ਤਾਜਾ ਖਬਰਾਂ
80ਵੇਂ ਆਜ਼ਾਦੀ ਦਿਵਸ ਦੇ ਮੱਦੇਨਜ਼ਰ ਸੂਬੇ ਵਿੱਚ ਸੁਰੱਖਿਆ ਪ੍ਰਬੰਧਾਂ ਨੂੰ ਲੈ ਕੇ ਪੰਜਾਬ ਪੁਲਿਸ ਅਤੇ ਗੁਪਤਚਰ ਏਜੰਸੀਆਂ ਹਾਈ ਅਲਰਟ 'ਤੇ ਹਨ। ਇਸੇ ਦੌਰਾਨ ਅੰਮ੍ਰਿਤਸਰ ਪੁਲਿਸ ਦੇ ਤਿੰਨ ਪ੍ਰਮੁੱਖ ਥਾਣਿਆਂ ਅਤੇ ਹਵਾਈ ਅੱਡੇ ਦੀਆਂ ਅਧਿਕਾਰਤ ਈ-ਮੇਲ ਆਈਡੀਜ਼ 'ਤੇ ਇੱਕ ਸਨਸਨੀਖੇਜ਼ ਧਮਕੀ ਭਰਿਆ ਸੁਨੇਹਾ ਮਿਲਣ ਨਾਲ ਭਾਜੜਾਂ ਪੈ ਗਈਆਂ ਹਨ। ਈ-ਮੇਲ ਵਿੱਚ ਆਜ਼ਾਦੀ ਦਿਵਸ ਤੋਂ ਪਹਿਲਾਂ ਪੁਲਿਸ ਸਟੇਸ਼ਨਾਂ 'ਤੇ ਗ੍ਰਨੇਡ ਹਮਲੇ ਕਰਨ ਅਤੇ ਰੇਲਵੇ ਲਾਈਨਾਂ 'ਤੇ ਆਈ.ਈ.ਡੀ. (IED) ਧਮਾਕੇ ਕਰਨ ਦੀ ਖ਼ਤਰਨਾਕ ਚੇਤਾਵਨੀ ਦਿੱਤੀ ਗਈ ਹੈ।
ਧਮਕੀ ਭੇਜਣ ਵਾਲੇ ਨੇ ਆਪਣੇ ਆਪ ਨੂੰ ਅੱਤਵਾਦੀ ਸੰਗਠਨ ਨਾਲ ਸਬੰਧਤ ਦੱਸਿਆ ਹੈ।
ਈ-ਮੇਲ ਵਿੱਚ 'ਖ਼ਾਲਿਸਤਾਨ ਨੈਸ਼ਨਲ ਆਰਮੀ' ਅਤੇ 'ਬੱਬਰ ਖ਼ਾਲਸਾ' ਵਰਗੀਆਂ ਜਥੇਬੰਦੀਆਂ ਦੇ ਨਾਵਾਂ ਦਾ ਹਵਾਲਾ ਦਿੱਤਾ ਗਿਆ ਹੈ। ਹਾਲਾਂਕਿ, ਸੀਨੀਅਰ ਪੁਲਿਸ ਅਧਿਕਾਰੀਆਂ ਨੇ ਧਮਕੀ ਮਿਲਣ ਦੀ ਪੁਸ਼ਟੀ ਕਰਦਿਆਂ ਸਪੱਸ਼ਟ ਕੀਤਾ ਹੈ ਕਿ ਇਨ੍ਹਾਂ ਦਾਅਵਿਆਂ ਜਾਂ ਸੰਗਠਨਾਂ ਦੇ ਨਾਵਾਂ ਦੀ ਹਾਲੇ ਤੱਕ ਕੋਈ ਅਧਿਕਾਰਤ ਪੁਸ਼ਟੀ ਨਹੀਂ ਹੋਈ ਹੈ ਅਤੇ ਇਸ ਨੂੰ ਜਾਂਚ ਦਾ ਪ੍ਰਮੁੱਖ ਹਿੱਸਾ ਮੰਨਿਆ ਜਾ ਰਿਹਾ ਹੈ।
ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਪੰਜਾਬ ਪੁਲਿਸ ਦੀਆਂ ਵਿਸ਼ੇਸ਼ ਤਕਨੀਕੀ ਟੀਮਾਂ ਅਤੇ ਸਾਈਬਰ ਸੈੱਲ ਨੇ ਈ-ਮੇਲ ਦੇ ਮੂਲ (Origin) ਦਾ ਪਤਾ ਲਗਾਉਣ ਲਈ ਜਾਂਚ ਸ਼ੁਰੂ ਕਰ ਦਿੱਤੀ ਹੈ। ਸੂਬੇ ਭਰ ਦੇ ਰੇਲਵੇ ਸਟੇਸ਼ਨਾਂ, ਬੱਸ ਸਟੈਂਡਾਂ, ਪੁਲਿਸ ਥਾਣਿਆਂ ਅਤੇ ਹੋਰ ਸੰਵੇਦਨਸ਼ੀਲ ਸਰਕਾਰੀ ਇਮਾਰਤਾਂ ਦੁਆਲੇ ਸੁਰੱਖਿਆ ਘੇਰਾ ਵਧਾ ਦਿੱਤਾ ਗਿਆ ਹੈ ਅਤੇ ਚੈਕਿੰਗ ਅਭਿਆਨ ਤੇਜ਼ ਕਰ ਦਿੱਤਾ ਗਿਆ ਹੈ।
Get all latest content delivered to your email a few times a month.