IMG-LOGO
ਹੋਮ ਪੰਜਾਬ: ਤਿਓਹਾਰਾਂ ਤੋਂ ਪਹਿਲਾਂ ਲੁਧਿਆਣਾ ‘ਚ ਮਿਲਾਵਟਖੋਰੀ ‘ਤੇ ਵੱਡੀ ਕਾਰਵਾਈ, 3000...

ਤਿਓਹਾਰਾਂ ਤੋਂ ਪਹਿਲਾਂ ਲੁਧਿਆਣਾ ‘ਚ ਮਿਲਾਵਟਖੋਰੀ ‘ਤੇ ਵੱਡੀ ਕਾਰਵਾਈ, 3000 ਲੀਟਰ ਸ਼ੱਕੀ ਦੇਸੀ ਘਿਓ ਜ਼ਬਤ; ਸੈਂਪਲ ਜਾਂਚ ਲਈ ਲੈਬ ਭੇਜੇ

Admin User - Aug 04, 2026 04:59 PM
IMG

ਤਿਓਹਾਰੀ ਸੀਜ਼ਨ ਦੇ ਮੱਦੇਨਜ਼ਰ ਲੋਕਾਂ ਤੱਕ ਖ਼ਾਲਿਸ ਖਾਣ-ਪੀਣ ਵਾਲੀਆਂ ਵਸਤੂਆਂ ਦੀ ਪਹੁੰਚ ਯਕੀਨੀ ਬਣਾਉਣ ਲਈ ਲੁਧਿਆਣਾ ਦੇ ਸਿਹਤ ਵਿਭਾਗ ਨੇ ਮਿਲਾਵਟਖੋਰੀ ਵਿਰੁੱਧ ਵੱਡੀ ਕਾਰਵਾਈ ਕੀਤੀ ਹੈ। ਵਿਭਾਗ ਦੀ ਟੀਮ ਨੇ ਗੁਪਤ ਜਾਣਕਾਰੀ ਦੇ ਆਧਾਰ ‘ਤੇ ਕੇ.ਵੀ.ਐਮ. ਸਕੂਲ ਨੇੜੇ ਸਥਿਤ ਇੱਕ ਗੋਦਾਮ ‘ਤੇ ਛਾਪੇਮਾਰੀ ਕਰਦਿਆਂ ਕਰੀਬ 3000 ਲੀਟਰ ਸ਼ੱਕੀ ਦੇਸੀ ਘਿਓ ਜ਼ਬਤ ਕੀਤਾ। ਕਾਰਵਾਈ ਦੌਰਾਨ ਅਧਿਕਾਰੀਆਂ ਨੇ ਘਿਓ ਦੇ ਵੱਖ-ਵੱਖ ਡੱਬਿਆਂ ਵਿੱਚੋਂ ਸੈਂਪਲ ਇਕੱਠੇ ਕਰਕੇ ਜਾਂਚ ਲਈ ਸਰਕਾਰੀ ਲੈਬੋਰਟਰੀ ਭੇਜ ਦਿੱਤੇ ਹਨ।

ਜ਼ਿਲ੍ਹਾ ਸਿਹਤ ਅਫ਼ਸਰ (ਡੀ.ਐਚ.ਓ.) ਡਾ. ਆਸ਼ੀਸ਼ ਚਾਵਲਾ ਨੇ ਦੱਸਿਆ ਕਿ ਵਿਭਾਗ ਨੂੰ ਮਿਲੀ ਭਰੋਸੇਯੋਗ ਸੂਚਨਾ ਦੇ ਆਧਾਰ ‘ਤੇ ਇਹ ਛਾਪਾ ਮਾਰਿਆ ਗਿਆ। ਮੁੱਢਲੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਇਹ ਦੇਸੀ ਘਿਓ ਗੁਜਰਾਤ ਦੇ ਅਹਿਮਦਾਬਾਦ ਤੋਂ ਘੱਟ ਕੀਮਤ ‘ਤੇ ਖਰੀਦ ਕੇ ਲਿਆਂਦਾ ਗਿਆ ਸੀ ਅਤੇ ਤਿਓਹਾਰਾਂ ਦੌਰਾਨ ਇਸ ਨੂੰ ਸਸਤੇ ਰੇਟਾਂ ‘ਤੇ ਬਾਜ਼ਾਰ ਵਿੱਚ ਵੇਚਣ ਦੀ ਤਿਆਰੀ ਕੀਤੀ ਜਾ ਰਹੀ ਸੀ। ਵਿਭਾਗ ਨੂੰ ਸ਼ੱਕ ਹੈ ਕਿ ਜੇਕਰ ਇਹ ਉਤਪਾਦ ਬਿਨਾਂ ਜਾਂਚ ਦੇ ਬਾਜ਼ਾਰ ਵਿੱਚ ਪਹੁੰਚਦਾ ਤਾਂ ਲੋਕਾਂ ਦੀ ਸਿਹਤ ਲਈ ਗੰਭੀਰ ਖ਼ਤਰਾ ਬਣ ਸਕਦਾ ਸੀ।

ਸਿਹਤ ਵਿਭਾਗ ਨੇ ਫਿਲਹਾਲ ਸਾਰਾ ਸ਼ੱਕੀ ਦੇਸੀ ਘਿਓ ਆਪਣੇ ਕਬਜ਼ੇ ਵਿੱਚ ਲੈ ਕੇ ਸੈਂਪਲਿੰਗ ਦੀ ਕਾਰਵਾਈ ਪੂਰੀ ਕਰ ਲਈ ਹੈ। ਡਾ. ਚਾਵਲਾ ਨੇ ਕਿਹਾ ਕਿ ਲੈਬ ਤੋਂ ਰਿਪੋਰਟ ਆਉਣ ਮਗਰੋਂ ਹੀ ਇਹ ਸਪੱਸ਼ਟ ਹੋਵੇਗਾ ਕਿ ਘਿਓ ਮਿਆਰੀ ਹੈ ਜਾਂ ਮਿਲਾਵਟੀ। ਜੇਕਰ ਜਾਂਚ ਵਿੱਚ ਮਿਲਾਵਟ ਦੀ ਪੁਸ਼ਟੀ ਹੁੰਦੀ ਹੈ ਤਾਂ ਸਬੰਧਤ ਵਿਅਕਤੀਆਂ ਖ਼ਿਲਾਫ਼ ਫੂਡ ਸੇਫਟੀ ਐਂਡ ਸਟੈਂਡਰਡਜ਼ ਐਕਟ ਤਹਿਤ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

ਉਨ੍ਹਾਂ ਇਹ ਵੀ ਕਿਹਾ ਕਿ ਤਿਓਹਾਰਾਂ ਦੌਰਾਨ ਮਿਲਾਵਟੀ ਖਾਣ-ਪੀਣ ਵਾਲੀਆਂ ਵਸਤੂਆਂ ਦੀ ਵਿਕਰੀ ਰੋਕਣ ਲਈ ਸਿਹਤ ਵਿਭਾਗ ਵੱਲੋਂ ਅਜਿਹੀਆਂ ਚੈਕਿੰਗ ਮੁਹਿੰਮਾਂ ਲਗਾਤਾਰ ਜਾਰੀ ਰਹਿਣਗੀਆਂ ਅਤੇ ਲੋਕਾਂ ਦੀ ਸਿਹਤ ਨਾਲ ਕਿਸੇ ਵੀ ਤਰ੍ਹਾਂ ਦਾ ਸਮਝੌਤਾ ਨਹੀਂ ਕੀਤਾ ਜਾਵੇਗਾ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.