ਤਾਜਾ ਖਬਰਾਂ
ਪ੍ਰੀਖਿਆ ਪੇਪਰ ਲੀਕ ਮਾਮਲੇ ਤੋਂ ਬਾਅਦ ਹੁਣ ਵਿਰੋਧੀ ਧਿਰਾਂ ਨੇ ਰਾਮ ਮੰਦਰ ਅਯੁੱਧਿਆ 'ਚ ਸ਼ਰਧਾਲੂਆਂ ਵੱਲੋਂ ਚੜ੍ਹਾਏ ਜਾਣ ਵਾਲੇ ਦਾਨ ਦੀ ਕਥਿਤ ਹੇਰਾਫੇਰੀ ਨੂੰ ਲੈ ਕੇ ਸਰਕਾਰ ਘੇਰਨੀ ਸ਼ੁਰੂ ਕਰ ਦਿੱਤੀ ਹੈ। ਸ਼ੁੱਕਰਵਾਰ ਨੂੰ ਲੋਕ ਸਭਾ ਅਤੇ ਰਾਜ ਸਭਾ ਦੇ ਬਾਹਰ ਸੰਸਦ ਪਰਿਸਰ ਅੰਦਰ ਵਿਰੋਧੀ ਧਿਰ ਦੇ ਆਗੂਆਂ ਨੇ ਨਾਟਕੀ ਅੰਦਾਜ਼ 'ਚ ਜ਼ੋਰਦਾਰ ਪ੍ਰਦਰਸ਼ਨ ਕੀਤਾ। ਵਿਰੋਧੀ ਧਿਰ ਨੇ ਦੋਸ਼ ਲਾਇਆ ਕਿ ਮੰਦਰ 'ਚ ਚੜ੍ਹਾਵੇ ਦੀ ਸ਼ਰੇਆਮ ਲੁੱਟ ਹੋ ਰਹੀ ਹੈ ਅਤੇ ਇਸ ਵਿਸ਼ੇ 'ਤੇ ਸੰਸਦ ਅੰਦਰ ਤੁਰੰਤ ਬਹਿਸ ਕਰਵਾਈ ਜਾਵੇ।
ਪ੍ਰਦਰਸ਼ਨ ਦੌਰਾਨ ਪੂਰਨੀਆ ਤੋਂ ਨਿਰਦਲੀਆਂ ਸੰਸਦ ਮੈਂਬਰ ਪੱਪੂ ਯਾਦਵ ਭਗਵੇ ਕੱਪੜੇ ਪਹਿਨ ਕੇ ਸਾਧੂ ਦੇ ਰੂਪ 'ਚ ਮਕਰ ਦੁਆਰ 'ਤੇ ਆ ਬੈਠੇ। ਇਸੇ ਦੌਰਾਨ ਸਮਾਜਵਾਦੀ ਪਾਰਟੀ ਦੀ ਨੇਤਾ ਡਿੰਪਲ ਯਾਦਵ ਨੇ ਉਨ੍ਹਾਂ ਦੇ ਅੱਗੇ ਦਾਨ ਪੇਟੀ ਰੱਖ ਦਿੱਤੀ। ਇਸ ਤੋਂ ਬਾਅਦ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਸਮੇਤ ਕਈ ਹੋਰ ਸੰਸਦ ਮੈਂਬਰਾਂ ਨੇ ਆ ਕੇ ਉਸ ਬਾਕਸ 'ਚ ਪੈਸੇ ਪਾਏ।
ਜਿਵੇਂ ਹੀ ਰਾਹੁਲ ਗਾਂਧੀ ਨੇ ਦਾਨ ਦਿੱਤਾ, ਤਾਂ ਪੱਪੂ ਯਾਦਵ ਨੇ ਤੁਰੰਤ ਉਹ ਪੈਸੇ ਕੱਢ ਕੇ ਆਪਣੀ ਜੇਬ 'ਚ ਰੱਖ ਲਏ। ਇਸ ਦ੍ਰਿਸ਼ ਰਾਹੀਂ ਇਹ ਦਿਖਾਉਣ ਦੀ ਕੋਸ਼ਿਸ਼ ਕੀਤੀ ਗਈ ਕਿ ਅਯੁੱਧਿਆ 'ਚ ਵੀ ਸ਼ਰਧਾਲੂਆਂ ਦੇ ਚੜ੍ਹਾਵੇ ਨਾਲ ਅਜਿਹੀ ਹੀ ਹੇਰਾਫੇਰੀ ਕੀਤੀ ਗਈ ਹੈ। ਇਸ ਮੌਕੇ ਬਾਕੀ ਨੇਤਾਵਾਂ ਨੇ "ਚੰਦਾ ਚੋਰ, ਚੰਦਾ ਚੋਰ" ਦੇ ਜ਼ੋਰਦਾਰ ਨਾਅਰੇ ਲਾਏ।
ਫੈਜ਼ਾਬਾਦ (ਅਯੁੱਧਿਆ) ਤੋਂ ਸੰਸਦ ਮੈਂਬਰ ਅਵਧੇਸ਼ ਪ੍ਰਸਾਦ ਨੇ ਆਖਿਆ ਕਿ ਅਖਿਲੇਸ਼ ਯਾਦਵ ਦੀ ਅਗਵਾਈ ਹੇਠ ਸ਼ੁਰੂ ਹੋਈ ਇਹ ਲੜਾਈ ਹੁਣ ਪੂਰੇ ਦੇਸ਼ ਦਾ ਮੁੱਦਾ ਬਣ ਚੁੱਕੀ ਹੈ। ਉਨ੍ਹਾਂ ਕਿਹਾ ਕਿ ਅਯੁੱਧਿਆ ਦੇ ਜਨਤਾ ਦੇ ਫ਼ਤਵੇ ਅਨੁਸਾਰ ਉਹ ਭਗਵਾਨ ਸ੍ਰੀ ਰਾਮ ਦੀ ਪਵਿੱਤਰ ਧਰਤੀ ਦਾ ਅਪਮਾਨ ਨਹੀਂ ਹੋਣ ਦੇਣਗੇ ਅਤੇ ਸੰਸਦ ਅੰਦਰ ਸਰਕਾਰ ਨੂੰ ਜਵਾਬਦੇਹ ਬਣਾਉਣਗੇ।
ਸਮਾਜਵਾਦੀ ਪਾਰਟੀ ਦੇ ਸੰਸਦ ਮੈਂਬਰ ਧਰਮਿੰਦਰ ਯਾਦਵ ਨੇ ਦਾਅਵਾ ਕੀਤਾ ਕਿ ਅਯੁੱਧਿਆ 'ਚ ਸ਼ਰਧਾਲੂਆਂ ਨੂੰ ਦਾਨ ਦੀਆਂ ਰਸੀਦਾਂ ਨਹੀਂ ਦਿੱਤੀਆਂ ਜਾਂਦੀਆਂ ਅਤੇ ਚੜ੍ਹਾਵਾ ਗੋਲਕ 'ਚ ਪਹੁੰਚਣ ਤੋਂ ਪਹਿਲਾਂ ਹੀ ਗਾਇਬ ਕਰ ਦਿੱਤਾ ਜਾਂਦਾ ਹੈ। ਉਨ੍ਹਾਂ ਦੋਸ਼ ਲਾਇਆ ਕਿ ਸੀਸੀਟੀਵੀ 'ਚ ਹੇਰਾਫੇਰੀ ਦੀਆਂ 70 ਵੀਡੀਓਜ਼ ਰਿਕਾਰਡ ਹੋਈਆਂ ਸਨ, ਪਰ ਸਬੂਤ ਮਿਟਾਉਣ ਲਈ ਪੁਰਾਣੀ ਫੁਟੇਜ ਡਿਲੀਟ ਕਰ ਦਿੱਤੀ ਗਈ। ਧਰਮਿੰਦਰ ਯਾਦਵ ਅਨੁਸਾਰ 2020 'ਚ ਟਰੱਸਟ ਬਣਨ ਤੋਂ ਬਾਅਦ ਹੀ ਇਹ ਪੈਸਾ ਭਾਜਪਾ, ਆਰ.ਐੱਸ.ਐੱਸ. ਅਤੇ ਵੀ.ਐੱਚ.ਪੀ. ਨਾਲ ਜੁੜੇ ਲੋਕਾਂ ਦੀਆਂ ਜੇਬਾਂ 'ਚ ਜਾ ਰਿਹਾ ਹੈ।
ਚੜ੍ਹਾਵਾ ਚੋਰੀ ਦੇ ਮੁੱਦੇ ਤੋਂ ਇਲਾਵਾ, ਵਿਰੋਧੀ ਧਿਰ ਦੇ ਨੇਤਾਵਾਂ ਨੇ ਪ੍ਰਦਰਸ਼ਨ ਕਰ ਰਹੇ ਵਿਦਿਆਰਥੀਆਂ 'ਤੇ ਦਿੱਲੀ ਪੁਲਿਸ ਵੱਲੋਂ ਕੀਤੇ ਗਏ ਲਾਠੀਚਾਰਜ ਦੀ ਵੀ ਕਰੜੀ ਨਿਖੇਧੀ ਕੀਤੀ। ਸੰਸਦ ਪਰਿਸਰ ਵਿੱਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਅਸਤੀਫ਼ੇ ਦੀ ਮੰਗ ਨੂੰ ਲੈ ਕੇ ਵੀ ਨਾਅਰੇਬਾਜ਼ੀ ਕੀਤੀ ਗਈ।
Get all latest content delivered to your email a few times a month.