ਤਾਜਾ ਖਬਰਾਂ
ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕਾਂਗਰਸੀ ਆਗੂ ਮਦਨ ਲਾਲ ਜਲਾਲਪੁਰ ਦੇ ਸਮਰਥਨ ਵਿੱਚ ਉਨ੍ਹਾਂ ਦੇ ਨਿਵਾਸ 'ਤੇ ਪਹੁੰਚ ਕੇ ਪਾਰਟੀ ਅੰਦਰ ਚੱਲ ਰਹੇ ਵਿਵਾਦ 'ਤੇ ਆਪਣਾ ਸਪੱਸ਼ਟ ਰੁਖ਼ ਰੱਖਿਆ। ਇਸ ਮੌਕੇ ਚੰਨੀ ਨੇ ਜਲਾਲਪੁਰ ਨੂੰ ਜਾਰੀ ਕੀਤੇ ਗਏ ਮੁਅੱਤਲੀ ਨੋਟਿਸ 'ਤੇ ਸਵਾਲ ਉਠਾਉਂਦਿਆਂ ਕਿਹਾ ਕਿ ਕਾਂਗਰਸ ਦੇ ਸੰਵਿਧਾਨ ਅਤੇ ਨਿਯਮਾਂ ਅਨੁਸਾਰ ਕਿਸੇ ਵੀ AICC ਜਾਂ PCC ਮੈਂਬਰ ਅਤੇ ਸਾਬਕਾ ਵਿਧਾਇਕ ਨੂੰ ਸਿੱਧੇ ਤੌਰ 'ਤੇ ਮੁਅੱਤਲ ਕਰਨ ਦਾ ਅਧਿਕਾਰ ਪ੍ਰਸ਼ਾਸਨਿਕ ਕਮੇਟੀ ਦੇ ਚੇਅਰਮੈਨ ਕੋਲ ਨਹੀਂ ਹੈ।
ਚੰਨੀ ਨੇ ਕਿਹਾ ਕਿ ਪ੍ਰਸ਼ਾਸਨਿਕ ਕਮੇਟੀ ਸਿਰਫ਼ ਆਪਣੀ ਸਿਫ਼ਾਰਸ਼ ਪੰਜਾਬ ਕਾਂਗਰਸ ਪ੍ਰਧਾਨ ਨੂੰ ਭੇਜ ਸਕਦੀ ਹੈ, ਜਦਕਿ ਅੰਤਿਮ ਫ਼ੈਸਲਾ ਪਾਰਟੀ ਹਾਈਕਮਾਂਡ ਵੱਲੋਂ ਹੀ ਲਿਆ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਮਦਨ ਲਾਲ ਜਲਾਲਪੁਰ AICC ਅਤੇ PCC ਦੋਵਾਂ ਦੇ ਮੈਂਬਰ ਹਨ, ਇਸ ਲਈ ਉਨ੍ਹਾਂ ਖ਼ਿਲਾਫ਼ ਕੋਈ ਵੀ ਕਾਰਵਾਈ ਪਾਰਟੀ ਦੇ ਸੰਵਿਧਾਨ ਅਨੁਸਾਰ ਹੀ ਹੋਣੀ ਚਾਹੀਦੀ ਹੈ।
ਸਾਬਕਾ ਮੁੱਖ ਮੰਤਰੀ ਨੇ ਕਿਹਾ ਕਿ ਪਹਿਲਾਂ ਵੀ ਕਈ ਸੀਨੀਅਰ ਕਾਂਗਰਸੀ ਆਗੂਆਂ ਨੂੰ ਨੋਟਿਸ ਜਾਰੀ ਹੋਏ ਜਾਂ ਮੁਅੱਤਲ ਕੀਤਾ ਗਿਆ, ਪਰ ਪਾਰਟੀ ਨੂੰ ਆਪਣੇ ਤਜਰਬੇਕਾਰ ਅਤੇ ਸਮਰਪਿਤ ਆਗੂਆਂ ਨੂੰ ਨਾਲ ਜੋੜ ਕੇ ਰੱਖਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਦੀ ਤਾਕਤ ਉਸ ਦੀ ਏਕਤਾ ਵਿੱਚ ਹੈ ਅਤੇ ਆਪਸੀ ਮਤਭੇਦਾਂ ਨੂੰ ਗੱਲਬਾਤ ਰਾਹੀਂ ਸੁਲਝਾਇਆ ਜਾਣਾ ਚਾਹੀਦਾ ਹੈ।
ਚੰਨੀ ਨੇ ਭਰੋਸਾ ਦਿੱਤਾ ਕਿ ਉਹ ਇਸ ਮਾਮਲੇ ਨੂੰ ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਪਾਰਟੀ ਹਾਈਕਮਾਂਡ ਦੇ ਧਿਆਨ ਵਿੱਚ ਲਿਆਉਣਗੇ। ਉਨ੍ਹਾਂ ਕਿਹਾ ਕਿ ਕਾਂਗਰਸ ਨੂੰ ਇੱਕ "ਗੁਲਦਸਤੇ" ਵਾਂਗ ਕੰਮ ਕਰਨਾ ਚਾਹੀਦਾ ਹੈ, ਜਿੱਥੇ ਹਰ ਆਗੂ ਨੂੰ ਸਨਮਾਨ ਅਤੇ ਬਰਾਬਰ ਦੀ ਅਹਿਮੀਅਤ ਮਿਲੇ।
ਉਨ੍ਹਾਂ ਮਦਨ ਲਾਲ ਜਲਾਲਪੁਰ ਨੂੰ ਪਾਰਟੀ ਦਾ ਜੁਝਾਰੂ ਅਤੇ ਮਜ਼ਬੂਤ ਆਗੂ ਕਰਾਰ ਦਿੰਦਿਆਂ ਕਿਹਾ ਕਿ ਉਨ੍ਹਾਂ ਨੇ ਸਾਲਾਂ ਤੱਕ ਕਾਂਗਰਸ ਲਈ ਨਿਸ਼ਠਾ ਨਾਲ ਕੰਮ ਕੀਤਾ ਹੈ ਅਤੇ ਕਈ ਚੋਣਾਂ ਵਿੱਚ ਪਾਰਟੀ ਨੂੰ ਮਜ਼ਬੂਤ ਕਰਨ ਵਿੱਚ ਅਹਿਮ ਭੂਮਿਕਾ ਨਿਭਾਈ ਹੈ। ਅਜਿਹੇ ਆਗੂ ਪਾਰਟੀ ਦੀ ਕੀਮਤੀ ਧਰੋਹਰ ਹਨ ਅਤੇ ਉਨ੍ਹਾਂ ਨੂੰ ਨਾਰਾਜ਼ ਕਰਨ ਦੀ ਬਜਾਏ ਸਨਮਾਨ ਦਿੱਤਾ ਜਾਣਾ ਚਾਹੀਦਾ ਹੈ।
ਚੰਨੀ ਨੇ ਇਹ ਵੀ ਕਿਹਾ ਕਿ ਪੰਜਾਬ ਦੀ ਪਰੰਪਰਾ ਰਹੀ ਹੈ ਕਿ ਜਦੋਂ ਕਿਸੇ ਵਿਅਕਤੀ 'ਤੇ ਮੁਸੀਬਤ ਆਉਂਦੀ ਹੈ ਤਾਂ ਉਸ ਦੇ ਨਾਲ ਖੜ੍ਹਿਆ ਜਾਂਦਾ ਹੈ। ਇਸੇ ਭਾਵਨਾ ਤਹਿਤ ਉਹ ਜਲਾਲਪੁਰ ਨੂੰ ਮਿਲਣ ਪਹੁੰਚੇ ਹਨ। ਉਨ੍ਹਾਂ ਸਪੱਸ਼ਟ ਕੀਤਾ ਕਿ ਉਨ੍ਹਾਂ ਦਾ ਮਕਸਦ ਕਿਸੇ ਦੇ ਵਿਰੋਧ ਵਿੱਚ ਬੋਲਣਾ ਨਹੀਂ, ਸਗੋਂ ਕਾਂਗਰਸ ਵਿੱਚ ਏਕਤਾ ਅਤੇ ਭਾਈਚਾਰਾ ਕਾਇਮ ਰੱਖਣਾ ਹੈ।
ਉਨ੍ਹਾਂ ਅੰਤ ਵਿੱਚ ਕਿਹਾ ਕਿ ਪਾਰਟੀ ਦੇ ਅੰਦਰੂਨੀ ਮਤਭੇਦਾਂ ਕਾਰਨ ਲੋਕਾਂ ਦੇ ਅਸਲ ਮੁੱਦੇ ਪਿੱਛੇ ਨਹੀਂ ਰਹਿਣੇ ਚਾਹੀਦੇ। ਸਾਰੇ ਆਗੂਆਂ ਨੂੰ ਇਕੱਠੇ ਹੋ ਕੇ ਕਾਂਗਰਸ ਨੂੰ ਮਜ਼ਬੂਤ ਬਣਾਉਣ ਲਈ ਕੰਮ ਕਰਨਾ ਚਾਹੀਦਾ ਹੈ। ਉਨ੍ਹਾਂ ਇਹ ਵੀ ਸਪੱਸ਼ਟ ਕੀਤਾ ਕਿ ਉਨ੍ਹਾਂ ਦੇ ਹੱਕ ਵਿੱਚ ਲੱਗੇ ਨਾਅਰਿਆਂ ਨਾਲ ਉਨ੍ਹਾਂ ਦਾ ਕੋਈ ਨਿੱਜੀ ਸਬੰਧ ਨਹੀਂ ਹੈ ਅਤੇ ਉਹ ਪਾਰਟੀ ਹਾਈਕਮਾਂਡ ਦੇ ਹਰ ਫ਼ੈਸਲੇ ਦਾ ਸਤਿਕਾਰ ਕਰਦੇ ਹੋਏ ਸੰਗਠਨ ਨੂੰ ਮਜ਼ਬੂਤ ਕਰਨ ਲਈ ਕੰਮ ਕਰਦੇ ਰਹਿਣਗੇ।
Get all latest content delivered to your email a few times a month.