IMG-LOGO
ਹੋਮ ਪੰਜਾਬ: ਪੇਪਰ ਲੀਕ ਮੁੱਦੇ 'ਚ ਘੇਰੀ ਮਾਨ ਸਰਕਾਰ, ਗਿਆਨੀ ਹਰਪ੍ਰੀਤ ਸਿੰਘ...

ਪੇਪਰ ਲੀਕ ਮੁੱਦੇ 'ਚ ਘੇਰੀ ਮਾਨ ਸਰਕਾਰ, ਗਿਆਨੀ ਹਰਪ੍ਰੀਤ ਸਿੰਘ ਨੇ ਕੀਤਾ ਮੰਤਰੀ ਦੇ ਅਸਤੀਫ਼ੇ ਦਾ ਦਾਅਵਾ

Admin User - Aug 02, 2026 02:11 PM
IMG

ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਦੀ ਇਸਤਰੀ ਅਕਾਲੀ ਦਲ ਦੀ ਪ੍ਰਧਾਨ ਬੀਬੀ ਜਗੀਰ ਕੌਰ ਵੱਲੋਂ ਨਡਾਲਾ ਦੇ ਇੱਕ ਨਿੱਜੀ ਰਿਜ਼ੋਰਟ ਵਿਖੇ ਹਲਕਾ ਭੁਲੱਥ ਦੇ ਵਰਕਰਾਂ ਅਤੇ ਆਮ ਲੋਕਾਂ ਨਾਲ ਰੱਖੀ ਗਈ ਲੋਕ ਮਿਲਣੀ ਨੇ ਇੱਕ ਵਿਸ਼ਾਲ ਸਿਆਸੀ ਰੈਲੀ ਦਾ ਰੂਪ ਧਾਰ ਲਿਆ। ਭਾਰੀ ਇਕੱਠ ਨੂੰ ਸੰਬੋਧਨ ਕਰਦਿਆਂ ਬੀਬੀ ਜਗੀਰ ਕੌਰ ਨੇ ਇਲਾਕਾ ਵਾਸੀਆਂ ਦੀ ਸਹਿਮਤੀ ਨਾਲ ਭੁਲੱਥ ਹਲਕੇ ਤੋਂ ਆਪਣੀ ਆਗਾਮੀ ਚੋਣ ਮੁਹਿੰਮ ਦਾ ਰਸਮੀ ਆਗਾਜ਼ ਕਰ ਦਿੱਤਾ।


ਉਨ੍ਹਾਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ 2 ਦਸੰਬਰ 2024 ਦੇ ਹੁਕਮਨਾਮੇ ਦਾ ਹਵਾਲਾ ਦਿੰਦਿਆਂ ਸਮੁੱਚੇ ਪੰਥ ਨੂੰ ਇਕੱਠੇ ਹੋਣ ਦੀ ਅਪੀਲ ਕੀਤੀ ਤਾਂ ਜੋ ਪੰਜਾਬ ਵਿੱਚ ਮੁੜ ਪੰਥਕ ਸਰਕਾਰ ਕਾਇਮ ਕੀਤੀ ਜਾ ਸਕੇ। ਇਸ ਦੇ ਨਾਲ ਹੀ ਉਨ੍ਹਾਂ ਨੇ ਹਲਕੇ ਦੀਆਂ ਖ਼ਸਤਾਹਾਲ ਸੜਕਾਂ ਅਤੇ ਹੋਰ ਸਥਾਨਕ ਸਮੱਸਿਆਵਾਂ ਦਾ ਮੁੱਦਾ ਵੀ ਪ੍ਰਮੁੱਖਤਾ ਨਾਲ ਚੁੱਕਿਆ।


ਰੈਲੀ ਵਿੱਚ ਵਿਸ਼ੇਸ਼ ਤੌਰ 'ਤੇ ਪਹੁੰਚੇ ਪਾਰਟੀ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਨੇ ਭਗਵੰਤ ਮਾਨ ਸਰਕਾਰ 'ਤੇ ਤਿੱਖੇ ਸ਼ਬਦੀ ਹਮਲੇ ਕੀਤੇ। ਉਨ੍ਹਾਂ ਕਿਹਾ ਕਿ ਚੋਣਾਂ ਤੋਂ ਪਹਿਲਾਂ ਬਿਨਾਂ ਧਰਨਿਆਂ ਦੇ ਕੰਮ ਕਰਨ ਦੇ ਦਾਅਵੇ ਕਰਨ ਵਾਲੇ ਅੱਜ ਪੰਜਾਬ ਦੇ ਹਰ ਵਰਗ ਨੂੰ ਸੜਕਾਂ 'ਤੇ ਲਿਆ ਚੁੱਕੇ ਹਨ। ਬਰਨਾਲਾ ਵਿਖੇ ਸਫ਼ਾਈ ਕਰਮਚਾਰੀਆਂ 'ਤੇ ਹੋਏ ਲਾਠੀਚਾਰਜ ਦੀ ਕਰੜੀ ਨਿੰਦਾ ਕਰਦਿਆਂ ਉਨ੍ਹਾਂ ਕਿਹਾ ਕਿ ਸਰਕਾਰ ਲੋਕਤੰਤਰਿਕ ਤਰੀਕੇ ਨਾਲ ਹੱਕ ਮੰਗ ਰਹੇ ਲੋਕਾਂ 'ਤੇ ਡੰਡੇ ਵਰਾ ਰਹੀ ਹੈ।


ਉਨ੍ਹਾਂ ਪੇਪਰ ਲੀਕ ਮਾਮਲੇ 'ਚ 'ਆਪ' 'ਤੇ ਦੋਹਰੇ ਮਾਪਦੰਡ ਅਪਣਾਉਣ ਦੇ ਦੋਸ਼ ਲਾਉਂਦਿਆਂ ਕਿਹਾ ਕਿ ਜਿਵੇਂ ਕੇਂਦਰ 'ਚ ਨੀਟ (NEET) ਮਾਮਲੇ 'ਚ ਮੰਤਰੀ ਦਾ ਅਸਤੀਫ਼ਾ ਮੰਗਿਆ ਗਿਆ ਸੀ, ਉਸੇ ਤਰ੍ਹਾਂ ਪੰਜਾਬ ਦੇ ਪੇਪਰ ਲੀਕ ਮਾਮਲੇ 'ਚ ਵੀ ਸਬੰਧਤ ਮੰਤਰੀ ਨੂੰ ਨੈਤਿਕਤਾ ਦੇ ਆਧਾਰ 'ਤੇ ਤੁਰੰਤ ਅਸਤੀਫ਼ਾ ਦੇਣਾ ਚਾਹੀਦਾ ਹੈ। ਪੰਥਕ ਏਕਤਾ 'ਤੇ ਬੋਲਦਿਆਂ ਉਨ੍ਹਾਂ ਕਿਹਾ ਕਿ ਉਹ ਪੰਥ ਅਤੇ ਪੰਜਾਬ ਦੇ ਭਲੇ ਲਈ ਹਰ ਕੁਰਬਾਨੀ ਦੇਣ ਲਈ ਤਿਆਰ ਹਨ।


ਸਾਬਕਾ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਨੇ ਪੰਜਾਬ ਦੀ ਆਰਥਿਕ ਸਥਿਤੀ 'ਤੇ ਚਿੰਤਾ ਪ੍ਰਗਟਾਉਂਦਿਆਂ ਕਿਹਾ ਕਿ ਸੂਬੇ ਸਿਰ 5 ਲੱਖ ਕਰੋੜ ਰੁਪਏ ਦਾ ਕਰਜ਼ਾ ਚੜ੍ਹ ਚੁੱਕਾ ਹੈ। ਉਨ੍ਹਾਂ ਦੋਸ਼ ਲਾਇਆ ਕਿ ਪੰਜਾਬ ਦੇ ਸਰਕਾਰੀ ਖ਼ਜ਼ਾਨੇ ਦੀ ਵਰਤੋਂ ਦੂਜੇ ਰਾਜਾਂ ਵਿੱਚ ਆਪਣੀ ਪਾਰਟੀ ਦੇ ਪ੍ਰਚਾਰ ਅਤੇ ਇਸ਼ਤਿਹਾਰਬਾਜ਼ੀ ਲਈ ਕੀਤੀ ਜਾ ਰਹੀ ਹੈ, ਜੋ ਤੁਰੰਤ ਬੰਦ ਹੋਣੀ ਚਾਹੀਦੀ ਹੈ।


ਇਸ ਦੌਰਾਨ ਸੀਨੀਅਰ ਆਗੂ ਪ੍ਰੋਫੈਸਰ ਪ੍ਰੇਮ ਸਿੰਘ ਚੰਦੂਮਾਜਰਾ, ਸਕੱਤਰ ਜਨਰਲ ਗੁਰਪ੍ਰਤਾਪ ਸਿੰਘ ਵਡਾਲਾ ਅਤੇ ਸੁੱਚਾ ਸਿੰਘ ਛੋਟੇਪੁਰ ਨੇ ਵੀ ਸੰਬੋਧਨ ਕਰਦਿਆਂ ਲੋਕਾਂ ਨੂੰ ਪੰਥਕ ਸ਼ਕਤੀ ਨੂੰ ਮਜ਼ਬੂਤ ਕਰਨ ਦਾ ਸੱਦਾ ਦਿੱਤਾ।


ਇਸ ਪ੍ਰਭਾਵਸ਼ਾਲੀ ਇਕੱਠ ਵਿੱਚ ਹੋਰਨਾਂ ਤੋਂ ਇਲਾਵਾ ਐਡਵੋਕੇਟ ਕੁਲਵੰਤ ਸਿੰਘ ਸਹਿਗਲ, ਜਗਜੀਤ ਸਿੰਘ ਕੋਹਲੀ, ਜ਼ਿਲ੍ਹਾ ਕਪੂਰਥਲਾ ਪ੍ਰਧਾਨ ਗੁਰਜਿੰਦਰਜੀਤ ਸਿੰਘ ਭੁੱਲਰ, ਅਜੈਪਾਲ ਸਿੰਘ ਮੀਰਾਂਕੋਟ, ਬੀਬੀ ਹਰਜੀਤ ਕੌਰ ਤਲਵੰਡੀ, ਬੀਬੀ ਸਿਮਰਜੋਤ ਕੌਰ ਸਿੱਧੂ, ਦਲਜਿੰਦਰਬੀਰ ਸਿੰਘ ਵਿਰਕ (ਪ੍ਰਧਾਨ ਅੰਮ੍ਰਿਤਸਰ ਦਿਹਾਤੀ), ਮਨਿੰਦਰ ਸਿੰਘ ਧੁੰਨਾ (ਪ੍ਰਧਾਨ ਸ਼ਹਿਰੀ ਅੰਮ੍ਰਿਤਸਰ), ਰਾਜਵਿੰਦਰ ਸਿੰਘ ਜੈਦ, ਰਣਜੀਤ ਸਿੰਘ ਬਿੱਟੂ, ਯਾਦਵਿੰਦਰ ਸਿੰਘ ਬੰਟੀ, ਮਲਕੀਤ ਸਿੰਘ ਠੁਣੀਆ, ਪਰਵਿੰਦਰ ਸਿੰਘ ਬੰਟੀ, ਐਡਵੋਕੇਟ ਪਰਵਿੰਦਰ ਸਿੰਘ ਹਮੀਰਾ, ਬੰਟੀ ਨੌਰੰਗਪੁਰ ਅਤੇ ਜਰਨੈਲ ਸਿੰਘ ਟਾਂਡੀ ਸਮੇਤ ਵੱਡੀ ਗਿਣਤੀ 'ਚ ਵਰਕਰ ਹਾਜ਼ਰ ਸਨ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.