IMG-LOGO
ਹੋਮ ਪੰਜਾਬ: 2027 ਦੀਆਂ ਤਿਆਰੀਆਂ ਵਿਚਾਲੇ ਪੰਜਾਬ ਕਾਂਗਰਸ 'ਚ ਕਲੇਸ਼ ਤੇਜ਼: 'ਹਰ...

2027 ਦੀਆਂ ਤਿਆਰੀਆਂ ਵਿਚਾਲੇ ਪੰਜਾਬ ਕਾਂਗਰਸ 'ਚ ਕਲੇਸ਼ ਤੇਜ਼: 'ਹਰ ਬੂਥ' ਮੁਹਿੰਮ ਛੱਡ ਸੜਕਾਂ 'ਤੇ ਆਈ 'ਪੋਸਟਰ ਵਾਰ'

Admin User - Aug 04, 2026 11:21 AM
IMG

ਸਾਲ 2027 ਦੀਆਂ ਵਿਧਾਨ ਸਭਾ ਚੋਣਾਂ ਦੀ ਜ਼ਮੀਨ ਤਿਆਰ ਕਰਨ ਵਿੱਚ ਜੁੱਟੀ ਪੰਜਾਬ ਕਾਂਗਰਸ ਅੰਦਰੂਨੀ ਧੜੇਬੰਦੀ ਦੀ ਭਾਰੀ ਚੁਣੌਤੀ ਨਾਲ ਜੂਝ ਰਹੀ ਹੈ। ਪਾਰਟੀ ਹਾਈਕਮਾਨ ਵੱਲੋਂ ਨਿਯੁਕਤ ਪੰਜਾਬ ਇੰਚਾਰਜ ਭੂਪੇਸ਼ ਬਘੇਲ ਅਤੇ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਅਗਵਾਈ ਹੇਠ ਸ਼ੁਰੂ ਕੀਤੀ ਗਈ ‘ਹਰ ਬੂਥ ਕਾਂਗਰਸ ਮਜ਼ਬੂਤ’ ਮੁਹਿੰਮ ਹੁਣ ਸੰਗਠਨਾਤਮਕ ਮਜ਼ਬੂਤੀ ਨਾਲੋਂ ਜ਼ਿਆਦਾ ਪਾਰਟੀ ਦੇ ਅੰਦਰੂਨੀ ਵਿਵਾਦਾਂ ਕਾਰਨ ਚਰਚਾ ਦਾ ਕੇਂਦਰ ਬਣ ਗਈ ਹੈ।


ਜੋ ਵਿਰੋਧ ਕਦੇ ਬੰਦ ਕਮਰਿਆਂ ਜਾਂ ਪਾਰਟੀ ਮੀਟਿੰਗਾਂ ਤੱਕ ਸੀਮਤ ਸੀ, ਉਹ ਹੁਣ ਸੜਕਾਂ 'ਤੇ ਪੋਸਟਰ ਜੰਗ ਦੇ ਰੂਪ ਵਿੱਚ ਸਾਹਮਣੇ ਆ ਚੁੱਕਾ ਹੈ।


ਬੀਤੇ ਦਿਨਾਂ ਦੌਰਾਨ ਮੁਕਤਸਰ ਵਿਖੇ ਲਗਾਏ ਗਏ ਪੋਸਟਰਾਂ ਨੇ ਸਿਆਸੀ ਪਾਰਾ ਚੜ੍ਹਾ ਦਿੱਤਾ ਹੈ। ਇਨ੍ਹਾਂ ਪੋਸਟਰਾਂ ਵਿੱਚ ਪਾਰਟੀ ਇੰਚਾਰਜ ਭੂਪੇਸ਼ ਬਘੇਲ ਨੂੰ ਆਜ਼ਾਦੀ ਤੋਂ ਪਹਿਲਾਂ ਦੇ ਬ੍ਰਿਟਿਸ਼ ਅਧਿਕਾਰੀ ਦੀ ਵਰਦੀ ਵਿੱਚ ਦਰਸਾਉਂਦਿਆਂ "Go Back Baghel" ਲਿਖਿਆ ਗਿਆ ਸੀ।



ਇਸ ਦੇ ਨਾਲ ਹੀ ਸਾਬਕਾ ਮੁੱਖ ਮੰਤਰੀ ਅਤੇ ਮੌਜੂਦਾ ਸੰਸਦ ਮੈਂਬਰ ਚਰਨਜੀਤ ਸਿੰਘ ਚੰਨੀ ਦੇ ਹੱਕ ਵਿੱਚ ਵੀ ਪੋਸਟਰ ਲਗਾਏ ਗਏ, ਜਿਨ੍ਹਾਂ 'ਤੇ ਲਿਖਿਆ ਸੀ: “ਰਾਜਾ-ਬਘੇਲ ਹਟਾਓ, ਕਾਂਗਰਸ ਬਚਾਓ”


“ਰਾਹੁਲ ਗਾਂਧੀ ਜੀ ਸੁਣੋ ਪੰਜਾਬੀਆਂ ਦੀ ਪੁਕਾਰ, ਲਿਆਓ ਚੰਨੀ ਬਣਾਈਏ ਕਾਂਗਰਸ ਦੀ ਸਰਕਾਰ”


ਮੁਕਤਸਰ ਤੋਂ ਬਾਅਦ ਇਹ 'ਪੋਸਟਰ ਵਾਰ' ਫਿਰੋਜ਼ਪੁਰ ਤੱਕ ਪਹੁੰਚ ਗਈ, ਜਿੱਥੇ ਮਾਹੌਲ ਬਿਲਕੁਲ ਉਲਟ ਨਜ਼ਰ ਆਇਆ। ਸ਼ਹਿਰ ਦੇ ਮੁੱਖ ਚੌਕਾਂ 'ਚ ਚਰਨਜੀਤ ਸਿੰਘ ਚੰਨੀ ਦੇ ਖ਼ਿਲਾਫ਼ ਵਿਵਾਦਤ ਪੋਸਟਰ ਲਗਾਏ ਗਏ।


ਇਨ੍ਹਾਂ ਪੋਸਟਰਾਂ ਵਿੱਚ ਚੰਨੀ ਨੂੰ 'RSS' ਲਿਖੀ ਹੋਈ ਟੀ-ਸ਼ਰਟ ਵਿੱਚ ਦਰਸਾਇਆ ਗਿਆ ਹੈ ਅਤੇ ਉੱਪਰ ਵੱਡੇ ਅੱਖਰਾਂ ਵਿੱਚ "ਚੰਨੀ ਭਜਾਓ, ਕਾਂਗਰਸ ਬਚਾਓ" ਦਾ ਨਾਅਰਾ ਲਿਖਿਆ ਗਿਆ ਹੈ। ਫਿਲਹਾਲ ਇਨ੍ਹਾਂ ਪੋਸਟਰਾਂ ਦੀ ਜ਼ਿੰਮੇਵਾਰੀ ਕਿਸੇ ਨੇ ਨਹੀਂ ਲਈ ਹੈ, ਪਰ ਇਸ ਨੇ ਕਾਂਗਰਸ ਦੀ ਸ਼ਾਖ਼ ਨੂੰ ਵੱਡਾ ਢਾਹ ਲਗਾਈ ਹੈ।


ਇਸ ਪੂਰੇ ਘਟਨਾਕ੍ਰਮ ਦੌਰਾਨ ਚਰਨਜੀਤ ਸਿੰਘ ਚੰਨੀ ਦੀ ਪਾਰਟੀ ਲੀਡਰਸ਼ਿਪ ਨਾਲ ਵਧ ਰਹੀ ਦੂਰੀ ਸਾਫ਼ ਝਲਕ ਰਹੀ ਹੈ। ਭੂਪੇਸ਼ ਬਘੇਲ ਦੇ ਪੰਜਾਬ ਦੌਰੇ ਦੌਰਾਨ ਦੋਵਾਂ ਆਗੂਆਂ ਵਿਚਾਲੇ ਕੋਈ ਮੁਲਾਕਾਤ ਨਹੀਂ ਹੋਈ, ਅਤੇ ਚੰਨੀ ਵੀ ਪਾਰਟੀ ਦੇ ਆਯੋਜਨਾਂ ਤੋਂ ਲਗਾਤਾਰ ਦੂਰੀ ਬਣਾ ਕੇ ਰੱਖ ਰਹੇ ਹਨ।


ਸੂਤਰਾਂ ਦੇ ਹਵਾਲੇ ਤੋਂ: ਚੰਨੀ ਸਮਰਥਕ ਅਤੇ ਪਾਰਟੀ ਦੇ ਕਈ ਹੋਰ ਸੀਨੀਅਰ ਆਗੂ ਰਾਜਾ ਵੜਿੰਗ ਨੂੰ ਪ੍ਰਧਾਨ ਪਦ 'ਤੇ ਬਰਕਰਾਰ ਰੱਖਣ ਤੋਂ ਅਸੰਤੁਸ਼ਟ ਹਨ।


ਹੁਣ ਦੇਖਣਾ ਇਹ ਹੋਵੇਗਾ ਕਿ ਕੀ ਕਾਂਗਰਸ ਹਾਈਕਮਾਨ ਇਸ ਅੰਦਰੂਨੀ ਬਗ਼ਾਵਤ 'ਤੇ ਕੋਈ ਸਖ਼ਤ ਕਾਰਵਾਈ ਕਰਦੀ ਹੈ ਜਾਂ ਇਹ ਕਲੇਸ਼ 2027 ਦੀਆਂ ਚੋਣਾਂ ਵਿੱਚ ਪਾਰਟੀ ਲਈ ਵੱਡੀ ਰੁਕਾਵਟ ਬਣੇਗਾ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.