IMG-LOGO
ਹੋਮ ਪੰਜਾਬ: ਡੇਰਾ ਬਾਬਾ ਨਾਨਕ: ਸਰਕਾਰੀ ਸਕੂਲ 'ਚੋਂ 10ਵੀਂ ਦਾ 14 ਸਾਲਾ...

ਡੇਰਾ ਬਾਬਾ ਨਾਨਕ: ਸਰਕਾਰੀ ਸਕੂਲ 'ਚੋਂ 10ਵੀਂ ਦਾ 14 ਸਾਲਾ ਵਿਦਿਆਰਥੀ ਸ਼ੱਕੀ ਹਾਲਾਤ 'ਚ ਗਾਇਬ; ਪਰਿਵਾਰ ਦਾ ਸਕੂਲ ਅੱਗੇ ਹੰਗਾਮਾ, ਅਗਵਾ ਦਾ ਕੇਸ ਦਰਜ

Admin User - Jul 31, 2026 11:49 AM
IMG

ਕਸਬਾ ਡੇਰਾ ਬਾਬਾ ਨਾਨਕ ਸਥਿਤ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਤੋਂ 10ਵੀਂ ਜਮਾਤ ਦਾ 14 ਸਾਲਾ ਵਿਦਿਆਰਥੀ ਮਨਜੋਤ ਸਿੰਘ ਅਚਾਨਕ ਸ਼ੱਕੀ ਹਾਲਾਤਾਂ ਵਿੱਚ ਗਾਇਬ ਹੋ ਗਿਆ, ਜਿਸ ਨਾਲ ਪੂਰੇ ਇਲਾਕੇ ਵਿੱਚ ਸਨਸਨੀ ਫੈਲ ਗਈ ਹੈ। ਛੁੱਟੀ ਤੋਂ ਬਾਅਦ ਵੀ ਜਦੋਂ ਬੱਚਾ ਘਰ ਨਹੀਂ ਪਹੁੰਚਿਆ ਤਾਂ ਗੁੱਸੇ ਵਿੱਚ ਆਏ ਪਰਿਵਾਰਕ ਮੈਂਬਰਾਂ ਨੇ ਸਕੂਲ ਪਹੁੰਚ ਕੇ ਭਾਰੀ ਹੰਗਾਮਾ ਕੀਤਾ ਅਤੇ ਸਕੂਲ ਪ੍ਰਸ਼ਾਸਨ 'ਤੇ ਸੁਰੱਖਿਆ 'ਚ ਵੱਡੀ ਲਾਪਰਵਾਹੀ ਦੇ ਗੰਭੀਰ ਦੋਸ਼ ਲਗਾਏ। ਪੁਲਿਸ ਨੇ ਵਿਦਿਆਰਥੀ ਦੀ ਦਾਦੀ ਦੇ ਬਿਆਨਾਂ ਦੇ ਆਧਾਰ 'ਤੇ ਅਗਵਾ ਦੀਆਂ ਧਾਰਾਵਾਂ ਤਹਿਤ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।


ਪਰਿਵਾਰ ਮੁਤਾਬਕ ਮਨਜੋਤ ਰੋਜ਼ਾਨਾ ਦੁਪਹਿਰ 2 ਵਜੇ ਤੱਕ ਘਰ ਆ ਜਾਂਦਾ ਸੀ, ਪਰ ਢਾਈ ਵਜੇ ਤੱਕ ਵੀ ਨਾ ਪਹੁੰਚਣ 'ਤੇ ਭਾਲ ਸ਼ੁਰੂ ਕੀਤੀ ਗਈ। ਪਰਿਵਾਰ ਨੂੰ ਖ਼ਦਸ਼ਾ ਹੈ ਕਿ ਕਿਸੇ ਅਣਪਛਾਤੇ ਵਿਅਕਤੀ ਨੇ 'ਤੇਰੇ ਪਾਪਾ ਆਏ ਹਨ' ਦਾ ਬਹਾਨਾ ਬਣਾ ਕੇ ਬੱਚੇ ਨੂੰ ਉਤਸੁਕਤਾ 'ਚ ਬਾਹਰ ਬੁਲਾ ਲਿਆ ਅਤੇ ਅਗਵਾ ਕਰ ਲਿਆ।


ਘਟਨਾ ਦੇ ਸਮੇਂ ਸਰਦਾਰ ਪਰਮਿੰਦਰ ਸਿੰਘ ਬੇਦੀ ਸਕੂਲ ਇੰਚਾਰਜ ਸਨ। ਮਾਮਲੇ 'ਤੇ ਸਫ਼ਾਈ ਦਿੰਦਿਆਂ ਅਧਿਆਪਕਾ ਮਨਦੀਪ ਕੌਰ ਨੇ ਦੱਸਿਆ ਕਿ ਉਨ੍ਹਾਂ ਨੂੰ ਘਟਨਾ ਦਾ ਪਤਾ ਅਗਲੀ ਸਵੇਰ ਲੱਗਿਆ। ਸਕੂਲ 'ਚ ਇਹ ਚਰਚਾ ਸੀ ਕਿ ਬੱਚੇ ਦੇ ਪਿਤਾ ਹੀ ਉਸ ਨੂੰ ਨਾਲ ਲੈ ਗਏ ਹਨ। ਅਧਿਆਪਕਾ ਨੇ ਮੰਨਿਆ ਕਿ ਹਾਲ ਹੀ 'ਚ ਹੋਈ ਬਾਰਿਸ਼ ਕਾਰਨ ਸਕੂਲ ਦੇ ਸੀਸੀਟੀਵੀ (CCTV) ਕੈਮਰੇ ਖ਼ਰਾਬ ਹੋ ਗਏ ਸਨ। ਇਸ ਤੋਂ ਇਲਾਵਾ 500 ਤੋਂ ਘੱਟ ਵਿਦਿਆਰਥੀ (ਮੌਜੂਦਾ ਗਿਣਤੀ ਲਗਭਗ 400) ਹੋਣ ਕਾਰਨ ਸਰਕਾਰੀ ਨਿਯਮਾਂ ਅਨੁਸਾਰ ਸਕੂਲ 'ਚ ਕੋਈ ਸੁਰੱਖਿਆ ਗਾਰਡ ਜਾਂ ਗੇਟਕੀਪਰ ਤਾਇਨਾਤ ਨਹੀਂ ਹੈ।


ਵਿਦਿਆਰਥੀ ਦੇ ਮਾਮੇ ਅਤੇ ਪਰਿਵਾਰਕ ਮੈਂਬਰਾਂ ਨੇ ਸਕੂਲ ਦੇ ਦਾਅਵਿਆਂ ਨੂੰ ਸਿਰੇ ਤੋਂ ਖ਼ਾਰਜ ਕਰਦਿਆਂ ਕਿਹਾ ਕਿ ਮਨਜੋਤ ਦਾ ਪਿਤਾ ਪਿਛਲੇ 4 ਸਾਲਾਂ ਤੋਂ ਗਾਇਬ/ਫ਼ਰਾਰ ਹੈ। ਅਜਿਹੇ 'ਚ ਸਕੂਲ ਪ੍ਰਸ਼ਾਸਨ ਪਿਤਾ ਦੇ ਲੈ ਜਾਣ ਦਾ ਬਹਾਨਾ ਬਣਾ ਕੇ ਆਪਣੀ ਜ਼ਿੰਮੇਵਾਰੀ ਤੋਂ ਭੱਜ ਨਹੀਂ ਸਕਦਾ। ਪਰਿਵਾਰ ਨੇ ਸਵਾਲ ਚੁੱਕਿਆ ਕਿ ਬਿਨਾਂ ਪਛਾਣ ਕੀਤੇ 14 ਸਾਲ ਦੇ ਬੱਚੇ ਨੂੰ ਕਿਸੇ ਅਣਜਾਣ ਵਿਅਕਤੀ ਨਾਲ ਕਿਵੇਂ ਜਾਣ ਦਿੱਤਾ ਗਿਆ? ਸਕੂਲ ਸਮੇਂ ਦੌਰਾਨ ਬੱਚੇ ਦੀ ਸੁਰੱਖਿਆ ਦੀ ਪੂਰੀ ਜ਼ਿੰਮੇਵਾਰੀ ਸਟਾਫ਼ ਦੀ ਹੁੰਦੀ ਹੈ।


ਜਾਂਚ ਅਧਿਕਾਰੀ ਨੇ ਦੱਸਿਆ ਕਿ ਬੱਚੇ ਦੀ ਦਾਦੀ ਅਮਰਜੀਤ ਕੌਰ ਦੀ ਸ਼ਿਕਾਇਤ 'ਤੇ ਭਾਰਤੀ ਨਿਆਇ ਸੰਹਿਤਾ (BNS) ਦੀ ਧਾਰਾ 137(2) ਤਹਿਤ ਕੇਸ ਦਰਜ ਕਰ ਲਿਆ ਗਿਆ ਹੈ। ਆਸ-ਪਾਸ ਦੇ ਬਾਜ਼ਾਰਾਂ ਅਤੇ ਰਸਤਿਆਂ 'ਚ ਲੱਗੇ ਨਿੱਜੀ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਖੰਗਾਲੀ ਜਾ ਰਹੀ ਹੈ। ਪੁਲਿਸ ਮੁਤਾਬਕ ਉੱਚ ਅਧਿਕਾਰੀਆਂ ਨੂੰ ਮਾਮਲੇ ਤੋਂ ਜਾਣੂ ਕਰਵਾ ਦਿੱਤਾ ਗਿਆ ਹੈ ਅਤੇ ਜਲਦ ਹੀ ਬੱਚੇ ਨੂੰ ਸਹੀ-ਸਲਾਮਤ ਬਰਾਮਦ ਕਰਕੇ ਦੋਸ਼ੀਆਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.