IMG-LOGO
ਹੋਮ ਪੰਜਾਬ: ਪੰਥਕ ਮਾਮਲਿਆਂ 'ਚ ਦਖ਼ਲ ਬਰਦਾਸ਼ਤ ਨਹੀਂ, ਲੋੜ ਪਈ ਤਾਂ ਸ੍ਰੀ...

ਪੰਥਕ ਮਾਮਲਿਆਂ 'ਚ ਦਖ਼ਲ ਬਰਦਾਸ਼ਤ ਨਹੀਂ, ਲੋੜ ਪਈ ਤਾਂ ਸ੍ਰੀ ਅਕਾਲ ਤਖ਼ਤ ਸਾਹਿਬ ਕਰੇਗਾ ਕਾਰਵਾਈ: ਗਿਆਨੀ ਕੁਲਦੀਪ ਸਿੰਘ ਗੜਗੱਜ

Admin User - Aug 04, 2026 06:23 PM
IMG

ਬਠਿੰਡਾ ਤੋਂ ਸ਼ੁਰੂ ਹੋਏ ਮੀਰੀ-ਪੀਰੀ ਖਾਲਸਾ ਮਾਰਚ ਦੌਰਾਨ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਪੰਥਕ ਮਾਮਲਿਆਂ ਵਿੱਚ ਸਿਆਸੀ ਦਖ਼ਲਅੰਦਾਜ਼ੀ ਨੂੰ ਲੈ ਕੇ ਸਖ਼ਤ ਰੁਖ਼ ਅਪਣਾਉਂਦਿਆਂ ਸਪੱਸ਼ਟ ਕੀਤਾ ਕਿ ਜੇ ਕੋਈ ਵਿਅਕਤੀ ਜਾਂ ਧਿਰ ਪੰਥ ਦੇ ਅੰਦਰੂਨੀ ਮਾਮਲਿਆਂ, ਗੁਰੂ ਘਰ ਦੀ ਮਰਯਾਦਾ ਜਾਂ ਸਿੱਖ ਸੰਸਥਾਵਾਂ ਵਿੱਚ ਦਖ਼ਲ ਦੇਣ ਦੀ ਕੋਸ਼ਿਸ਼ ਕਰੇਗੀ ਤਾਂ ਸ੍ਰੀ ਅਕਾਲ ਤਖ਼ਤ ਸਾਹਿਬ ਆਪਣੀ ਪਰੰਪਰਾ ਅਤੇ ਜ਼ਿੰਮੇਵਾਰੀ ਅਨੁਸਾਰ ਬੋਲੇਗਾ ਵੀ, ਸਬੰਧਤ ਵਿਅਕਤੀਆਂ ਨੂੰ ਤਲਬ ਵੀ ਕਰੇਗਾ ਅਤੇ ਜੇ ਉਹ ਆਪਣੇ ਕੀਤੇ ਵਾਅਦਿਆਂ ਤੋਂ ਮੁਕਰਣਗੇ ਤਾਂ ਪੰਥਕ ਰਵਾਇਤਾਂ ਮੁਤਾਬਕ ਕਾਰਵਾਈ ਵੀ ਕੀਤੀ ਜਾਵੇਗੀ।

ਉਨ੍ਹਾਂ ਕਿਹਾ ਕਿ "ਗੁਰੂ ਦੀ ਸੰਗਤ" ਸਿੱਖ ਧਰਮ ਦਾ ਪਵਿੱਤਰ ਅਤੇ ਰੂਹਾਨੀ ਸੰਕਲਪ ਹੈ, ਜਿਸਦੀ ਤੁਲਨਾ ਕਿਸੇ ਵੀ ਰਾਜਨੀਤਿਕ ਪਾਰਟੀ ਦੇ ਇਕੱਠ ਜਾਂ ਸਮਰਥਕਾਂ ਨਾਲ ਕਰਨਾ ਗੁਰਮਤਿ ਸਿਧਾਂਤਾਂ ਦੀ ਅਣਦੇਖੀ ਕਰਨ ਦੇ ਬਰਾਬਰ ਹੈ। ਉਨ੍ਹਾਂ ਦੋਸ਼ ਲਾਇਆ ਕਿ ਕੁਝ ਸਿਆਸੀ ਆਗੂ ਲੰਬੇ ਸਮੇਂ ਤੋਂ ਪੰਥਕ ਮਾਮਲਿਆਂ ਵਿੱਚ ਦਖ਼ਲਅੰਦਾਜ਼ੀ ਕਰ ਰਹੇ ਹਨ ਅਤੇ ਹੁਣ ਗੁਰੂ ਦੀ ਸੰਗਤ ਵਰਗੇ ਪਵਿੱਤਰ ਸ਼ਬਦ ਨੂੰ ਵੀ ਰਾਜਨੀਤਿਕ ਮਕਸਦਾਂ ਲਈ ਵਰਤਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਜੋ ਚਿੰਤਾਜਨਕ ਹੈ।

ਜਥੇਦਾਰ ਗੜਗੱਜ ਨੇ ਕਿਹਾ ਕਿ ਹਰ ਸੰਸਥਾ ਅਤੇ ਹਰ ਅਹੁਦੇ ਦੀ ਆਪਣੀ ਮਰਯਾਦਾ ਹੁੰਦੀ ਹੈ। ਸਿਆਸੀ ਆਗੂਆਂ ਨੂੰ ਆਪਣੇ ਸੰਵਿਧਾਨਕ ਫ਼ਰਜ਼ ਨਿਭਾਉਣੇ ਚਾਹੀਦੇ ਹਨ, ਜਦਕਿ ਪੰਥਕ ਮਾਮਲਿਆਂ ਬਾਰੇ ਫ਼ੈਸਲੇ ਕਰਨ ਦਾ ਅਧਿਕਾਰ ਕੇਵਲ ਸ੍ਰੀ ਅਕਾਲ ਤਖ਼ਤ ਸਾਹਿਬ ਕੋਲ ਹੈ। ਉਨ੍ਹਾਂ ਕਿਹਾ ਕਿ ਸ੍ਰੀ ਅਕਾਲ ਤਖ਼ਤ ਆਪਣੀ ਜ਼ਿੰਮੇਵਾਰੀ ਨਿਭਾਉਣੀ ਭਲੀਭਾਂਤ ਜਾਣਦਾ ਹੈ ਅਤੇ ਕਿਸੇ ਵੀ ਦਖ਼ਲਅੰਦਾਜ਼ੀ ਨੂੰ ਸਵੀਕਾਰ ਨਹੀਂ ਕੀਤਾ ਜਾਵੇਗਾ।

ਬੇਅਦਬੀ ਨਾਲ ਸਬੰਧਤ ਕਾਨੂੰਨ ਬਾਰੇ ਵੀ ਉਨ੍ਹਾਂ ਕਿਹਾ ਕਿ ਪੰਥ ਦਾ ਸਪੱਸ਼ਟ ਮਤ ਹੈ ਕਿ ਜਿਨ੍ਹਾਂ ਇਤਰਾਜ਼ਯੋਗ ਮਦਾਂ ਅਤੇ ਸੋਧਾਂ ਨੂੰ ਹਟਾਉਣ ਦੀ ਮੰਗ ਕੀਤੀ ਗਈ ਹੈ, ਉਹ ਪਹਿਲਾਂ ਹਟਾਈਆਂ ਜਾਣ। ਉਨ੍ਹਾਂ ਕਿਹਾ ਕਿ ਜਦੋਂ ਤੱਕ ਇਹ ਸੋਧਾਂ ਨਹੀਂ ਕੀਤੀਆਂ ਜਾਂਦੀਆਂ, ਉਦੋਂ ਤੱਕ ਅਜਿਹਾ ਕਾਨੂੰਨ ਸਿੱਖ ਕੌਮ ਲਈ ਪ੍ਰਵਾਨਯੋਗ ਨਹੀਂ ਹੋ ਸਕਦਾ।

ਉਨ੍ਹਾਂ ਹਾਲ ਹੀ ਵਿੱਚ ਨਗਰ ਕੀਰਤਨ ਅਤੇ ਹੋਰ ਪੰਥਕ ਪਰੰਪਰਾਵਾਂ ਬਾਰੇ ਕੀਤੀਆਂ ਕੁਝ ਟਿੱਪਣੀਆਂ 'ਤੇ ਵੀ ਨਾਰਾਜ਼ਗੀ ਜ਼ਾਹਰ ਕਰਦਿਆਂ ਕਿਹਾ ਕਿ ਇਹ ਉਹੀ ਸੋਚ ਹੈ ਜੋ ਪਹਿਲਾਂ ਵੀ ਗੁਰੂ ਘਰ ਦੀਆਂ ਪਵਿੱਤਰ ਨਿਸ਼ਾਨੀਆਂ ਅਤੇ ਇਤਿਹਾਸਕ ਅਸਥਾਨਾਂ ਪ੍ਰਤੀ ਪ੍ਰਗਟ ਹੋ ਚੁੱਕੀ ਹੈ। ਸਿੱਖ ਕੌਮ ਅਜਿਹੀ ਸੋਚ ਨੂੰ ਕਦੇ ਵੀ ਬਰਦਾਸ਼ਤ ਨਹੀਂ ਕਰੇਗੀ। ਉਨ੍ਹਾਂ ਹਰ ਸਿੱਖ ਨੂੰ ਅਪੀਲ ਕੀਤੀ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਦੀ ਪੂਰੀ ਮਰਯਾਦਾ ਅਤੇ ਸਤਿਕਾਰ ਨੂੰ ਕਾਇਮ ਰੱਖਿਆ ਜਾਵੇ ਅਤੇ ਜੇ ਘਰ ਵਿੱਚ ਮਰਯਾਦਾ ਅਨੁਸਾਰ ਸੇਵਾ ਸੰਭਵ ਨਾ ਹੋਵੇ ਤਾਂ ਪਾਵਨ ਸਰੂਪ ਨੂੰ ਸਤਿਕਾਰ ਸਹਿਤ ਗੁਰਦੁਆਰਾ ਸਾਹਿਬ ਵਿਖੇ ਸੁਪੁਰਦ ਕੀਤਾ ਜਾਵੇ।

ਇਸ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਵੀ ਕਿਹਾ ਕਿ ਮੀਰੀ-ਪੀਰੀ ਖਾਲਸਾ ਮਾਰਚ ਦਾ ਮੂਲ ਮਕਸਦ ਗੁਰੂ ਸਾਹਿਬ ਦੇ ਸਿਧਾਂਤਾਂ ਅਤੇ ਗੁਰਮਤਿ ਦੇ ਸੰਦੇਸ਼ ਨੂੰ ਸੰਗਤ ਤੱਕ ਪਹੁੰਚਾਉਣਾ ਹੈ, ਨਾ ਕਿ ਕੋਈ ਰਾਜਨੀਤਿਕ ਮਨੋਰਥ। ਉਨ੍ਹਾਂ ਕਿਹਾ ਕਿ ਸਿੱਖ ਪਰੰਪਰਾ ਵਿੱਚ "ਸੰਗਤ" ਸ਼ਬਦ ਦਾ ਵਿਸ਼ੇਸ਼ ਧਾਰਮਿਕ ਮਹੱਤਵ ਹੈ ਅਤੇ ਇਸਨੂੰ ਰਾਜਨੀਤਿਕ ਇਕੱਠਾਂ ਨਾਲ ਜੋੜਨਾ ਕਦੇ ਵੀ ਪ੍ਰਵਾਨ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਕੌਮ ਨੂੰ ਅਜਿਹੀ ਮਾਨਸਿਕਤਾ ਵਾਲੇ ਲੋਕਾਂ ਤੋਂ ਸੁਚੇਤ ਰਹਿਣ ਦੀ ਅਪੀਲ ਕੀਤੀ ਅਤੇ ਕਿਹਾ ਕਿ ਪੰਥਕ ਫ਼ੈਸਲਿਆਂ ਦਾ ਅਧਿਕਾਰ ਸਿਰਫ਼ ਸ੍ਰੀ ਅਕਾਲ ਤਖ਼ਤ ਸਾਹਿਬ ਕੋਲ ਹੈ।

ਬਠਿੰਡਾ ਦੇ ਗੁਰਦੁਆਰਾ ਹਾਜੀਰਤਨ ਸਾਹਿਬ ਤੋਂ ਮੀਰੀ-ਪੀਰੀ ਖਾਲਸਾ ਮਾਰਚ ਦੀ ਰਵਾਨਗੀ ਤੋਂ ਪਹਿਲਾਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਗ੍ਰੰਥੀ ਗਿਆਨੀ ਕੇਵਲ ਸਿੰਘ ਨੇ ਸੰਗਤਾਂ ਨੂੰ ਕਥਾ ਰਾਹੀਂ ਗੁਰਮਤਿ ਦਾ ਸੰਦੇਸ਼ ਦਿੱਤਾ, ਜਦਕਿ ਭਾਈ ਸਰਬਜੀਤ ਸਿੰਘ ਢੋਟੀਆਂ ਨੇ ਸਿੱਖ ਇਤਿਹਾਸ ਬਾਰੇ ਵਿਚਾਰ ਸਾਂਝੇ ਕੀਤੇ। ਅਰਦਾਸ ਉਪਰੰਤ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਦੀ ਅਗਵਾਈ ਹੇਠ ਮਾਰਚ ਰਵਾਨਾ ਹੋਇਆ। ਵੱਖ-ਵੱਖ ਪੜਾਵਾਂ 'ਤੇ ਸੰਗਤਾਂ ਨੇ ਮਾਰਚ ਦਾ ਭਰਵਾਂ ਸਵਾਗਤ ਕੀਤਾ ਅਤੇ ਲਗਾਤਾਰ ਪੈ ਰਹੇ ਮੀਂਹ ਤੇ ਖੜ੍ਹੇ ਪਾਣੀ ਦੇ ਬਾਵਜੂਦ ਵੱਡੀ ਗਿਣਤੀ ਵਿੱਚ ਸ਼ਰਧਾਲੂਆਂ ਨੇ ਸ਼ਮੂਲੀਅਤ ਕਰਕੇ ਗੁਰੂ ਸਾਹਿਬ ਪ੍ਰਤੀ ਆਪਣੀ ਅਟੁੱਟ ਸ਼ਰਧਾ ਦਾ ਪ੍ਰਗਟਾਵਾ ਕੀਤਾ। ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਅਹੁਦੇਦਾਰਾਂ, ਸੀਨੀਅਰ ਅਕਾਲੀ ਆਗੂਆਂ, ਧਾਰਮਿਕ ਸ਼ਖ਼ਸੀਅਤਾਂ ਅਤੇ ਵੱਡੀ ਗਿਣਤੀ ਵਿੱਚ ਸੰਗਤਾਂ ਵੀ ਹਾਜ਼ਰ ਰਹੀਆਂ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.