IMG-LOGO
ਹੋਮ ਪੰਜਾਬ: ਗੁਰਦਾਸਪੁਰ 'ਚ ਬੀ.ਐੱਲ.ਓ. ਡਿਊਟੀ ਕਰ ਰਹੇ ਅਧਿਆਪਕ ਨਾਲ ਦੁਰਵਿਹਾਰ 'ਤੇ...

ਗੁਰਦਾਸਪੁਰ 'ਚ ਬੀ.ਐੱਲ.ਓ. ਡਿਊਟੀ ਕਰ ਰਹੇ ਅਧਿਆਪਕ ਨਾਲ ਦੁਰਵਿਹਾਰ 'ਤੇ ਭੜਕੀਆਂ ਜਥੇਬੰਦੀਆਂ: SDM ਦਫ਼ਤਰ ਅੱਗੇ ਧਰਨਾ; ਚੋਣ ਇੰਚਾਰਜ 'ਤੇ ਫਾਰਮ ਖੋਹ ਕੇ ਸੁੱਟਣ ਦੇ ਦੋਸ਼

Admin User - Aug 01, 2026 01:03 PM
IMG

ਗੁਰਦਾਸਪੁਰ : ਬੂਥ ਲੈਵਲ ਅਫ਼ਸਰ (BLO) ਵਜੋਂ ਸੇਵਾਵਾਂ ਨਿਭਾ ਰਹੇ ਇੱਕ ਅਧਿਆਪਕ ਨਾਲ ਹੋਏ ਕਥਿਤ ਦੁਰਵਿਹਾਰ ਨੂੰ ਲੈ ਕੇ ਗੁਰਦਾਸਪੁਰ ਵਿਖੇ ਅਧਿਆਪਕ ਜਗਤ ਵਿੱਚ ਭਾਰੀ ਰੋਸ ਫੈਲ ਗਿਆ ਹੈ। ਈ.ਟੀ.ਟੀ. (ETT) ਅਧਿਆਪਕ ਯੂਨੀਅਨ ਅਤੇ ਹੋਰ ਸਹਿਯੋਗੀ ਅਧਿਆਪਕ ਜਥੇਬੰਦੀਆਂ ਨੇ ਇਕਜੁੱਟ ਹੋ ਕੇ ਐੱਸ.ਡੀ.ਐੱਮ. (SDM) ਦਫ਼ਤਰ ਦੇ ਬਾਹਰ ਜ਼ੋਰਦਾਰ ਧਰਨਾ ਦਿੱਤਾ। ਪ੍ਰਦਰਸ਼ਨਕਾਰੀਆਂ ਨੇ ਦੋਸ਼ ਲਾਇਆ ਕਿ ਪ੍ਰਸ਼ਾਸਨ ਵੱਲੋਂ ਬੀ.ਐੱਲ.ਓ. ਡਿਊਟੀ ਦੇ ਨਾਂ 'ਤੇ ਅਧਿਆਪਕਾਂ ਨਾਲ ਧੱਕੇਸ਼ਾਹੀ ਕੀਤੀ ਜਾ ਰਹੀ ਹੈ।


ਪੀੜਤ ਅਧਿਆਪਕ ਓਂਕਾਰ ਸਿੰਘ, ਜੋ ਪਿਛਲੇ ਤਿੰਨ ਮਹੀਨਿਆਂ ਤੋਂ ਬੀ.ਐੱਲ.ਓ. ਵਜੋਂ ਕੰਮ ਕਰ ਰਹੇ ਹਨ, ਨੇ ਆਪਣਾ ਦੁੱਖ ਬਿਆਨ ਕਰਦਿਆਂ ਦੱਸਿਆ ਕਿ ਚੋਣ ਕਮਿਸ਼ਨ ਵੱਲੋਂ ਵੋਟਰ ਸੂਚੀਆਂ ਦੀ ਸੁਧਾਈ ਦੀ ਆਖ਼ਰੀ ਮਿਤੀ 3 ਅਗਸਤ ਤੈਅ ਕੀਤੀ ਗਈ ਹੈ, ਪਰ ਇਸ ਦੇ ਬਾਵਜੂਦ ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਕੰਮ ਜਲਦੀ ਖ਼ਤਮ ਕਰਨ ਲਈ ਲਗਾਤਾਰ ਬੇਲੋੜਾ ਦਬਾਅ ਪਾਇਆ ਜਾ ਰਿਹਾ ਹੈ।


ਉਨ੍ਹਾਂ ਦੱਸਿਆ ਕਿ ਉਨ੍ਹਾਂ ਕੋਲ 48 ਫਾਰਮ ਸਨ, ਜਿਨ੍ਹਾਂ ਵਿੱਚੋਂ 10 ਫਾਰਮਾਂ ਨੂੰ ਤਰੁੱਟੀਆਂ ਦੱਸ ਕੇ ਵਾਪਸ ਕੀਤਾ ਗਿਆ ਸੀ। ਉਹ ਤੁਰੰਤ ਘਰ-ਘਰ ਜਾ ਕੇ ਫਾਰਮ ਠੀਕ ਕਰਵਾ ਕੇ ਅੱਧੇ ਘੰਟੇ ਵਿੱਚ ਦਫ਼ਤਰ ਪਹੁੰਚੇ। ਦੋਸ਼ ਹੈ ਕਿ ਦਫ਼ਤਰ ਵਿੱਚ ਤਾਇਨਾਤ ਚੋਣ ਇੰਚਾਰਜ ਦੀਪਕ ਕੁਮਾਰ ਨੇ ਉਨ੍ਹਾਂ ਨਾਲ ਬੇਅਦਬੀ ਵਾਲਾ ਰਵੱਈਆ ਅਪਣਾਇਆ, ਹੱਥੋਂ ਫਾਰਮ ਖੋਹ ਕੇ ਹੇਠਾਂ ਸੁੱਟ ਦਿੱਤੇ ਅਤੇ ਉਨ੍ਹਾਂ ਨੂੰ ਕਮਰੇ ਤੋਂ ਬਾਹਰ ਕੱਢ ਦਿੱਤਾ।


ਅਧਿਆਪਕ ਨੇ ਦੋਸ਼ ਲਾਇਆ ਕਿ ਚੋਣ ਇੰਚਾਰਜ ਦੀਪਕ ਕੁਮਾਰ ਪਿਛਲੇ 8 ਤੋਂ 10 ਸਾਲਾਂ ਤੋਂ ਇੱਕੋ ਹੀ ਦਫ਼ਤਰ ਵਿੱਚ ਡਟਿਆ ਹੋਇਆ ਹੈ ਅਤੇ ਆਏ ਦਿਨ ਅਧਿਆਪਕਾਂ ਤੇ ਕਰਮਚਾਰੀਆਂ ਨਾਲ ਅਭੱਦਰ ਵਿਵਹਾਰ ਕਰਦਾ ਹੈ। ਅਧਿਆਪਕ ਜਥੇਬੰਦੀਆਂ ਨੇ ਮੰਗ ਕੀਤੀ ਹੈ ਕਿ ਉਕਤ ਕਰਮਚਾਰੀ ਨੂੰ ਚੋਣ ਦਫ਼ਤਰ ਤੋਂ ਤੁਰੰਤ ਹਟਾ ਕੇ ਉਸ ਦੇ ਮੂਲ ਸਕੂਲ ਵਿੱਚ ਵਾਪਸ ਭੇਜਿਆ ਜਾਵੇ।


ਧਰਨੇ 'ਤੇ ਬੈਠੇ ਅਧਿਆਪਕ ਆਗੂਆਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਬੀ.ਐੱਲ.ਓ. ਅਧਿਆਪਕ ਨਾਲ ਬਦਸਲੂਕੀ ਕਰਨ ਵਾਲੇ ਦੋਸ਼ੀ ਕਰਮਚਾਰੀ ਖ਼ਿਲਾਫ਼ ਸਖ਼ਤ ਵਿਭਾਗੀ ਕਾਰਵਾਈ ਕੀਤੀ ਜਾਵੇ। ਉਨ੍ਹਾਂ ਚੇਤਾਵਨੀ ਦਿੱਤੀ ਕਿ ਜੇਕਰ ਪ੍ਰਸ਼ਾਸਨ ਨੇ ਜਲਦ ਹੀ ਠੋਸ ਕਾਰਵਾਈ ਨਾ ਕੀਤੀ ਤਾਂ ਜ਼ਿਲ੍ਹਾ ਪੱਧਰ 'ਤੇ ਵੱਡੇ ਅੰਦੋਲਨ ਦਾ ਵਿਗੁਲ ਫੂਕਿਆ ਜਾਵੇਗਾ, ਜਿਸ ਦੀ ਪੂਰੀ ਜ਼ਿੰਮੇਵਾਰੀ ਜ਼ਿਲ੍ਹਾ ਪ੍ਰਸ਼ਾਸਨ ਦੀ ਹੋਵੇਗੀ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.