IMG-LOGO
ਹੋਮ ਪੰਜਾਬ: ਫਿਰੋਜ਼ਪੁਰ 'ਚ ਦਰਦਨਾਕ ਸੜਕ ਹਾਦਸਾ: ਟਰਾਲੇ ਤੋਂ ਡਿੱਗੇ ਗਾਡਰਾਂ ਦੀ...

ਫਿਰੋਜ਼ਪੁਰ 'ਚ ਦਰਦਨਾਕ ਸੜਕ ਹਾਦਸਾ: ਟਰਾਲੇ ਤੋਂ ਡਿੱਗੇ ਗਾਡਰਾਂ ਦੀ ਲਪੇਟ 'ਚ ਆਏ ਮਾਂ-ਪੁੱਤਰ, ਦੋਵਾਂ ਦੀ ਮੌਤ

Admin User - Aug 04, 2026 08:03 PM
IMG

ਫਿਰੋਜ਼ਪੁਰ ਜ਼ਿਲ੍ਹੇ ਦੇ ਬਲਾਕ ਮੱਖੂ ਅਧੀਨ ਪੈਂਦੇ ਪਿੰਡ ਵਰਪਾਲ ਵਿੱਚ ਇੱਕ ਬਹੁਤ ਹੀ ਦਰਦਨਾਕ ਸੜਕ ਹਾਦਸਾ ਵਾਪਰਿਆ, ਜਿਸ ਵਿੱਚ ਮਾਂ ਅਤੇ ਪੁੱਤਰ ਦੀ ਜਾਨ ਚਲੀ ਗਈ। ਇਸ ਦੁਖਦਾਈ ਘਟਨਾ ਤੋਂ ਬਾਅਦ ਪੂਰੇ ਇਲਾਕੇ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ।

ਮਿਲੀ ਜਾਣਕਾਰੀ ਅਨੁਸਾਰ ਪਰਮਜੀਤ ਕੌਰ (55), ਪਤਨੀ ਤਰਸੇਮ ਸਿੰਘ, ਆਪਣੇ 29 ਸਾਲਾ ਪੁੱਤਰ ਕੁਲਵੰਤ ਸਿੰਘ ਨਾਲ ਸਾਈਕਲ 'ਤੇ ਸਵਾਰ ਹੋ ਕੇ ਕਿਸੇ ਰਿਸ਼ਤੇਦਾਰ ਦੇ ਘਰ ਜਾ ਰਹੇ ਸਨ। ਜਦੋਂ ਉਹ ਵਰਪਾਲ ਤੋਂ ਮੱਲਾਂਵਾਲਾ ਰੋਡ 'ਤੇ ਸਥਿਤ ਫਿਰੋਜ਼ਪੁਰ ਫੀਡਰ ਨਹਿਰ ਦੇ ਪੁੱਲ ਨੇੜੇ ਪਹੁੰਚੇ ਤਾਂ ਅੱਗੇ ਜਾ ਰਹੇ ਗਾਡਰਾਂ ਨਾਲ ਲੱਦੇ ਇੱਕ ਟਰਾਲੇ ਵਿੱਚੋਂ ਅਚਾਨਕ ਗਾਡਰ ਹੇਠਾਂ ਡਿੱਗ ਪਏ। ਇਹ ਗਾਡਰ ਸਿੱਧੇ ਸਾਈਕਲ ਸਵਾਰ ਮਾਂ-ਪੁੱਤਰ ਨਾਲ ਟਕਰਾ ਗਏ, ਜਿਸ ਕਾਰਨ ਦੋਵੇਂ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਏ।

ਹਾਦਸਾ ਇੰਨਾ ਭਿਆਨਕ ਸੀ ਕਿ ਪਰਮਜੀਤ ਕੌਰ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦਕਿ ਗੰਭੀਰ ਜ਼ਖ਼ਮੀ ਕੁਲਵੰਤ ਸਿੰਘ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਗਿਆ। ਡਾਕਟਰਾਂ ਵੱਲੋਂ ਪੂਰੀ ਕੋਸ਼ਿਸ਼ ਕੀਤੀ ਗਈ, ਪਰ ਉਸ ਨੇ ਵੀ ਇਲਾਜ ਦੌਰਾਨ ਦਮ ਤੋੜ ਦਿੱਤਾ।

ਇਸ ਹਾਦਸੇ ਤੋਂ ਬਾਅਦ ਪਰਿਵਾਰ 'ਤੇ ਦੁੱਖਾਂ ਦਾ ਪਹਾੜ ਟੁੱਟ ਪਿਆ ਹੈ, ਜਦਕਿ ਪਿੰਡ ਅਤੇ ਆਲੇ-ਦੁਆਲੇ ਦੇ ਇਲਾਕੇ ਵਿੱਚ ਸੋਗ ਦਾ ਮਾਹੌਲ ਬਣ ਗਿਆ ਹੈ। ਸਥਾਨਕ ਲੋਕਾਂ ਨੇ ਇਸ ਘਟਨਾ ਲਈ ਜ਼ਿੰਮੇਵਾਰ ਵਿਅਕਤੀਆਂ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕਰਨ ਦੀ ਮੰਗ ਕੀਤੀ ਹੈ।

ਉੱਧਰ, ਸੂਚਨਾ ਮਿਲਣ 'ਤੇ ਪੁਲਿਸ ਮੌਕੇ 'ਤੇ ਪਹੁੰਚ ਗਈ ਅਤੇ ਘਟਨਾ ਸਬੰਧੀ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਵੱਲੋਂ ਹਾਦਸੇ ਦੇ ਕਾਰਨਾਂ ਅਤੇ ਟਰਾਲੇ ਦੀ ਲਾਪਰਵਾਹੀ ਦੀ ਹਰ ਪੱਖ ਤੋਂ ਪੜਤਾਲ ਕੀਤੀ ਜਾ ਰਹੀ ਹੈ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.