ਤਾਜਾ ਖਬਰਾਂ
ਪੰਜਾਬ ਕਾਂਗਰਸ ਅੰਦਰ ਚੱਲ ਰਹੀ ਸਿਆਸੀ ਖਿੱਚੋਤਾਣ ਅਤੇ ਗੁੱਟਬੰਦੀ ਦਰਮਿਆਨ ਸੂਬਾ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦਾ ਦਰਦ ਛਲਕ ਪਿਆ ਹੈ। 40 ਮੁਕਤਿਆਂ ਦੀ ਪਵਿੱਤਰ ਧਰਤੀ ਸ੍ਰੀ ਮੁਕਤਸਰ ਸਾਹਿਬ ਵਿਖੇ 'ਹਰ ਬੂਥ ਕਾਂਗਰਸ ਮਜ਼ਬੂਤ' ਅਭਿਆਨ ਤਹਿਤ ਪਹੁੰਚੇ ਵੜਿੰਗ ਇੱਕ ਸਮਾਰੋਹ ਨੂੰ ਸੰਬੋਧਨ ਕਰਦਿਆਂ ਆਪਣੇ ਵਰਕਰਾਂ ਦੇ ਸਾਹਮਣੇ ਭਾਵੁਕ ਹੋ ਗਏ।
ਸਮਰਥਕਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਕਿ ਅੱਜ ਆਪਣੀ ਨਿਜੀ ਧਰਤੀ 'ਚ ਆ ਕੇ ਉਨ੍ਹਾਂ ਨੂੰ ਮਾਨਸਿਕ ਸ਼ਾਂਤੀ ਮਿਲੀ ਹੈ। ਵਿਰੋਧੀ ਪਾਰਟੀਆਂ 'ਤੇ ਨਿਸ਼ਾਨਾ ਸਾਧਣ ਦੇ ਨਾਲ-ਨਾਲ ਉਨ੍ਹਾਂ ਆਪਣਿਆਂ ਵੱਲੋਂ ਮਿਲ ਰਹੇ ਝਟਕਿਆਂ 'ਤੇ ਵੀ ਚਿੰਤਾ ਪ੍ਰਗਟਾਈ। ਉਨ੍ਹਾਂ ਨੇ ਕਿਹਾ ਕਿ"ਸ਼੍ਰੋਮਣੀ ਅਕਾਲੀ ਦਲ, ਭਾਜਪਾ ਤੇ ਆਮ ਆਦਮੀ ਪਾਰਟੀ ਵਾਲੇ ਤਾਂ ਸਾਡੇ ਖ਼ਿਲਾਫ਼ ਹਨ ਹੀ, ਪਰ ਅਫ਼ਸੋਸ ਇਸ ਗੱਲ ਦਾ ਹੈ ਕਿ ਹੁਣ ਸਾਡੇ ਆਪਣੇ ਵੀ ਬੇਗਾਨੇ ਹੋ ਚੁੱਕੇ ਹਨ। ਅੱਜ ਸਾਰੀਆਂ ਧਿਰਾਂ ਮਿਲ ਕੇ ਤੁਹਾਡੇ ਪੁੱਤ ਨੂੰ ਨਿਸ਼ਾਨਾ ਬਣਾ ਰਹੀਆਂ ਹਨ।"
ਪਾਰਟੀ ਦੀ ਮੌਜੂਦਾ ਸਥਿਤੀ 'ਤੇ ਬੋਲਦਿਆਂ ਰਾਜਾ ਵੜਿੰਗ ਨੇ ਸਵਾਲ ਚੁੱਕਿਆ ਕਿ ਚਾਰ ਸਾਲ ਪਹਿਲਾਂ ਜਿਸ ਕਾਂਗਰਸ ਕੋਲ 80 ਵਿਧਾਇਕ ਸਨ, ਉਹ ਅੱਜ ਘੱਟ ਕੇ 18 'ਤੇ ਆ ਸਮਟੀ ਹੈ। ਉਨ੍ਹਾਂ ਪੁੱਛਿਆ ਕਿ ਕੀ ਇਸ ਨਿਘਾਰ ਲਈ ਸਿਰਫ਼ ਉਨ੍ਹਾਂ ਨੂੰ ਹੀ ਦੋਸ਼ੀ ਠਹਿਰਾਇਆ ਜਾ ਸਕਦਾ ਹੈ?
ਕੈਪਟਨ 'ਤੇ ਨਿਸ਼ਾਨਾ: ਵੜਿੰਗ ਨੇ ਬਿਨਾਂ ਝਿਜਕ ਆਖਿਆ ਕਿ ਦੋ ਵਾਰ ਕੈਪਟਨ ਅਮਰਿੰਦਰ ਸਿੰਘ ਦੇ ਫੈਸਲਿਆਂ ਕਾਰਨ ਪਾਰਟੀ ਦੀ ਸਰਕਾਰ ਹਾਰੀ ਹੈ।
ਗਿੱਦੜਬਾਹਾ ਦਾ ਸ਼ੁਕਰਾਨਾ: ਉਨ੍ਹਾਂ ਕਿਹਾ ਕਿ ਹਾਲਾਤ ਜਿਹੋ ਜਿਹੇ ਵੀ ਰਹੇ ਹੋਣ, ਪਰ ਗਿੱਦੜਬਾਹਾ ਦੇ ਲੋਕਾਂ ਨੇ ਹਮੇਸ਼ਾ ਉਨ੍ਹਾਂ ਦੇ ਸਿਰ 'ਤੇ ਹੱਥ ਰੱਖਿਆ ਅਤੇ ਸਾਥ ਨਿਭਾਇਆ ਹੈ।
ਅੰਤ ਵਿੱਚ ਵੜਿੰਗ ਨੇ ਸ੍ਰੀ ਮੁਕਤਸਰ ਸਾਹਿਬ ਦੀ ਧਰਤੀ ਨੂੰ ਆਪਣੀ ਅਸਲ ਤਾਕਤ ਦੱਸਦਿਆਂ ਦੁਹਰਾਇਆ ਕਿ ਉਨ੍ਹਾਂ ਨੇ ਹਮੇਸ਼ਾ ਸਾਫ਼ ਨੀਅਤ ਨਾਲ ਕੰਮ ਕੀਤਾ ਹੈ ਅਤੇ ਉਹ ਕਿਸੇ ਵੀ ਗਲਤ ਦਬਾਅ ਅੱਗੇ ਝੁਕਣ ਵਾਲੇ ਨਹੀਂ ਹਨ।
Get all latest content delivered to your email a few times a month.