ਤਾਜਾ ਖਬਰਾਂ
ਜਲੰਧਰ ਦੇ ਡੀ.ਏ.ਵੀ. ਹਾਲਟ (DAV Halt) ਰੇਲਵੇ ਸਟੇਸ਼ਨ ਨੇੜੇ ਸ਼ੁੱਕਰਵਾਰ ਸ਼ਾਮ ਇੱਕ ਦਰਦਨਾਕ ਹਾਦਸਾ ਵਾਪਰਿਆ, ਜਿੱਥੇ ਫ਼ੋਨ 'ਤੇ ਗੱਲ ਕਰਦਿਆਂ ਰੇਲਵੇ ਪਟੜੀਆਂ ਪਾਰ ਕਰ ਰਹੇ ਇੱਕ ਵਿਅਕਤੀ ਦੀ ਟਰੇਨ ਦੀ ਲਪੇਟ 'ਚ ਆਉਣ ਨਾਲ ਮੌਕੇ 'ਤੇ ਹੀ ਮੌਤ ਹੋ ਗਈ। ਇਹ ਪੂਰੀ ਘਟਨਾ ਨੇੜੇ ਲੱਗੇ ਸੀ.ਸੀ.ਟੀ.ਵੀ. (CCTV) ਕੈਮਰੇ 'ਚ ਕੈਦ ਹੋ ਗਈ ਹੈ। ਘਟਨਾ ਦੀ ਸੂਚਨਾ ਮਿਲਦੇ ਹੀ ਰੇਲਵੇ ਪੁਲਿਸ (GRP) ਨੇ ਮੌਕੇ 'ਤੇ ਪਹੁੰਚ ਕੇ ਲਾਸ਼ ਨੂੰ ਕਬਜ਼ੇ 'ਚ ਲਿਆ ਅਤੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤਾ।
ਮ੍ਰਿਤਕ ਦੀ ਪਛਾਣ ਸੁਖਵਿੰਦਰ ਕੁਮਾਰ ਉਰਫ਼ ਟਿੰਕੂ ਵਜੋਂ ਹੋਈ ਹੈ, ਜੋ ਅਸਲ 'ਚ ਵਿਜੇਪੁਰ (ਜੰਮੂ) ਦਾ ਰਹਿਣ ਵਾਲਾ ਸੀ। ਉਹ ਪਿਛਲੇ 4 ਸਾਲਾਂ ਤੋਂ ਜਲੰਧਰ 'ਚ ਰਹਿ ਕੇ ਇੱਕ ਦੁਕਾਨ 'ਤੇ ਸਬਜ਼ੀ ਵੇਚਣ ਦਾ ਕੰਮ ਕਰਦਾ ਸੀ।
ਦੁਕਾਨ ਮਾਲਕ ਸੌਰਭ ਨੇ ਦੱਸਿਆ ਕਿ ਸ਼ੁੱਕਰਵਾਰ ਸ਼ਾਮ ਲਗਭਗ 5:30 ਵਜੇ ਸੁਖਵਿੰਦਰ ਕੰਮ ਖ਼ਤਮ ਕਰਕੇ ਘਰ ਲਈ ਨਿਕਲਿਆ ਸੀ। ਡੀ.ਏ.ਵੀ. ਹਾਲਟ ਨੇੜੇ ਪਹੁੰਚਣ 'ਤੇ ਉਸ ਨੂੰ ਫ਼ੋਨ ਆਇਆ, ਜਿਸ ਤੋਂ ਬਾਅਦ ਉਹ ਫ਼ੋਨ 'ਚ ਰੁੱਝਿਆ ਹੋਇਆ ਹੀ ਪਟੜੀਆਂ ਪਾਰ ਕਰਨ ਲੱਗ ਪਿਆ।
ਚਸ਼ਮਦੀਦਾਂ ਅਨੁਸਾਰ ਉਸੇ ਸਮੇਂ ਇੱਕ ਤੇਜ਼ ਰਫ਼ਤਾਰ ਰੇਲਗੱਡੀ ਆ ਗਈ। ਆਸ-ਪਾਸ ਦੇ ਲੋਕਾਂ ਨੇ ਰੌਲਾ ਪਾ ਕੇ ਉਸ ਨੂੰ ਬਚਾਉਣ ਅਤੇ ਸੁਚੇਤ ਕਰਨ ਦੀ ਕੋਸ਼ਿਸ਼ ਕੀਤੀ, ਪਰ ਫ਼ੋਨ 'ਤੇ ਧਿਆਨ ਹੋਣ ਕਾਰਨ ਉਸ ਨੂੰ ਨਾ ਤਾਂ ਲੋਕਾਂ ਦੀ ਆਵਾਜ਼ ਸੁਣਾਈ ਦਿੱਤੀ ਅਤੇ ਨਾ ਹੀ ਆਉਂਦੀ ਟਰੇਨ ਦਾ ਪਤਾ ਲੱਗਿਆ। ਟੱਕਰ ਇੰਨੀ ਜ਼ਬਰਦਸਤ ਸੀ ਕਿ ਸੁਖਵਿੰਦਰ ਦੀ ਥਾਂ 'ਤੇ ਹੀ ਦਮ ਤੋੜ ਦਿੱਤਾ।
ਜੀ.ਆਰ.ਪੀ. (GRP) ਸਟੇਸ਼ਨ ਦੇ ਹੈੱਡ ਕਾਂਸਟੇਬਲ ਪ੍ਰਿਤਪਾਲ ਸਿੰਘ ਨੇ ਦੱਸਿਆ ਕਿ ਕੰਟਰੋਲ ਰੂਮ ਤੋਂ ਸੂਚਨਾ ਮਿਲਦਿਆਂ ਹੀ ਪੁਲਿਸ ਟੀਮ ਨੇ ਘਟਨਾ ਸਥਾਨ ਦਾ ਜਾਇਜ਼ਾ ਲਿਆ। ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ। ਪੁਲਿਸ ਅਧਿਕਾਰੀ ਅਨੁਸਾਰ, ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਦੇ ਬਿਆਨ ਦਰਜ ਕੀਤੇ ਜਾ ਰਹੇ ਹਨ ਅਤੇ ਪੋਸਟਮਾਰਟਮ ਤੋਂ ਬਾਅਦ ਲਾਸ਼ ਵਾਰਸਾਂ ਹਵਾਲੇ ਕਰ ਦਿੱਤੀ ਜਾਵੇਗੀ।
Get all latest content delivered to your email a few times a month.