IMG-LOGO
ਹੋਮ ਪੰਜਾਬ, ਰਾਸ਼ਟਰੀ, ਇੰਡੋਨੇਸ਼ੀਆ ਤੋਂ ਡਿਪੋਰਟ ਗੈਂਗਸਟਰ ਜੋਬਨਜੀਤ ਬਿੱਲਾ ਦਾ ਪੁਲਿਸ ਰਿਮਾਂਡ 6...

ਇੰਡੋਨੇਸ਼ੀਆ ਤੋਂ ਡਿਪੋਰਟ ਗੈਂਗਸਟਰ ਜੋਬਨਜੀਤ ਬਿੱਲਾ ਦਾ ਪੁਲਿਸ ਰਿਮਾਂਡ 6 ਦਿਨ ਹੋਰ ਵਧਿਆ, ਜਾਅਲੀ ਪਾਸਪੋਰਟ ਤੇ ਕਤਲ ਕੇਸ ਦੀ ਜਾਂਚ ਤੇਜ਼

Admin User - Aug 04, 2026 07:43 PM
IMG

ਇੰਡੋਨੇਸ਼ੀਆ ਤੋਂ ਡਿਪੋਰਟ ਕਰਕੇ ਭਾਰਤ ਲਿਆਂਦੇ ਗਏ ਗੈਂਗਸਟਰ ਜੋਬਨਜੀਤ ਸਿੰਘ ਉਰਫ਼ ਬਿੱਲਾ ਨੂੰ ਰਿਮਾਂਡ ਦੀ ਮਿਆਦ ਖ਼ਤਮ ਹੋਣ ਉਪਰੰਤ ਇੱਕ ਵਾਰ ਫਿਰ ਬਾਬਾ ਬਕਾਲਾ ਸਾਹਿਬ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਸੁਣਵਾਈ ਦੌਰਾਨ ਪੰਜਾਬ ਪੁਲਿਸ ਨੇ ਅਦਾਲਤ ਅੱਗੇ ਹੋਰ ਪੁੱਛਗਿੱਛ ਲਈ 8 ਦਿਨਾਂ ਦੇ ਪੁਲਿਸ ਰਿਮਾਂਡ ਦੀ ਮੰਗ ਕੀਤੀ। ਦੋਵਾਂ ਪੱਖਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਅਦਾਲਤ ਨੇ ਪੁਲਿਸ ਨੂੰ 6 ਦਿਨਾਂ ਦਾ ਹੋਰ ਰਿਮਾਂਡ ਮਨਜ਼ੂਰ ਕਰ ਦਿੱਤਾ। ਨਾਲ ਹੀ ਅਦਾਲਤ ਨੇ ਹੁਕਮ ਜਾਰੀ ਕੀਤਾ ਕਿ ਰਿਮਾਂਡ ਦੌਰਾਨ ਹਰ ਦੂਜੇ ਦਿਨ ਮੁਲਜ਼ਮ ਦਾ ਮੈਡੀਕਲ ਕਰਵਾਇਆ ਜਾਵੇ।

ਸੁਣਵਾਈ ਤੋਂ ਬਾਅਦ ਬਚਾਅ ਪੱਖ ਦੇ ਵਕੀਲ ਐਡਵੋਕੇਟ ਗੋਬਿੰਦ ਸਿੰਘ ਰੰਧਾਵਾ ਨੇ ਦੱਸਿਆ ਕਿ ਪੁਲਿਸ ਦਾ ਦਾਅਵਾ ਹੈ ਕਿ ਜੋਬਨਜੀਤ ਬਿੱਲਾ ਨੇ ਦੀਪੂ ਨਾਮ ਦੇ ਵਿਅਕਤੀ ਦੇ ਕਥਿਤ ਜਾਅਲੀ ਪਾਸਪੋਰਟ ਦੀ ਵਰਤੋਂ ਕਰਕੇ ਵਿਦੇਸ਼ ਯਾਤਰਾ ਕੀਤੀ ਸੀ। ਇਸ ਮਾਮਲੇ ਵਿੱਚ ਸ਼ਸ਼ੀਕਾਂਤ ਸਮੇਤ ਕੁਝ ਹੋਰ ਵਿਅਕਤੀਆਂ ਦੀ ਭੂਮਿਕਾ ਦੀ ਵੀ ਜਾਂਚ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ ਸਾਲ 2023 ਵਿੱਚ ਥਾਣਾ ਬਿਆਸ ਵਿੱਚ ਦਰਜ ਕਤਲ ਮਾਮਲੇ ਵਿੱਚ ਨਾਮਜ਼ਦ ਫ਼ਰਾਰ ਮੁਲਜ਼ਮ ਵਿੱਕੀ ਦੀ ਭਾਲ ਅਤੇ ਉਸ ਨਾਲ ਜੁੜੀ ਜਾਂਚ ਵੀ ਹਾਲੇ ਬਾਕੀ ਹੈ।

ਵਕੀਲ ਨੇ ਦੱਸਿਆ ਕਿ ਪੁਲਿਸ ਨੇ 8 ਦਿਨਾਂ ਦਾ ਰਿਮਾਂਡ ਮੰਗਿਆ ਸੀ, ਪਰ ਅਦਾਲਤ ਨੇ ਸਿਰਫ਼ 6 ਦਿਨਾਂ ਦਾ ਰਿਮਾਂਡ ਹੀ ਦਿੱਤਾ। ਬਚਾਅ ਪੱਖ ਦਾ ਕਹਿਣਾ ਹੈ ਕਿ ਪਹਿਲੇ ਰਿਮਾਂਡ ਦੌਰਾਨ ਪੁਲਿਸ ਨੂੰ ਨਾ ਕੋਈ ਨਵੀਂ ਰਿਕਵਰੀ ਮਿਲੀ ਅਤੇ ਨਾ ਹੀ ਕੋਈ ਅਹਿਮ ਸਬੂਤ ਹੱਥ ਲੱਗਾ। ਉਨ੍ਹਾਂ ਇਹ ਵੀ ਦੱਸਿਆ ਕਿ ਇਸ ਮਾਮਲੇ ਵਿੱਚ ਪਹਿਲਾਂ ਗ੍ਰਿਫ਼ਤਾਰ ਹੋਏ ਹੋਰ ਮੁਲਜ਼ਮਾਂ ਖ਼ਿਲਾਫ਼ ਚਲਾਨ ਪਹਿਲਾਂ ਹੀ ਅਦਾਲਤ ਵਿੱਚ ਪੇਸ਼ ਕੀਤਾ ਜਾ ਚੁੱਕਾ ਹੈ।

ਦੂਜੇ ਪਾਸੇ, ਪੰਜਾਬ ਪੁਲਿਸ ਦਾ ਕਹਿਣਾ ਹੈ ਕਿ ਜੋਬਨਜੀਤ ਬਿੱਲਾ ਦਾ ਨਾਮ ਜਰਨੈਲ ਸਿੰਘ ਕਤਲ ਕਾਂਡ ਵਿੱਚ ਸਾਹਮਣੇ ਆਇਆ ਸੀ ਅਤੇ ਹੁਣ ਉਸ ਨਾਲ ਜੁੜੇ ਹੋਰ ਫ਼ਰਾਰ ਮੁਲਜ਼ਮਾਂ, ਸਾਥੀਆਂ ਅਤੇ ਨੈੱਟਵਰਕ ਦੀ ਗਹਿਰਾਈ ਨਾਲ ਜਾਂਚ ਕੀਤੀ ਜਾ ਰਹੀ ਹੈ। ਪਾਸਪੋਰਟ ਨਾਲ ਸਬੰਧਤ ਕੇਸ ਉੱਤਰ ਪ੍ਰਦੇਸ਼ ਦੇ ਗੋਰਖਪੁਰ ਵਿੱਚ ਦਰਜ ਹੈ, ਜਿੱਥੇ ਜਾਂਚ ਜਾਰੀ ਹੈ। ਇਸ ਮਾਮਲੇ ਵਿੱਚ ਪਾਸਪੋਰਟ ਦੀ ਤਸਦੀਕ ਕਰਨ ਵਾਲੇ ਇੱਕ ਪੁਲਿਸ ਕਰਮਚਾਰੀ ਨੂੰ ਵੀ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ ਅਤੇ ਜਾਅਲੀ ਦਸਤਾਵੇਜ਼ਾਂ ਦੇ ਪੂਰੇ ਨੈੱਟਵਰਕ ਦੀ ਜਾਂਚ ਕੀਤੀ ਜਾ ਰਹੀ ਹੈ।

ਇਸ ਦੌਰਾਨ ਬਚਾਅ ਪੱਖ ਨੇ ਅਦਾਲਤ ਕੋਲ ਇਹ ਵੀ ਅਪੀਲ ਕੀਤੀ ਕਿ ਗੈਂਗਵਾਰ ਦੇ ਖ਼ਤਰੇ ਨੂੰ ਦੇਖਦੇ ਹੋਏ ਜੋਬਨਜੀਤ ਬਿੱਲਾ ਦੀ ਜਾਨ ਨੂੰ ਖ਼ਤਰਾ ਹੈ। ਇਸ ਲਈ ਪੁਲਿਸ ਹਿਰਾਸਤ ਅਤੇ ਅਦਾਲਤੀ ਪੇਸ਼ੀਆਂ ਦੌਰਾਨ ਉਸ ਨੂੰ ਸਖ਼ਤ ਸੁਰੱਖਿਆ ਮੁਹੱਈਆ ਕਰਵਾਉਣ ਦੇ ਹੁਕਮ ਜਾਰੀ ਕੀਤੇ ਜਾਣ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.