦੇ ਜੰਗਲਾਂ 'ਚੋਂ 5 ਵੀਡੀਓਜ਼ ਜਾਰੀ ਕਰਕੇ ਟ੍ਰੈਵਲ ਏਜੰਟ ਦੇ ਗੁੰਮਰਾਹਕੁੰਨ ਦਾਅਵਿਆਂ ਦੀ ਪੋਲ ਖੋਲ੍ਹੀ ਹੈ। ਪੀੜਤ ਨੌਜਵਾਨ ਨੇ ਭਾਵੁਕ ਹੁੰਦਿਆਂ ਦੱਸਿਆ ਕਿ ਜਲੰਧਰ ਦੇ ਹੀ ਏਜੰਟ ਪਵਨ ਕੁਮਾਰ ਨੇ ਉਸ ਨੂੰ ਵਰਕ ਵੀਜ਼ੇ ਦਾ ਝਾਂਸਾ ਦੇ ਕੇ ਅਤੇ ਬਾਗਾਂ 'ਚ ਫਲ ਤੋੜਨ ਦੇ ਕੰਮ ਸਮੇਤ ਵਧੀਆ ਤਨਖਾਹ, ਏਸੀ ਕਮਰਾ ਤੇ ਚੰਗੇ ਖਾਣੇ ਦਾ ਵਾਅਦਾ ਕਰਕੇ 15 ਜੂਨ 2026 ਨੂੰ ਦਿੱਲੀ ਤੋਂ ਮਾਸਕੋ ਭੇਜਿਆ ਸੀ। ਹਾਲਾਂਕਿ ਉੱਥੇ ਪਹੁੰਚਣ ਤੋਂ ਬਾਅਦ ਉਸ ਨੂੰ ਪਤਾ ਲੱਗਾ ਕਿ ਉਸ ਨੂੰ ਵਰਕ ਵੀਜ਼ੇ ਦੀ ਥਾਂ ਟੂਰਿਸਟ ਵੀਜ਼ੇ 'ਤੇ ਭੇਜਿਆ ਗਿਆ ਹੈ ਅਤੇ ਹੁਣ ਉਹ ਕਰੀਬ 10 ਹੋਰ ਭਾਰਤੀ ਨੌਜਵਾਨਾਂ ਨਾਲ ਜੰਗਲ ਵਿਚਕਾਰ ਇੱਕ ਟੁੱਟੇ-ਫੁੱਟੇ ਕਮਰੇ 'ਚ ਬੰਧਕ ਵਰਗੇ ਹਾਲਾਤ 'ਚ ਰਹਿਣ ਲਈ ਮਜਬੂਰ ਹੈ।
ਮਾਸਕੋ ਏਅਰਪੋਰਟ 'ਤੇ ਉੱਤਰਦਿਆਂ ਹੀ ਏਜੰਟ ਦੇ ਬੰਦੇ ਨੇ ਉਸ ਨੂੰ ਅਤੇ ਹਰਿਆਣਾ ਤੇ ਰਾਜਸਥਾਨ ਦੇ 10 ਹੋਰ ਨੌਜਵਾਨਾਂ ਨੂੰ ਸੰਘਣੇ ਜੰਗਲ 'ਚ ਲਿਜਾ ਕੇ ਛੱਡ ਦਿੱਤਾ। ਜਦੋਂ ਨੌਜਵਾਨਾਂ ਨੇ ਇਸ ਧੋਖਾਧੜੀ ਬਾਰੇ ਏਜੰਟ ਨਾਲ ਗੱਲ ਕੀਤੀ ਤਾਂ ਉਸ ਨੇ ਸਾਫ਼ ਕਹਿ ਦਿੱਤਾ ਕਿ ਉਸ ਦੀ ਜ਼ਿੰਮੇਵਾਰੀ ਸਿਰਫ਼ ਮਾਸਕੋ ਪਹੁੰਚਾਉਣ ਤੱਕ ਹੀ ਸੀ, ਜਦਕਿ ਸਥਾਨਕ ਬੰਦਾ ਪੈਸੇ ਨਾ ਮਿਲਣ ਦਾ ਬਹਾਨਾ ਬਣਾ ਕੇ ਉਨ੍ਹਾਂ ਨੂੰ ਅੱਗੇ ਨਹੀਂ ਲੈ ਕੇ ਜਾ ਰਿਹਾ। ਫਿਲਹਾਲ ਇੱਕ ਕਬਾੜ ਵਰਗੇ ਟੁੱਟੇ-ਫੁੱਟੇ ਕਮਰੇ 'ਚ 10 ਲੋਕਾਂ ਨੂੰ ਇੱਕ-ਦੂਜੇ ਦੇ ਉੱਪਰ ਬਿਸਤਰੇ ਲਗਾ ਕੇ ਰੱਖਿਆ ਗਿਆ ਹੈ, ਜਿੱਥੇ ਟਾਇਲਟ ਤੱਕ ਦਾ ਦਰਵਾਜ਼ਾ ਵੀ ਨਹੀਂ ਹੈ।
ਆਪਣੀ ਬੇਬਸੀ ਬਿਆਨ ਕਰਦਿਆਂ ਆਕਾਸ਼ਦੀਪ ਨੇ ਦੱਸਿਆ ਕਿ ਉਸ ਦੀ ਮਾਂ ਜਲੰਧਰ ਦੇ ਹਸਪਤਾਲ 'ਚ ਦਾਖਲ ਹੈ ਅਤੇ ਉਹ ਖ਼ੁਦ ਇੱਥੇ ਬੇਬੱਸ ਫਸਿਆ ਹੋਇਆ ਹੈ। ਉਸ ਨੇ ਪੰਜਾਬ ਦੇ ਹੋਰਨਾਂ ਨੌਜਵਾਨਾਂ ਨੂੰ ਅਪੀਲ ਕੀਤੀ ਹੈ ਕਿ ਉਹ ਅਜਿਹੇ ਠੱਗ ਏਜੰਟਾਂ ਦੇ ਝਾਂਸੇ 'ਚ ਆ ਕੇ ਰੂਸ ਨਾ ਆਉਣ, ਕਿਉਂਕਿ ਕਈ ਏਜੰਟ ਝੂਠੇ ਵਾਅਦੇ ਕਰਕੇ ਭਾਰਤੀ ਨੌਜਵਾਨਾਂ ਨੂੰ ਰੂਸੀ ਫੌਜ 'ਚ ਭਰਤੀ ਕਰਵਾਉਣ ਦੀਆਂ ਸਾਜ਼ਿਸ਼ਾਂ ਵੀ ਰਚ ਰਹੇ ਹਨ।
Get all latest content delivered to your email a few times a month.