ਤਾਜਾ ਖਬਰਾਂ
ਪੁਲਿਸ ਅਨੁਸਾਰ, ਲੋਪੋਕੇ ਥਾਣੇ ਦੀ ਟੀਮ ਨਿਯਮਤ ਗਸ਼ਤ ਅਤੇ ਸ਼ੱਕੀ ਵਿਅਕਤੀਆਂ ਦੀ ਤਲਾਸ਼ ਲਈ ਮੇਨ ਜੀਟੀ ਰੋਡ 'ਤੇ ਮੌਜੂਦ ਸੀ। ਇਸ ਦੌਰਾਨ ਇੱਕ ਭਰੋਸੇਯੋਗ ਮੁਖ਼ਬਰ ਤੋਂ ਸੂਚਨਾ ਮਿਲੀ ਕਿ ਹਰਪ੍ਰੀਤ ਸਿੰਘ ਸਰਹੱਦ ਪਾਰ ਬੈਠੇ ਪਾਕਿਸਤਾਨੀ ਨਸ਼ਾ ਤਸਕਰਾਂ ਨਾਲ ਸੰਪਰਕ ਵਿੱਚ ਹੈ ਅਤੇ ਡਰੋਨ ਰਾਹੀਂ ਭੇਜੀਆਂ ਜਾ ਰਹੀਆਂ ਹੈਰੋਇਨ ਦੀਆਂ ਖੇਪਾਂ ਨੂੰ ਅੱਗੇ ਪਹੁੰਚਾਉਣ ਦੇ ਨੈੱਟਵਰਕ ਦਾ ਹਿੱਸਾ ਹੈ।
ਸੂਚਨਾ ਦੇ ਆਧਾਰ 'ਤੇ ਪੁਲਿਸ ਨੇ ਤੁਰੰਤ ਕਾਰਵਾਈ ਕਰਦਿਆਂ ਮੁਲਜ਼ਮ ਨੂੰ ਕਾਬੂ ਕਰ ਲਿਆ। ਤਲਾਸ਼ੀ ਦੌਰਾਨ ਉਸ ਦੇ ਕਬਜ਼ੇ ਵਿੱਚੋਂ 3 ਕਿਲੋ 29 ਗ੍ਰਾਮ ਹੈਰੋਇਨ ਬਰਾਮਦ ਹੋਈ। ਇਸ ਦੇ ਨਾਲ ਇੱਕ ਮੋਟਰਸਾਈਕਲ, ਇੱਕ ਮੋਬਾਈਲ ਫੋਨ ਅਤੇ 1,000 ਰੁਪਏ ਭਾਰਤੀ ਕਰੰਸੀ ਵੀ ਜ਼ਬਤ ਕੀਤੀ ਗਈ, ਜਿਨ੍ਹਾਂ ਨੂੰ ਸਬੂਤ ਵਜੋਂ ਆਪਣੇ ਕਬਜ਼ੇ ਵਿੱਚ ਲਿਆ ਗਿਆ ਹੈ।
ਮੁੱਢਲੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਮੁਲਜ਼ਮ ਦੇ ਤਾਰ ਪਾਕਿਸਤਾਨ ਵਿੱਚ ਬੈਠੇ ਤਸਕਰਾਂ ਨਾਲ ਜੁੜੇ ਹੋ ਸਕਦੇ ਹਨ। ਪੁਲਿਸ ਹੁਣ ਇਹ ਪਤਾ ਲਗਾ ਰਹੀ ਹੈ ਕਿ ਉਹ ਕਿੰਨੇ ਸਮੇਂ ਤੋਂ ਇਸ ਨੈੱਟਵਰਕ ਨਾਲ ਜੁੜਿਆ ਹੋਇਆ ਸੀ, ਡਰੋਨ ਰਾਹੀਂ ਆਈਆਂ ਨਸ਼ੇ ਦੀਆਂ ਖੇਪਾਂ ਦੀ ਸਪਲਾਈ ਵਿੱਚ ਉਸ ਦੀ ਕੀ ਭੂਮਿਕਾ ਰਹੀ ਅਤੇ ਇਸ ਗਿਰੋਹ ਵਿੱਚ ਹੋਰ ਕਿਹੜੇ ਲੋਕ ਸ਼ਾਮਲ ਹਨ।
ਪੁਲਿਸ ਵੱਲੋਂ ਸੰਭਾਵਿਤ ਸਾਥੀਆਂ ਦੀ ਪਛਾਣ ਅਤੇ ਗ੍ਰਿਫ਼ਤਾਰੀ ਲਈ ਲਗਾਤਾਰ ਛਾਪੇਮਾਰੀ ਕੀਤੀ ਜਾ ਰਹੀ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਸਰਹੱਦ ਪਾਰ ਤੋਂ ਚੱਲ ਰਹੇ ਨਸ਼ਾ ਤਸਕਰੀ ਦੇ ਨੈੱਟਵਰਕ ਨੂੰ ਜੜ੍ਹੋਂ ਖ਼ਤਮ ਕਰਨ ਲਈ ਕਾਰਵਾਈ ਲਗਾਤਾਰ ਜਾਰੀ ਰਹੇਗੀ ਅਤੇ ਇਸ ਧੰਦੇ ਨਾਲ ਜੁੜੇ ਕਿਸੇ ਵੀ ਵਿਅਕਤੀ ਨੂੰ ਬਖ਼ਸ਼ਿਆ ਨਹੀਂ ਜਾਵੇਗਾ। ਪੁਲਿਸ ਨੂੰ ਉਮੀਦ ਹੈ ਕਿ ਇਸ ਮਾਮਲੇ ਦੀ ਅਗਲੀ ਜਾਂਚ ਦੌਰਾਨ ਨਸ਼ਾ ਤਸਕਰੀ ਨਾਲ ਸੰਬੰਧਿਤ ਹੋਰ ਵੱਡੇ ਖੁਲਾਸੇ ਹੋ ਸਕਦੇ ਹਨ।
Get all latest content delivered to your email a few times a month.