ਤਾਜਾ ਖਬਰਾਂ
ਪੰਜਾਬ ਵਿੱਚ ਸਿੱਖ ਭਾਵਨਾਵਾਂ ਅਤੇ ਧਾਰਮਿਕ ਮੁੱਦਿਆਂ 'ਤੇ ਸਿਆਸਤ ਇੱਕ ਵਾਰ ਫਿਰ ਗਰਮਾ ਗਈ ਹੈ। ਬਾਘਾਪੁਰਾਣਾ ਤੋਂ ਆਮ ਆਦਮੀ ਪਾਰਟੀ (AAP) ਦੇ ਵਿਧਾਇਕ ਅੰਮ੍ਰਿਤਪਾਲ ਸਿੰਘ ਸੁੱਖਾਨੰਦ ਵੱਲੋਂ 'ਮੀਰੀ ਪੀਰੀ ਖਾਲਸਾ ਮਾਰਚ' ਨੂੰ ਲੈ ਕੇ ਦਿੱਤੇ ਗਏ ਇੱਕ ਵਿਵਾਦਤ ਬਿਆਨ ਤੋਂ ਬਾਅਦ ਵੱਡਾ ਬਵਾਲ ਖੜ੍ਹਾ ਹੋ ਗਿਆ ਹੈ। ਵਾਇਰਲ ਹੋ ਰਹੀ ਇੱਕ ਵੀਡੀਓ ਵਿੱਚ ਵਿਧਾਇਕ ਸੁੱਖਾਨੰਦ ਛੇਵੀਂ ਪਾਤਸ਼ਾਹੀ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਮੀਰੀ-ਪੀਰੀ ਸਿਧਾਂਤਾਂ ਦੇ ਪ੍ਰਚਾਰ ਲਈ ਕੱਢੇ ਜਾ ਰਹੇ ਇਸ ਪਵਿੱਤਰ ਮਾਰਚ ਨੂੰ 'ਰੋਡ ਸ਼ੋਅ' ਕਰਾਰ ਦਿੰਦੇ ਨਜ਼ਰ ਆ ਰਹੇ ਹਨ। ਇਨ੍ਹਾਂ ਬੋਲਾਂ ਤੋਂ ਬਾਅਦ ਸਿੱਖ ਸੰਗਤਾਂ ਅਤੇ ਸਿਆਸੀ ਧਿਰਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ।
ਜ਼ਿਕਰਯੋਗ ਹੈ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਅਗਵਾਈ ਹੇਠ ਕੱਢਿਆ ਜਾ ਰਿਹਾ ਇਹ ਖਾਲਸਾ ਮਾਰਚ ਸੰਗਤਾਂ ਵਿੱਚ ਸਿੱਖੀ ਪ੍ਰਚਾਰ ਅਤੇ ਜਾਗਰੂਕਤਾ ਦਾ ਕੇਂਦਰ ਬਣਿਆ ਹੋਇਆ ਹੈ, ਜਿੱਥੇ ਵੱਡੀ ਗਿਣਤੀ 'ਚ ਸ਼ਰਧਾਲੂ ਹਾਜ਼ਰੀ ਭਰ ਰਹੇ ਹਨ।
ਦੂਜੇ ਪਾਸੇ, 'ਆਪ' ਵਰਕਰਾਂ ਦੀ ਇੱਕ ਬੈਠਕ ਨੂੰ ਸੰਬੋਧਨ ਕਰਦਿਆਂ ਵਿਧਾਇਕ ਸੁੱਖਾਨੰਦ ਨੇ ਵਿਵਾਦਤ ਸ਼ਬਦਾਵਲੀ ਵਰਤਦਿਆਂ ਕਿਹਾ " ...ਆਪਾਂ ਬੈਠੇ ਹਾਂ ਇੱਥੇ, ਤੁਹਾਡੇ ਤੋਂ ਡੇਢ ਕਿਲੋਮੀਟਰ ਦੀ ਵਿੱਥ 'ਤੇ ਇੱਕ ਬਹੁਤ ਵੱਡਾ ਗੁਰੂ ਗ੍ਰੰਥ ਸਾਹਿਬ ਜੀ ਨੂੰ ਨਾਲ ਲੈ ਕੇ ਕੀਰਤਨ ਕੱਢਿਆ ਜਾ ਰਿਹਾ ਹੈ। ਇਸ ਨੂੰ ਮੈਂ ਕੀਰਤਨ ਤਾਂ ਨਹੀਂ ਕਹਿੰਦਾ, ਇੱਕ ਰੋਡ ਸ਼ੋਅ ਦੀ ਤਰ੍ਹਾਂ ਹੈ।"
ਅਕਾਲੀ ਦਲ ਨੇ ਵਿਧਾਇਕ ਦੇ ਇਸ ਬਿਆਨ ਦੀ ਸਖ਼ਤ ਸ਼ਬਦਾਂ ਵਿੱਚ ਨਿੰਦਾ ਕਰਦਿਆਂ 'ਆਪ' ਸਰਕਾਰ 'ਤੇ ਸਿੱਖ ਭਾਵਨਾਵਾਂ ਨਾਲ ਖਿਲਵਾੜ ਕਰਨ ਦੇ ਦੋਸ਼ ਲਾਏ ਹਨ। ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਡਾ. ਦਲਜੀਤ ਸਿੰਘ ਚੀਮਾ ਨੇ ਤਿੱਖੀ ਪ੍ਰਤੀਕਿਰਿਆ ਦਿੰਦਿਆਂ ਕਿਹਾ ਕਿ ਜਦੋਂ ਸੂਬੇ ਦੇ ਮੁੱਖ ਮੰਤਰੀ ਖ਼ੁਦ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਫ਼ੈਸਲਿਆਂ 'ਤੇ ਸਵਾਲ ਚੁੱਕ ਰਹੇ ਹੋਣ, ਤਾਂ ਉਨ੍ਹਾਂ ਦੇ ਵਿਧਾਇਕਾਂ ਤੋਂ ਹੋਰ ਕੀ ਉਮੀਦ ਕੀਤੀ ਜਾ ਸਕਦੀ ਹੈ।
ਚੀਮਾ ਨੇ ਕਿਹਾ ਕਿ ਅਜਿਹੀ ਬੋਲਬਾਲੀ ਆਮ ਆਦਮੀ ਪਾਰਟੀ ਦਾ ਸਿੱਖ ਵਿਰੋਧੀ ਚਿਹਰਾ ਜਨਤਕ ਕਰਦੀ ਹੈ ਅਤੇ ਇਸ ਹੰਕਾਰ ਦਾ ਖ਼ਮਿਆਜ਼ਾ ਪਾਰਟੀ ਨੂੰ ਭੁਗਤਣਾ ਪਵੇਗਾ। ਸਿੱਖ ਆਗੂਆਂ ਵੱਲੋਂ ਵਿਧਾਇਕ ਨੂੰ ਸੰਗਤਾਂ ਤੋਂ ਤੁਰੰਤ ਬਿਨਾਂ ਸ਼ਰਤ ਮੁਆਫ਼ੀ ਮੰਗਣ ਦੀ ਮੰਗ ਕੀਤੀ ਜਾ ਰਹੀ ਹੈ।
Get all latest content delivered to your email a few times a month.