ਤਾਜਾ ਖਬਰਾਂ
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ (ਸ੍ਰੀ ਦਰਬਾਰ ਸਾਹਿਬ) ਵਿਖੇ ਸੇਵਾ ਨਿਭਾ ਰਹੇ ਸੇਵਾਦਾਰਾਂ ਨੇ ਇੱਕ ਵਾਰ ਫਿਰ ਆਪਣੀ ਨਿਸ਼ਕਾਮ ਸੇਵਾ ਅਤੇ ਇਮਾਨਦਾਰੀ ਦੀ ਮਿਸਾਲ ਪੇਸ਼ ਕੀਤੀ ਹੈ। ਹਿਮਾਚਲ ਪ੍ਰਦੇਸ਼ ਤੋਂ ਦਰਸ਼ਨਾਂ ਲਈ ਆਏ ਇੱਕ ਸ਼ਰਧਾਲੂ ਪਰਿਵਾਰ ਦਾ ਪਰਕਰਮਾ 'ਚ ਗੁਆਚਿਆ ਬੈਗ, ਜਿਸ 'ਚ ਲੱਖਾਂ ਰੁਪਏ ਮੁੱਲ ਦੇ ਸੋਨੇ ਦੇ ਗਹਿਣੇ ਅਤੇ 25 ਹਜ਼ਾਰ ਰੁਪਏ ਨਕਦ ਸਨ, ਸੇਵਾਦਾਰਾਂ ਨੇ ਪੂਰੀ ਇਮਾਨਦਾਰੀ ਨਾਲ ਲੱਭ ਕੇ ਅਸਲ ਵਾਰਸਾਂ ਦੇ ਹਵਾਲੇ ਕਰ ਦਿੱਤਾ ਹੈ।
ਮਿਲੀ ਜਾਣਕਾਰੀ ਅਨੁਸਾਰ ਹਿਮਾਚਲ ਪ੍ਰਦੇਸ਼ ਤੋਂ ਆਇਆ ਪਰਿਵਾਰ ਜਦੋਂ ਪਰਕਰਮਾ ਵਿੱਚ ਨਤਮਸਤਕ ਹੋ ਰਿਹਾ ਸੀ ਤਾਂ ਅਚਾਨਕ ਉਨ੍ਹਾਂ ਦਾ ਕੀਮਤੀ ਸਮਾਨ ਨਾਲ ਭਰਿਆ ਬੈਗ ਗੁੰਮ ਹੋ ਗਿਆ। ਪਰਿਵਾਰ ਕਾਫ਼ੀ ਚਿੰਤਤ ਸੀ, ਪਰ ਇਸੇ ਦਰਮਿਆਨ ਡਿਊਟੀ 'ਤੇ ਤਾਇਨਾਤ ਸੇਵਾਦਾਰਾਂ ਨੂੰ ਇਹ ਲਾਵਾਰਿਸ ਬੈਗ ਮਿਲ ਗਿਆ।
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਦੇ ਸਕੱਤਰ ਬਲਵਿੰਦਰ ਸਿੰਘ ਕਾਹਲਵਾਂ ਨੇ ਦੱਸਿਆ ਕਿ ਬੈਗ ਮਿਲਦਿਆਂ ਹੀ ਉਸ ਨੂੰ ਸੀਸੀਟੀਵੀ (CCTV) ਕੰਟਰੋਲ ਰੂਮ ਲਿਆ ਕੇ ਜਾਂਚ ਕੀਤੀ ਗਈ। ਬੈਗ ਵਿੱਚੋਂ ਮਿਲੇ ਦਸਤਾਵੇਜ਼ਾਂ ਅਤੇ ਪਤੇ ਦੇ ਆਧਾਰ 'ਤੇ ਪਰਿਵਾਰ ਨਾਲ ਤੁਰੰਤ ਸੰਪਰਕ ਕੀਤਾ ਗਿਆ ਅਤੇ ਉਨ੍ਹਾਂ ਨੂੰ ਵਾਪਸ ਬੁਲਾਇਆ ਗਿਆ।
ਮੈਨੇਜਰ ਮੇਜਰ ਸਿੰਘ ਅਰਦਾਸੀਆ ਅਤੇ ਗੁਰਵਿੰਦਰ ਸਿੰਘ ਦੇਵੀਦਾਸਪੁਰ ਦੀ ਹਾਜ਼ਰੀ ਵਿੱਚ ਪੂਰੀ ਤਸੱਲੀ ਕਰਨ ਤੋਂ ਬਾਅਦ, ਸੰਗਤਾਂ ਦੇ ਸਾਹਮਣੇ ਉਹ ਬੈਗ ਅਤੇ ਸਾਰਾ ਸੋਨਾ-ਨਕਦੀ ਸ਼ਰਧਾਲੂ ਪਰਿਵਾਰ ਨੂੰ ਸੌਂਪ ਦਿੱਤੀ ਗਈ। ਆਪਣਾ ਗੁਆਚਿਆ ਸਮਾਨ ਸਹੀ-ਸਲਾਮਤ ਵਾਪਸ ਮਿਲਣ 'ਤੇ ਸ਼ਰਧਾਲੂ ਪਰਿਵਾਰ ਨੇ ਗੁਰੂ ਘਰ ਅਤੇ ਸੇਵਾਦਾਰਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ।
ਐੱਸ.ਜੀ.ਪੀ.ਸੀ. ਸਕੱਤਰ ਬਲਵਿੰਦਰ ਸਿੰਘ ਕਾਹਲਵਾਂ ਨੇ ਸੇਵਾਦਾਰਾਂ ਦੀ ਸਮਰਪਣ ਭਾਵਨਾ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਇੱਥੇ ਰੋਜ਼ਾਨਾ ਲੱਖਾਂ ਸੰਗਤਾਂ ਆਉਂਦੀਆਂ ਹਨ ਅਤੇ ਸੇਵਾਦਾਰ ਦਿਨ-ਰਾਤ ਪੂਰੀ ਜ਼ਿੰਮੇਵਾਰੀ ਨਾਲ ਡਿਊਟੀ ਨਿਭਾਉਂਦੇ ਹਨ।
Get all latest content delivered to your email a few times a month.