IMG-LOGO
ਹੋਮ ਪੰਜਾਬ: ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ 'ਤੇ ਪਾਕਿਸਤਾਨ...

ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ 'ਤੇ ਪਾਕਿਸਤਾਨ ਜਾਣ ਵਾਲੇ ਜਥੇ ਲਈ SGPC ਦੀ ਅਪੀਲ: 10 ਅਗਸਤ ਤੱਕ ਜਮ੍ਹਾਂ ਕਰਵਾਓ ਪਾਸਪੋਰਟ

Admin User - Jul 31, 2026 01:13 PM
IMG

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਨੇ ਧੰਨ-ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪਾਵਨ ਪ੍ਰਕਾਸ਼ ਗੁਰਪੁਰਬ ਮੌਕੇ ਪਾਕਿਸਤਾਨ ਸਥਿਤ ਗੁਰਧਾਮਾਂ ਦੇ ਦਰਸ਼ਨਾਂ ਲਈ ਜਾਣ ਵਾਲੇ ਸਿੱਖ ਸ਼ਰਧਾਲੂਆਂ ਲਈ ਅਹਿਮ ਸੂਚਨਾ ਜਾਰੀ ਕੀਤੀ ਹੈ। ਸ਼੍ਰੋਮਣੀ ਕਮੇਟੀ ਦੇ ਸਕੱਤਰ ਬਲਦੇਵ ਸਿੰਘ ਕਾਹਲਵਾਂ ਨੇ ਸਮੂਹ ਸੰਗਤਾਂ ਨੂੰ ਅਪੀਲ ਕੀਤੀ ਹੈ ਕਿ ਯਾਤਰਾ 'ਚ ਸ਼ਾਮਲ ਹੋਣ ਦੇ ਚਾਹਵਾਨ ਸ਼ਰਧਾਲੂ 10 ਅਗਸਤ ਤੱਕ ਆਪਣੇ ਪਾਸਪੋਰਟ ਅਤੇ ਲੋੜੀਂਦੇ ਦਸਤਾਵੇਜ਼ ਸ਼੍ਰੋਮਣੀ ਕਮੇਟੀ ਦਫ਼ਤਰ 'ਚ ਹਰ ਹਾਲਤ ਜਮ੍ਹਾਂ ਕਰਵਾ ਦੇਣ।


ਮੀਡੀਆ ਨਾਲ ਗੱਲਬਾਤ ਕਰਦਿਆਂ ਬਲਦੇਵ ਸਿੰਘ ਕਾਹਲਵਾਂ ਨੇ ਦੱਸਿਆ ਕਿ ਸ਼੍ਰੋਮਣੀ ਕਮੇਟੀ ਵੱਲੋਂ ਪੰਜਾਬ ਤੋਂ ਲਗਭਗ 1800 ਸ਼ਰਧਾਲੂਆਂ ਦਾ ਜਥਾ ਸ੍ਰੀ ਨਨਕਾਣਾ ਸਾਹਿਬ ਭੇਜਿਆ ਜਾਵੇਗਾ। ਯਾਤਰਾ 'ਤੇ ਜਾਣ ਵਾਲੇ ਸ਼ਰਧਾਲੂਆਂ ਲਈ ਪਾਸਪੋਰਟ ਦੀ ਫੋਟੋਕਾਪੀ, ਇੱਕ ਪਾਸਪੋਰਟ ਸਾਈਜ਼ ਫੋਟੋ ਅਤੇ ਸ਼ਨਾਖਤੀ ਕਾਰਡ 10 ਅਗਸਤ ਤੱਕ ਜਮ੍ਹਾਂ ਕਰਵਾਉਣਾ ਲਾਜ਼ਮੀ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਨਿਰਧਾਰਤ ਮਿਤੀ ਤੋਂ ਬਾਅਦ ਕੋਈ ਵੀ ਅਰਜ਼ੀ ਸਵੀਕਾਰ ਨਹੀਂ ਕੀਤੀ ਜਾਵੇਗੀ, ਕਿਉਂਕਿ ਦੋਵਾਂ ਦੇਸ਼ਾਂ ਦੀਆਂ ਸੁਰੱਖਿਆ ਏਜੰਸੀਆਂ ਵੱਲੋਂ ਵੀਜ਼ਾ ਪ੍ਰਕਿਰਿਆ ਅਤੇ ਪੜਤਾਲ ਲਈ ਸਮਾਂ ਲੱਗਦਾ ਹੈ।


ਕਾਹਲਵਾਂ ਨੇ ਦੱਸਿਆ ਕਿ ਇਹ ਸ਼ਰਧਾਲੂ ਜਥਾ 22 ਨਵੰਬਰ ਨੂੰ ਅੰਮ੍ਰਿਤਸਰ ਤੋਂ ਰਵਾਨਾ ਹੋ ਕੇ ਸ੍ਰੀ ਨਨਕਾਣਾ ਸਾਹਿਬ ਪਹੁੰਚੇਗਾ, ਜਿੱਥੇ 24 ਨਵੰਬਰ ਨੂੰ ਪ੍ਰਕਾਸ਼ ਪੁਰਬ ਦਿਹਾੜਾ ਅਥਾਹ ਸ਼ਰਧਾ ਨਾਲ ਮਨਾਇਆ ਜਾਵੇਗਾ। 10 ਦਿਨਾਂ ਦੀ ਇਸ ਪਾਵਨ ਯਾਤਰਾ ਦੌਰਾਨ ਸੰਗਤਾਂ 1947 ਦੀ ਵੰਡ ਵੇਲੇ ਵਿਛੜੇ ਹੋਰ ਇਤਿਹਾਸਕ ਗੁਰਧਾਮਾਂ ਦੇ ਦਰਸ਼ਨ-ਦੀਦਾਰ ਕਰਨ ਉਪਰੰਤ 3 ਦਸੰਬਰ ਨੂੰ ਭਾਰਤ ਵਾਪਸ ਪਰਤਣਗੀਆਂ।


ਸ਼੍ਰੋਮਣੀ ਕਮੇਟੀ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਇਕੱਲੀਆਂ ਯਾਤਰਾ ਕਰਨ ਵਾਲੀਆਂ ਮਹਿਲਾਵਾਂ ਵੀ ਇਸ ਜਥੇ ਵਿੱਚ ਸ਼ਾਮਲ ਹੋ ਸਕਦੀਆਂ ਹਨ। ਹਾਲਾਂਕਿ, ਉਨ੍ਹਾਂ ਲਈ ਆਪਣੇ ਪਰਿਵਾਰਕ ਮੈਂਬਰ, ਸਰਪੰਚ ਜਾਂ ਨੰਬਰਦਾਰ ਵੱਲੋਂ ਜਾਰੀ ਕੀਤਾ ਘੋਸ਼ਣਾ ਪੱਤਰ (ਐਨ.ਓ.ਸੀ.) ਜਮ੍ਹਾਂ ਕਰਵਾਉਣਾ ਲਾਜ਼ਮੀ ਹੋਵੇਗਾ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.