ਤਾਜਾ ਖਬਰਾਂ
ਧਾਰਮਿਕ ਅਸਥਾਨਾਂ ਦੇ ਦਰਸ਼ਨ ਕਰਕੇ ਵਾਪਸ ਪਰਤ ਰਹੇ ਇੱਕ ਸ਼ਰਧਾਲੂ ਪਰਿਵਾਰ 'ਤੇ ਉਸ ਵੇਲੇ ਦੁੱਖਾਂ ਦਾ ਪਹਾੜ ਟੁੱਟ ਪਿਆ, ਜਦੋਂ 20 ਸਾਲਾ ਨੌਜਵਾਨ ਦੀ ਲੋਹੰਡ ਖੱਡ ਵਿੱਚ ਡੁੱਬਣ ਨਾਲ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਅਭਿਸ਼ੇਕ ਪੁੱਤਰ ਰਵਿੰਦਰ ਕੁਮਾਰ, ਵਾਸੀ ਸੈਕਟਰ 25/20, ਚੰਡੀਗੜ੍ਹ ਵਜੋਂ ਹੋਈ ਹੈ। ਉਹ ਆਪਣੇ ਦੋ ਦੋਸਤਾਂ ਨਾਲ ਮਾਤਾ ਨੈਣਾ ਦੇਵੀ ਅਤੇ ਸ੍ਰੀ ਆਨੰਦਪੁਰ ਸਾਹਿਬ ਮੱਥਾ ਟੇਕਣ ਆਇਆ ਸੀ।
ਮਿਲੀ ਜਾਣਕਾਰੀ ਅਨੁਸਾਰ, ਤਿੰਨੋਂ ਦੋਸਤ ਧਾਰਮਿਕ ਸਥਾਨਾਂ ਤੋਂ ਵਾਪਸੀ ਦੌਰਾਨ ਲੋਹੰਡ ਖੱਡ ਕੋਲ ਰੁਕ ਗਏ। ਖੱਡ ਦਾ ਖੂਬਸੂਰਤ ਨਜ਼ਾਰਾ ਦੇਖ ਕੇ ਉਨ੍ਹਾਂ ਨੇ ਪਾਣੀ ਵਿੱਚ ਨਹਾਉਣ ਦਾ ਮਨ ਬਣਾ ਲਿਆ। ਜਿਵੇਂ ਹੀ ਅਭਿਸ਼ੇਕ ਪਾਣੀ 'ਚ ਉਤਰਿਆ, ਉਹ ਅਚਾਨਕ ਡੂੰਘੇ ਪਾਣੀ ਵਿੱਚ ਚਲਾ ਗਿਆ ਅਤੇ ਡੁੱਬਣ ਲੱਗ ਪਿਆ।
ਦੋਸਤਾਂ ਵੱਲੋਂ ਰੌਲਾ ਪਾਉਣ 'ਤੇ ਨੇੜਲੇ ਲੋਕਾਂ ਨੇ ਭਾਰੀ ਮਸ਼ੱਕਤ ਤੋਂ ਬਾਅਦ ਉਸ ਨੂੰ ਪਾਣੀ 'ਚੋਂ ਬਾਹਰ ਕੱਢਿਆ, ਪਰ ਉਦੋਂ ਤੱਕ ਉਸ ਦੀ ਮੌਤ ਹੋ ਚੁੱਕੀ ਸੀ।
ਘਟਨਾ ਦੀ ਇਤਲਾਹ ਮਿਲਦਿਆਂ ਹੀ ਪੁਲਿਸ ਟੀਮ ਨੇ ਮੌਕੇ 'ਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲਿਆ। ਜਾਂਚ ਅਧਿਕਾਰੀ ਏ.ਐੱਸ.ਆਈ. (ASI) ਸੰਜੀਵ ਕੁਮਾਰ ਨੇ ਦੱਸਿਆ ਕਿ ਮ੍ਰਿਤਕ ਦੇ ਪਿਤਾ ਰਵਿੰਦਰ ਕੁਮਾਰ ਦੇ ਬਿਆਨਾਂ ਦੇ ਆਧਾਰ 'ਤੇ ਧਾਰਾ 174 (BNSS) ਤਹਿਤ ਕਾਨੂੰਨੀ ਕਾਰਵਾਈ ਕਰਦਿਆਂ, ਪੋਸਟਮਾਰਟਮ ਤੋਂ ਬਾਅਦ ਲਾਸ਼ ਪਰਿਵਾਰ ਨੂੰ ਸੌਂਪ ਦਿੱਤੀ ਗਈ ਹੈ।
ਇਸ ਦੁਖਦਾਈ ਹਾਦਸੇ ਤੋਂ ਬਾਅਦ ਇਲਾਕਾ ਵਾਸੀਆਂ ਵਿੱਚ ਪ੍ਰਸ਼ਾਸਨ ਵਿਰੁੱਧ ਜ਼ਬਰਦਸਤ ਗੁੱਸਾ ਦੇਖਣ ਨੂੰ ਮਿਲ ਰਿਹਾ ਹੈ। ਲੋਕਾਂ ਦਾ ਦੋਸ਼ ਹੈ ਕਿ ਰੂਪਨਗਰ ਦੇ ਡਿਪਟੀ ਕਮਿਸ਼ਨਰ (DC) ਅਤੇ SDM ਆਨੰਦਪੁਰ ਸਾਹਿਬ ਵੱਲੋਂ ਪਹਿਲਾਂ ਵੀ ਇਸ ਖ਼ਤਰਨਾਕ ਖੱਡ ਦਾ ਦੌਰਾ ਕੀਤਾ ਜਾ ਚੁੱਕਾ ਹੈ, ਪਰ ਇਸ ਦੇ ਬਾਵਜੂਦ ਇੱਥੇ ਕੋਈ ਚੇਤਾਵਨੀ ਬੋਰਡ ਜਾਂ ਸੁਰੱਖਿਆ ਦੇ ਪੁਖ਼ਤਾ ਇੰਤਜ਼ਾਮ ਨਹੀਂ ਕੀਤੇ ਗਏ।
ਸਥਾਨਕ ਲੋਕਾਂ ਅਨੁਸਾਰ ਇਸ ਤੋਂ ਪਹਿਲਾਂ ਵੀ ਕਈ ਨੌਜਵਾਨ ਇੱਥੇ ਆਪਣੀ ਜਾਨ ਗੁਆ ਚੁੱਕੇ ਹਨ, ਪਰ ਪ੍ਰਸ਼ਾਸਨ ਹਰ ਹਾਦਸੇ ਤੋਂ ਬਾਅਦ ਸਿਰਫ਼ ਖੋਖਲੇ ਭਰੋਸੇ ਹੀ ਦਿੰਦਾ ਹੈ। ਲੋਕਾਂ ਨੇ ਮੰਗ ਕੀਤੀ ਹੈ ਕਿ ਖ਼ਤਰਨਾਕ ਥਾਵਾਂ 'ਤੇ ਪਾਬੰਦੀ ਅਤੇ ਸਖ਼ਤ ਨਿਗਰਾਨੀ ਦੇ ਸਥਾਈ ਪ੍ਰਬੰਧ ਕੀਤੇ ਜਾਣ ਤਾਂ ਜੋ ਭਵਿੱਖ ਵਿੱਚ ਅਜਿਹੇ ਕੀਮਤੀ ਸਰਮਾਏ ਨੂੰ ਬਚਾਇਆ ਜਾ ਸਕੇ।
Get all latest content delivered to your email a few times a month.