ਤਾਜਾ ਖਬਰਾਂ
ਪੰਚਕੂਲਾ ਦੇ ਅਭਿਜਾਤ ਸੈਕਟਰ 21 ਵਿਖੇ ਇੱਕ ਖ਼ੌਫ਼ਨਾਕ ਅਤੇ ਹੈਰਾਨ ਕਰ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ, ਜਿੱਥੇ 71 ਸਾਲਾ ਬਜ਼ੁਰਗ ਮਹਿਲਾ ਦਾ ਉਸ ਦੀ ਹੀ 10 ਸਾਲ ਪੁਰਾਣੀ ਨੌਕਰਾਣੀ ਨੇ ਆਪਣੇ ਪਤੀ ਅਤੇ ਪੁੱਤਰ ਨਾਲ ਮਿਲ ਕੇ ਬੇਰਹਿਮੀ ਨਾਲ ਕਤਲ ਕਰ ਦਿੱਤਾ। ਇੰਨਾ ਹੀ ਨਹੀਂ, ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਮੁਲਜ਼ਮਾਂ ਨੇ ਲਾਸ਼ ਨੂੰ ਘਰ ਦੀ ਤੀਜੀ ਮੰਜ਼ਿਲ (ਛੱਤ) 'ਤੇ ਲੁਕਾ ਦਿੱਤਾ। ਇਸ ਸਨਸਨੀਖੇਜ਼ ਕਤਲਕਾਂਡ ਤੋਂ ਬਾਅਦ ਪੂਰੇ ਇਲਾਕੇ 'ਚ ਦਹਿਸ਼ਤ ਦਾ ਮਾਹੌਲ ਹੈ।
ਮ੍ਰਿਤਕਾ ਦੀ ਪਛਾਣ ਨੀਰਾ (71) ਵਜੋਂ ਹੋਈ ਹੈ, ਜੋ ਸੈਕਟਰ 21 ਦੇ ਮਕਾਨ ਨੰਬਰ 366 'ਚ ਆਪਣੇ ਪਤੀ ਨਾਲ ਰਹਿੰਦੀ ਸੀ। ਉਨ੍ਹਾਂ ਦੇ ਤਿੰਨੋਂ ਬੱਚੇ ਵਿਦੇਸ਼ 'ਚ ਰਹਿੰਦੇ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਘਰੋਂ ਗਹਿਣੇ ਗਾਇਬ ਹੋਣ ਤੋਂ ਬਾਅਦ ਨੀਰਾ ਨੇ ਪਿਛਲੇ 10 ਸਾਲਾਂ ਤੋਂ ਕੇਅਰ ਟੇਕਰ ਤੇ ਨੌਕਰਾਣੀ ਵਜੋਂ ਕੰਮ ਕਰ ਰਹੀ ਜਨਾਨੀ ਕੋਲੋਂ ਪੁੱਛਗਿੱਛ ਕੀਤੀ ਸੀ। ਇਸੇ ਰੰਜਿਸ਼ ਤੇ ਗੁੱਸੇ 'ਚ ਆ ਕੇ ਨੌਕਰਾਣੀ ਨੇ ਆਪਣੇ ਪਤੀ ਅਤੇ ਪੁੱਤਰ ਨਾਲ ਮਿਲ ਕੇ ਖ਼ੂਨੀ ਸਾਜ਼ਿਸ਼ ਰਚੀ ਅਤੇ ਬਜ਼ੁਰਗ ਮਹਿਲਾ ਦਾ ਮਕਾਨ ਨੰਬਰ 483 'ਚ ਕਤਲ ਕਰਕੇ ਲਾਸ਼ ਛੱਤ 'ਤੇ ਛੁਪਾ ਦਿੱਤੀ।
ਕਤਲ ਦੇ ਲਗਭਗ ਤਿੰਨ ਦਿਨਾਂ ਬਾਅਦ ਜਦੋਂ ਘਰ ਵਿੱਚੋਂ ਬਹੁਤ ਤੇਜ਼ ਬਦਬੂ ਆਉਣ ਲੱਗੀ ਤਾਂ ਆਸ-ਪਾਸ ਦੇ ਗੁਆਂਢੀਆਂ ਨੇ ਤੁਰੰਤ ਪੁਲਿਸ ਨੂੰ ਇਤਲਾਹ ਦਿੱਤੀ। ਮੌਕੇ 'ਤੇ ਪਹੁੰਚੀ ਪੁਲਿਸ ਟੀਮ ਨੇ ਜਦੋਂ ਛੱਤ 'ਤੇ ਛਾਪੇਮਾਰੀ ਕੀਤੀ ਤਾਂ ਉੱਥੋਂ ਬਜ਼ੁਰਗ ਮਹਿਲਾ ਦੀ ਲਾਸ਼ ਬਰਾਮਦ ਹੋਈ।
ਪੁਲਿਸ ਨੇ ਸ਼ੁਰੂਆਤੀ ਪੜਤਾਲ ਤੋਂ ਬਾਅਦ ਕਾਰਵਾਈ ਕਰਦਿਆਂ ਨੌਕਰਾਣੀ, ਉਸ ਦੇ ਪਤੀ ਅਤੇ ਪੁੱਤਰ ਨੂੰ ਹਿਰਾਸਤ 'ਚ ਲੈ ਕੇ ਪੁੱਛਗਿੱਛ ਸ਼ੁਰੂ ਕਰ ਦਿੱਤੀ ਹੈ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਮਾਮਲੇ ਦੀ ਹਰ ਪਹਿਲੂ ਤੋਂ ਜਾਂਚ ਕੀਤੀ ਜਾ ਰਹੀ ਹੈ ਅਤੇ ਵਾਰਦਾਤ 'ਚ ਵਰਤੇ ਗਏ ਤਰੀਕੇ ਤੇ ਹੋਰ ਸ਼ਾਮਲ ਕਾਰਨਾਂ ਦਾ ਜਲਦ ਹੀ ਖੁਲਾਸਾ ਕੀਤਾ ਜਾਵੇਗਾ।
Get all latest content delivered to your email a few times a month.