ਤਾਜਾ ਖਬਰਾਂ
ਪੰਜਾਬੀ ਸਿਨੇਮਾ ਨੇ ਅੰਤਰਰਾਸ਼ਟਰੀ ਪੱਧਰ 'ਤੇ ਇੱਕ ਨਵਾਂ ਇਤਿਹਾਸ ਰਚ ਦਿੱਤਾ ਹੈ। ਮਸ਼ਹੂਰ ਫ਼ਿਲਮ ਨਿਰਦੇਸ਼ਕ ਗੁਰਵਿੰਦਰ ਸਿੰਘ ਦੀ ਨਵੀਂ ਪੰਜਾਬੀ ਫ਼ਿਲਮ 'ਰਹਿਮਤ' ਨੂੰ ਸਵਿੱਟਜ਼ਰਲੈਂਡ ਵਿਖੇ 5 ਤੋਂ 15 ਅਗਸਤ 2026 ਤੱਕ ਹੋਣ ਵਾਲੇ 79ਵੇਂ 'ਲੋਕਾਰਨੋ ਫ਼ਿਲਮ ਉਤਸਵ' (Locarno Film Festival) ਦੇ ਮੁੱਖ ਮੁਕਾਬਲੇ ਲਈ ਚੁਣਿਆ ਗਿਆ ਹੈ। ਵਿਸ਼ਵ ਭਰ ਦੀਆਂ 10 ਪ੍ਰਮੁੱਖ ਫ਼ਿਲਮਾਂ 'ਚ ਜਗ੍ਹਾ ਬਣਾਉਣ ਵਾਲੀ 'ਰਹਿਮਤ' ਇਸ ਸਾਲ ਲੋਕਾਰਨੋ ਲਈ ਚੁਣੀ ਗਈ ਇਕਲੌਤੀ ਭਾਰਤੀ ਫੀਚਰ ਫ਼ਿਲਮ ਹੈ ਅਤੇ ਇਸ ਮੰਚ 'ਤੇ ਪਹੁੰਚਣ ਵਾਲੀ ਪਹਿਲੀ ਪੰਜਾਬੀ ਫ਼ਿਲਮ ਬਣ ਗਈ ਹੈ।
ਇਸ ਫ਼ਿਲਮ ਦਾ ਵਿਸ਼ਵ ਪ੍ਰੀਮੀਅਰ ਸ਼ੋਅ ਉਤਸਵ ਦੌਰਾਨ 8,000 ਸੀਟਾਂ ਦੀ ਸਮਰੱਥਾ ਵਾਲੇ ਖੁੱਲ੍ਹੇ ਅਸਮਾਨ ਹੇਠ ਬਣੇ ਮਸ਼ਹੂਰ ਕੰਪਲੈਕਸ 'ਪਿਆਜ਼ਾ ਗਰੈਂਡੇ' (Piazza Grande) ਵਿਖੇ ਹੋਵੇਗਾ।
ਇਹ ਫ਼ਿਲਮ ਚਰਚਿਤ ਪੰਜਾਬੀ ਲੇਖਿਕਾ ਅਜੀਤ ਕੌਰ ਦੀਆਂ ਪੰਜਾਬ ਦੇ ਮੁੱਦਿਆਂ 'ਤੇ ਆਧਾਰਿਤ ਤਿੰਨ ਆਪਸ 'ਚ ਜੁੜੀਆਂ ਕਹਾਣੀਆਂ 'ਤੇ ਆਧਾਰਿਤ ਹੈ। ਫ਼ਿਲਮ ਵਿੱਚ ਫ਼ਿਲਮ ਜਗਤ ਦੇ ਦਿੱਗਜ ਅਦਾਕਾਰ ਨਸੀਰੂਦੀਨ ਸ਼ਾਹ ਅਤੇ ਭਾਸ਼ਾ ਵਿਭਾਗ ਪੰਜਾਬ ਦੇ ਡਾਇਰੈਕਟਰ ਤੇ ਪੰਜਾਬੀ ਕਵੀ ਜਸਵੰਤ ਜ਼ਫ਼ਰ ਤੋਂ ਇਲਾਵਾ ਸੁਵਿੰਦਰ ਵਿੱਕੀ, ਮੀਤਾ ਵਸ਼ਿਸ਼ਟ, ਨਵਜੋਤ ਰੰਧਾਵਾ, ਦੀਆ ਕੰਬੋਜ, ਅਨੀਤਾ ਮੀਤ ਅਤੇ ਹਰਵਿੰਦਰ ਔਜਲਾ ਵਰਗੇ ਦਿੱਗਜ ਕਲਾਕਾਰਾਂ ਨੇ ਅਹਿਮ ਭੂਮਿਕਾਵਾਂ ਨਿਭਾਈਆਂ ਹਨ।
ਦਿਲਚਸਪ ਗੱਲ ਇਹ ਹੈ ਕਿ ਕਵੀ ਜਸਵੰਤ ਜ਼ਫ਼ਰ ਨੇ ਇਸ ਫ਼ਿਲਮ ਜ਼ਰੀਏ ਪਹਿਲੀ ਵਾਰ ਫੀਚਰ ਫ਼ਿਲਮਾਂ ਦੀ ਦੁਨੀਆ 'ਚ ਕਦਮ ਰੱਖਿਆ ਹੈ। 'ਰਹਿਮਤ' ਸਮਾਜਿਕ ਅਤੇ ਵਾਤਾਵਰਣ ਦੇ ਗੰਭੀਰ ਮੁੱਦਿਆਂ ਨੂੰ ਉਭਾਰਨ ਵਾਲੀਆਂ 13 ਚੋਣਵੀਆਂ ਫ਼ਿਲਮਾਂ 'ਚ ਵੀ ਸ਼ਾਮਲ ਹੈ, ਜੋ 'ਸਿਨੇਮਾ ਫਾਰ ਚੇਂਜ' ਦੇ ਖ਼ਾਸ ਐਵਾਰਡ ਲਈ ਦਾਅਵੇਦਾਰ ਹਨ।
ਨਿਰਦੇਸ਼ਕ ਗੁਰਵਿੰਦਰ ਸਿੰਘ, ਜੋ ਇਸ ਤੋਂ ਪਹਿਲਾਂ ਗੁਰਦਿਆਲ ਸਿੰਘ ਦੇ ਨਾਵਲਾਂ ਅਤੇ ਵਰਿਆਮ ਸੰਧੂ ਦੀਆਂ ਕਹਾਣੀਆਂ 'ਤੇ ਸ਼ਾਹਕਾਰ ਕਲਾ ਫ਼ਿਲਮਾਂ ਬਣਾ ਕੇ ਰਾਸ਼ਟਰੀ ਨਾਮਣਾ ਖੱਟ ਚੁੱਕੇ ਹਨ (ਅਤੇ ਜਿਨ੍ਹਾਂ ਨੂੰ ਇਸੇ ਸਾਲ 'ਪੰਜਾਬ ਗੌਰਵ ਸਿਨਮਾ ਐਵਾਰਡ' ਨਾਲ ਨਵਾਜਿਆ ਗਿਆ ਹੈ), ਨੇ ਫ਼ਿਲਮ ਬਾਰੇ ਗੱਲ ਕਰਦਿਆਂ ਕਿਹਾ " 'ਰਹਿਮਤ' ਸਾਡੇ ਖਿੱਤੇ ਦੇ ਉਨ੍ਹਾਂ ਔਖੇ ਵੇਲਿਆਂ ਦੀ ਤਸਵੀਰਕਸ਼ੀ ਹੈ, ਜਦੋਂ ਰਾਜਨੀਤਿਕ ਅਤੇ ਧਾਰਮਿਕ ਟਕਰਾਅ ਦਾ ਬੋਲਬਾਲਾ ਸੀ। ਇਹ ਫ਼ਿਲਮ ਉਨ੍ਹਾਂ ਆਮ ਲੋਕਾਂ ਦੀ ਜ਼ਿੰਦਗੀ ਨੂੰ ਦਰਸਾਉਂਦੀ ਹੈ, ਜੋ ਵੰਡਣ ਵਾਲੀਆਂ ਤਾਕਤਾਂ ਦੇ ਵਿਚਕਾਰ ਫਸੇ ਹੋਣ ਦੇ ਬਾਵਜੂਦ ਵੀ ਆਸ, ਆਪਸੀ ਸਹਿਯੋਗ ਅਤੇ ਰਹਿਮਦਿਲੀ ਨਾਲ ਜਿਊਂਦੇ ਹਨ।"
ਨਿਰਦੇਸ਼ਕ ਗੁਰਵਿੰਦਰ ਸਿੰਘ ਸਮੇਤ ਫ਼ਿਲਮ 'ਰਹਿਮਤ' ਦੀ 7 ਮੈਂਬਰੀ ਟੀਮ ਇਸ ਅੰਤਰਰਾਸ਼ਟਰੀ ਸਮਾਰੋਹ ਵਿੱਚ ਸ਼ਿਰਕਤ ਕਰੇਗੀ। ਇਹ ਟੀਮ 5 ਅਗਸਤ ਦੀ ਸ਼ਾਮ ਨੂੰ ਹੋਣ ਵਾਲੇ ਸਵਾਗਤੀ ਸਮਾਗਮ 'ਚ ਹਿੱਸਾ ਲਵੇਗੀ ਅਤੇ 6 ਅਗਸਤ ਨੂੰ ਪ੍ਰੀਮੀਅਰ ਸ਼ੋਅ ਵਾਲੇ ਦਿਨ ਅੰਤਰਰਾਸ਼ਟਰੀ ਜਿਊਰੀ, ਮੀਡੀਆ ਅਤੇ ਦਰਸ਼ਕਾਂ ਦੇ ਰੂ-ਬ-ਰੂ ਹੋ ਕੇ ਫ਼ਿਲਮ ਨਾਲ ਜੁੜੇ ਤਜਰਬੇ ਸਾਂਝੇ ਕਰੇਗੀ।
Get all latest content delivered to your email a few times a month.