ਤਾਜਾ ਖਬਰਾਂ
ਤਿਉਹਾਰੀ ਸੀਜ਼ਨ ਤੋਂ ਪਹਿਲਾਂ ਮੋਹਾਲੀ ਦੇ ਲਾਲੜੂ ਇਲਾਕੇ ਵਿੱਚ ਪੁਲਿਸ ਨੇ ਗੈਰ-ਕਾਨੂੰਨੀ ਪਟਾਕਿਆਂ ਦੇ ਕਾਰੋਬਾਰ ਖ਼ਿਲਾਫ਼ ਵੱਡੀ ਕਾਰਵਾਈ ਕਰਦਿਆਂ ਇੱਕ ਸੰਭਾਵਿਤ ਵੱਡੇ ਹਾਦਸੇ ਨੂੰ ਟਾਲ ਦਿੱਤਾ। ਗੁਪਤ ਸੂਚਨਾ ਦੇ ਆਧਾਰ 'ਤੇ ਲਾਲੜੂ ਪੁਲਿਸ ਨੇ ਡਹਿਰ ਰੋਡ ਸਥਿਤ 'ਬਾਣੀਆ ਟਰੇਡਿੰਗ' ਅਤੇ ਉਸ ਨਾਲ ਲੱਗਦੇ ਇੱਕ ਰਿਹਾਇਸ਼ੀ ਮਕਾਨ 'ਤੇ ਛਾਪਾ ਮਾਰਿਆ, ਜਿੱਥੇ ਬਿਨਾਂ ਲਾਇਸੈਂਸ ਦੇ ਪਟਾਕਿਆਂ ਦਾ ਭੰਡਾਰਨ ਅਤੇ ਨਿਰਮਾਣ ਕੀਤਾ ਜਾ ਰਿਹਾ ਸੀ।
ਤਲਾਸ਼ੀ ਦੌਰਾਨ ਪੁਲਿਸ ਨੇ 54 ਵੱਡੇ ਅਤੇ 84 ਛੋਟੇ ਡੱਬਿਆਂ ਵਿੱਚ ਭਰੇ ਤਿਆਰ ਪਟਾਕੇ ਬਰਾਮਦ ਕੀਤੇ। ਇਸ ਤੋਂ ਇਲਾਵਾ ਪਟਾਕੇ ਤਿਆਰ ਕਰਨ ਲਈ ਵਰਤਿਆ ਜਾਣ ਵਾਲਾ 25 ਬੋਰਾ ਕੱਚਾ ਮਾਲ ਵੀ ਜ਼ਬਤ ਕੀਤਾ ਗਿਆ, ਜਿਸ ਵਿੱਚ ਗੰਧਕ, ਪੋਟਾਸ਼, ਸਲਫਰ ਅਤੇ ਹੋਰ ਜਲਣਸ਼ੀਲ ਰਸਾਇਣ ਸ਼ਾਮਲ ਸਨ। ਜਾਂਚ ਦੌਰਾਨ ਮੌਕੇ 'ਤੇ ਮੌਜੂਦ ਵਿਅਕਤੀ ਇਸ ਵਿਸਫੋਟਕ ਸਮੱਗਰੀ ਦੇ ਸਬੰਧ ਵਿੱਚ ਕੋਈ ਵੈਧ ਲਾਇਸੈਂਸ ਜਾਂ ਲੋੜੀਂਦੇ ਦਸਤਾਵੇਜ਼ ਪੇਸ਼ ਨਹੀਂ ਕਰ ਸਕੇ।
ਕਾਰਵਾਈ ਦੌਰਾਨ ਪੁਲਿਸ ਨੇ ਦੋ ਸਕੇ ਭਰਾਵਾਂ ਅਕਸ਼ੈ ਗੁਪਤਾ ਅਤੇ ਅਕਸ਼ਿਤ ਗੁਪਤਾ ਨੂੰ ਮੌਕੇ ਤੋਂ ਗ੍ਰਿਫ਼ਤਾਰ ਕਰ ਲਿਆ, ਜਦਕਿ ਉਨ੍ਹਾਂ ਦਾ ਸਾਥੀ ਸੰਜੇ ਗੁਪਤਾ ਪੁਲਿਸ ਨੂੰ ਚਕਮਾ ਦੇ ਕੇ ਫ਼ਰਾਰ ਹੋ ਗਿਆ। ਗ੍ਰਿਫ਼ਤਾਰ ਕੀਤੇ ਗਏ ਦੋਵਾਂ ਮੁਲਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ 'ਤੇ ਲਿਆ ਗਿਆ ਹੈ ਤਾਂ ਜੋ ਇਸ ਗੈਰ-ਕਾਨੂੰਨੀ ਧੰਦੇ ਨਾਲ ਜੁੜੇ ਹੋਰ ਲੋਕਾਂ ਅਤੇ ਸਪਲਾਈ ਚੇਨ ਬਾਰੇ ਜਾਣਕਾਰੀ ਹਾਸਲ ਕੀਤੀ ਜਾ ਸਕੇ।
ਉੱਧਰ, ਫ਼ਰਾਰ ਮੁਲਜ਼ਮ ਸੰਜੇ ਗੁਪਤਾ ਦੀ ਗ੍ਰਿਫ਼ਤਾਰੀ ਲਈ ਪੁਲਿਸ ਵੱਲੋਂ ਲਗਾਤਾਰ ਛਾਪੇਮਾਰੀ ਕੀਤੀ ਜਾ ਰਹੀ ਹੈ। ਪੁਲਿਸ ਦਾ ਕਹਿਣਾ ਹੈ ਕਿ ਤਿਉਹਾਰਾਂ ਦੇ ਮੱਦੇਨਜ਼ਰ ਗੈਰ-ਕਾਨੂੰਨੀ ਵਿਸਫੋਟਕ ਸਮੱਗਰੀ ਦੇ ਭੰਡਾਰਨ ਅਤੇ ਵਿਕਰੀ ਖ਼ਿਲਾਫ਼ ਮੁਹਿੰਮ ਹੋਰ ਤੇਜ਼ ਕੀਤੀ ਜਾਵੇਗੀ ਤਾਂ ਜੋ ਲੋਕਾਂ ਦੀ ਸੁਰੱਖਿਆ ਯਕੀਨੀ ਬਣਾਈ ਜਾ ਸਕੇ।
Get all latest content delivered to your email a few times a month.