ਤਾਜਾ ਖਬਰਾਂ
ਹਿਮਾਚਲ ਪ੍ਰਦੇਸ਼ ਦੇ ਚੰਬਾ ਜ਼ਿਲ੍ਹੇ ਵਿੱਚ ਚੱਲ ਰਹੀ ਮਣੀਮਹੇਸ਼ ਯਾਤਰਾ ਦੌਰਾਨ ਬੁੱਧਵਾਰ ਤੜਕੇ ਇੱਕ ਦਰਦਨਾਕ ਹਾਦਸਾ ਵਾਪਰਨ ਦੀ ਖ਼ਬਰ ਹੈ। ਮੈਹਲਾ ਖੇਤਰ ਦੇ ਨੇੜੇ ਭਰਮੌਰ ਵੱਲ ਜਾ ਰਹੀ ਸ਼ਰਧਾਲੂਆਂ ਦੀ ਗੱਡੀ 'ਤੇ ਪਹਾੜੀ ਤੋਂ ਇੱਕ ਭਾਰੀ ਚੱਟਾਨ ਆ ਡਿੱਗੀ। ਪੱਥਰ ਇੰਨੀ ਤੇਜ਼ ਰਫ਼ਤਾਰ ਨਾਲ ਆਇਆ ਕਿ ਉਹ ਵਾਹਨ ਦੀ ਸਨਰੂਫ਼ (Sunroof) ਨੂੰ ਚੀਰਦਾ ਹੋਇਆ ਸਿੱਧਾ ਅੰਦਰ ਬੈਠੇ ਸ਼ਰਧਾਲੂ 'ਤੇ ਜਾ ਡਿੱਗਿਆ, ਜਿਸ ਕਾਰਨ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ।
ਪੁਲਿਸ ਤੋਂ ਮਿਲੀ ਜਾਣਕਾਰੀ ਅਨੁਸਾਰ ਇਹ ਘਟਨਾ ਤੜਕੇ ਕਰੀਬ 3 ਵਜੇ ਵਾਪਰੀ, ਜਦੋਂ ਪੰਜਾਬ ਤੋਂ ਆਏ ਸ਼ਰਧਾਲੂਆਂ ਦਾ ਜੱਥਾ ਭਰਮੌਰ ਵੱਲ ਵੱਧ ਰਿਹਾ ਸੀ। ਹਾਦਸੇ 'ਚ ਜਾਨ ਗਵਾਉਣ ਵਾਲੇ ਸ਼ਰਧਾਲੂ ਦੀ ਪਛਾਣ ਮੱਖਣ ਸਿੰਘ (40) ਪੁੱਤਰ ਸ਼ਰਵਨ ਸਿੰਘ, ਵਾਸੀ ਹੁਸ਼ਿਆਰਪੁਰ (ਪੰਜਾਬ) ਵਜੋਂ ਹੋਈ ਹੈ। ਅਚਾਨਕ ਹੋਏ ਇਸ ਚੱਟਾਨੀ ਹਮਲੇ ਕਾਰਨ ਵਾਹਨ 'ਚ ਸਵਾਰ ਹੋਰਨਾਂ ਸ਼ਰਧਾਲੂਆਂ 'ਚ ਹੜਕੰਪ ਮਚ ਗਿਆ। ਘਟਨਾ ਦੀ ਇਤਲਾਹ ਮਿਲਦਿਆਂ ਹੀ ਪੁਲਿਸ ਟੀਮ ਨੇ ਮੌਕੇ 'ਤੇ ਪਹੁੰਚ ਕੇ ਲਾਸ਼ ਨੂੰ ਕਬਜ਼ੇ 'ਚ ਲਿਆ ਅਤੇ ਪੋਸਟਮਾਰਟਮ ਲਈ ਚੰਬਾ ਮੈਡੀਕਲ ਕਾਲਜ ਭੇਜ ਦਿੱਤਾ।
ਜ਼ਿਲ੍ਹਾ ਪੁਲਿਸ ਸੁਪਰਡੈਂਟ (SP) ਵਿਜੇ ਸਕਲਾਨੀ ਨੇ ਹਾਦਸੇ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਪਹਾੜੀ ਇਲਾਕਿਆਂ 'ਚ ਲਗਾਤਾਰ ਪੈ ਰਹੇ ਮੀਂਹ ਕਾਰਨ ਜ਼ਮੀਨ ਖਿਸਕਣ (Landslide) ਅਤੇ ਪਹਾੜੀਆਂ ਤੋਂ ਚੱਟਾਨਾਂ ਡਿੱਗਣ ਦਾ ਖ਼ਤਰਾ ਬਹੁਤ ਵਧ ਗਿਆ ਹੈ।
ਪ੍ਰਸ਼ਾਸਨ ਨੇ ਮਣੀਮਹੇਸ਼ ਯਾਤਰਾ 'ਤੇ ਆ ਰਹੇ ਸਮੂਹ ਸ਼ਰਧਾਲੂਆਂ ਅਤੇ ਆਮ ਯਾਤਰੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਖ਼ਰਾਬ ਮੌਸਮ ਦੇ ਮੱਦੇਨਜ਼ਰ ਸਫ਼ਰ ਦੌਰਾਨ ਪੂਰੀ ਸਾਵਧਾਨੀ ਵਰਤਣ ਅਤੇ ਖ਼ਤਰਨਾਕ ਇਲਾਕਿਆਂ 'ਚੋਂ ਲੰਘਦਿਆਂ ਖ਼ਾਸ ਧਿਆਨ ਰੱਖਣ।
Get all latest content delivered to your email a few times a month.