ਤਾਜਾ ਖਬਰਾਂ
ਪੰਜਾਬ ਵਿੱਚ ਮੌਨਸੂਨ ਇੱਕ ਵਾਰ ਫਿਰ ਸਰਗਰਮ ਹੋ ਗਿਆ ਹੈ ਅਤੇ ਮੌਸਮ ਵਿਭਾਗ ਨੇ ਆਉਣ ਵਾਲੇ ਦਿਨਾਂ ਲਈ ਸੂਬੇ ਦੇ ਕਈ ਜ਼ਿਲ੍ਹਿਆਂ ਵਿੱਚ ਤੇਜ਼ ਮੀਂਹ ਦੀ ਸੰਭਾਵਨਾ ਜਤਾਉਂਦੇ ਹੋਏ ਯੈਲੋ ਅਲਰਟ ਜਾਰੀ ਕੀਤਾ ਹੈ। ਮੌਸਮ ਮਾਹਿਰਾਂ ਦਾ ਕਹਿਣਾ ਹੈ ਕਿ ਇਸ ਬਾਰਿਸ਼ ਦਾ ਸਿੱਧਾ ਅਸਰ ਭਾਖੜਾ ਡੈਮ ਅਤੇ ਗੋਬਿੰਦ ਸਾਗਰ ਝੀਲ ਦੇ ਪਾਣੀ ਦੇ ਪੱਧਰ 'ਤੇ ਵੀ ਪੈ ਸਕਦਾ ਹੈ। ਹਾਲਾਂਕਿ ਇਸ ਵਾਰ ਮੌਨਸੂਨ ਦੌਰਾਨ ਲਗਾਤਾਰ ਮੀਂਹ ਦੀ ਬਜਾਏ ਰੁਕ-ਰੁਕ ਕੇ ਵਰਖਾ ਹੋ ਰਹੀ ਹੈ, ਜਿਸ ਕਾਰਨ ਜਲ ਭੰਡਾਰਾਂ ਵਿੱਚ ਪਾਣੀ ਦਾ ਪੱਧਰ ਹਾਲੇ ਤੱਕ ਚਿੰਤਾਜਨਕ ਸਥਿਤੀ ਵਿੱਚ ਨਹੀਂ ਪਹੁੰਚਿਆ।
ਪੰਜਾਬ ਖੇਤੀਬਾੜੀ ਯੂਨੀਵਰਸਿਟੀ (ਪੀਏਯੂ) ਲੁਧਿਆਣਾ ਦੇ ਮੌਸਮ ਵਿਭਾਗ ਦੀ ਮਾਹਿਰ ਡਾ. ਪਵਨੀਤ ਕੌਰ ਕਿੰਗਰਾ ਨੇ ਦੱਸਿਆ ਕਿ ਪਿਛਲੇ ਕੁਝ ਦਿਨਾਂ ਦੌਰਾਨ ਪੰਜਾਬ ਦੇ ਕਈ ਇਲਾਕਿਆਂ ਵਿੱਚ ਚੰਗੀ ਵਰਖਾ ਦਰਜ ਕੀਤੀ ਗਈ ਹੈ, ਜਿਸ ਨਾਲ ਤਾਪਮਾਨ ਵਿੱਚ ਕਾਫ਼ੀ ਗਿਰਾਵਟ ਆਈ ਹੈ ਅਤੇ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਹੈ। ਉਨ੍ਹਾਂ ਮੁਤਾਬਕ ਪਿਛਲੇ 24 ਘੰਟਿਆਂ ਵਿੱਚ ਔਸਤ 37 ਮਿਲੀਮੀਟਰ ਮੀਂਹ ਦਰਜ ਕੀਤਾ ਗਿਆ ਹੈ, ਜਦਕਿ ਅਗਲੇ ਕੁਝ ਦਿਨਾਂ ਵਿੱਚ ਵੀ ਸੂਬੇ ਦੇ ਵੱਖ-ਵੱਖ ਹਿੱਸਿਆਂ ਵਿੱਚ ਭਾਰੀ ਮੀਂਹ ਪੈਣ ਦੀ ਸੰਭਾਵਨਾ ਬਣੀ ਹੋਈ ਹੈ। ਇਹ ਬਾਰਿਸ਼ ਖੇਤੀਬਾੜੀ ਲਈ ਵੀ ਫਾਇਦੇਮੰਦ ਮੰਨੀ ਜਾ ਰਹੀ ਹੈ, ਖ਼ਾਸ ਕਰਕੇ ਝੋਨੇ ਅਤੇ ਹੋਰ ਖਰੀਫ਼ ਫਸਲਾਂ ਲਈ।
ਇਸੇ ਦੌਰਾਨ ਭਾਖੜਾ ਬਿਆਸ ਪ੍ਰਬੰਧਨ ਬੋਰਡ (BBMB) ਵੱਲੋਂ ਜਾਰੀ ਕੀਤੇ ਤਾਜ਼ਾ ਅੰਕੜਿਆਂ ਅਨੁਸਾਰ ਮੰਗਲਵਾਰ ਸਵੇਰੇ ਭਾਖੜਾ ਡੈਮ ਦਾ ਜਲ ਪੱਧਰ 1605.49 ਫੁੱਟ ਦਰਜ ਕੀਤਾ ਗਿਆ। ਡੈਮ ਵਿੱਚ 47,329 ਕਿਊਸਿਕ ਪਾਣੀ ਦੀ ਆਮਦ ਹੋ ਰਹੀ ਹੈ, ਜਦਕਿ 24,963 ਕਿਊਸਿਕ ਪਾਣੀ ਛੱਡਿਆ ਜਾ ਰਿਹਾ ਹੈ। ਨੰਗਲ ਡੈਮ ਤੋਂ ਨੰਗਲ ਹਾਈਡਲ ਨਹਿਰ ਵਿੱਚ 12,350 ਕਿਊਸਿਕ ਅਤੇ ਆਨੰਦਪੁਰ ਹਾਈਡਲ ਨਹਿਰ ਵਿੱਚ 10,150 ਕਿਊਸਿਕ ਪਾਣੀ ਛੱਡਿਆ ਜਾ ਰਿਹਾ ਹੈ। ਉੱਥੇ ਸਤਲੁਜ ਦਰਿਆ ਵਿੱਚ ਛੱਡੇ ਜਾ ਰਹੇ ਪਾਣੀ ਦੀ ਮਾਤਰਾ 3,350 ਕਿਊਸਿਕ ਤੋਂ ਘਟਾ ਕੇ 650 ਕਿਊਸਿਕ ਕਰ ਦਿੱਤੀ ਗਈ ਹੈ।
ਬੀਬੀਐਮਬੀ ਦੇ ਅਨੁਸਾਰ ਇਸ ਸਾਲ ਘੱਟ ਵਰਖਾ ਕਾਰਨ ਗੋਬਿੰਦ ਸਾਗਰ ਝੀਲ ਵਿੱਚ ਪਾਣੀ ਦੀ ਆਮਦ ਵੀ ਪਿਛਲੇ ਸਾਲ ਦੇ ਮੁਕਾਬਲੇ ਘੱਟ ਰਹੀ ਹੈ ਅਤੇ ਝੀਲ ਦਾ ਜਲ ਪੱਧਰ ਲਗਭਗ 26 ਫੁੱਟ ਹੇਠਾਂ ਹੈ। ਹਾਲਾਂਕਿ ਬਰਸਾਤੀ ਮੌਸਮ ਤੋਂ ਪਹਿਲਾਂ ਹੀ ਝੀਲ ਵਿੱਚ ਵਾਧੂ ਪਾਣੀ ਇਕੱਠਾ ਕਰਨ ਲਈ ਲੋੜੀਂਦੀ ਸਮਰੱਥਾ ਖਾਲੀ ਰੱਖੀ ਗਈ ਸੀ, ਤਾਂ ਜੋ ਪਹਾੜੀ ਇਲਾਕਿਆਂ ਤੋਂ ਆਉਣ ਵਾਲੇ ਬਰਸਾਤੀ ਪਾਣੀ ਨੂੰ ਸੁਰੱਖਿਅਤ ਢੰਗ ਨਾਲ ਸੰਭਾਲਿਆ ਜਾ ਸਕੇ।
ਮਾਹਿਰਾਂ ਦਾ ਮੰਨਣਾ ਹੈ ਕਿ ਜੇਕਰ ਅਗਲੇ ਕੁਝ ਹਫ਼ਤਿਆਂ ਦੌਰਾਨ ਮੀਂਹ ਦਾ ਇਹ ਸਿਲਸਿਲਾ ਜਾਰੀ ਰਿਹਾ ਤਾਂ ਗੋਬਿੰਦ ਸਾਗਰ ਝੀਲ ਦਾ ਜਲ ਪੱਧਰ ਹੌਲੀ-ਹੌਲੀ ਵਧ ਕੇ 1650 ਫੁੱਟ ਦੇ ਨੇੜੇ ਪਹੁੰਚ ਸਕਦਾ ਹੈ। ਇਹੀ ਪਾਣੀ ਸਾਲ ਭਰ ਪੰਜਾਬ, ਹਰਿਆਣਾ, ਰਾਜਸਥਾਨ ਅਤੇ ਹੋਰ ਸਹਿਯੋਗੀ ਰਾਜਾਂ ਨੂੰ ਸਿੰਚਾਈ ਅਤੇ ਬਿਜਲੀ ਉਤਪਾਦਨ ਲਈ ਉਪਲਬਧ ਕਰਵਾਉਣ ਵਿੱਚ ਅਹਿਮ ਭੂਮਿਕਾ ਨਿਭਾਉਂਦਾ ਹੈ। ਇਸ ਕਰਕੇ ਮੌਨਸੂਨ ਦੀ ਅਗਲੀ ਵਰਖਾ ਨਾ ਸਿਰਫ਼ ਕਿਸਾਨਾਂ ਲਈ, ਸਗੋਂ ਜਲ ਪ੍ਰਬੰਧਨ ਅਤੇ ਬਿਜਲੀ ਉਤਪਾਦਨ ਦੇ ਨਜ਼ਰੀਏ ਤੋਂ ਵੀ ਬਹੁਤ ਮਹੱਤਵਪੂਰਨ ਮੰਨੀ ਜਾ ਰਹੀ ਹੈ।
Get all latest content delivered to your email a few times a month.