IMG-LOGO
ਹੋਮ ਰਾਸ਼ਟਰੀ: ਮਹਾਰਾਸ਼ਟਰ: ਭਿਵੰਡੀ 'ਚ 4 ਮੰਜ਼ਿਲਾ ਇਮਾਰਤ ਦਾ ਹਿੱਸਾ ਢਹਿਣ ਨਾਲ...

ਮਹਾਰਾਸ਼ਟਰ: ਭਿਵੰਡੀ 'ਚ 4 ਮੰਜ਼ਿਲਾ ਇਮਾਰਤ ਦਾ ਹਿੱਸਾ ਢਹਿਣ ਨਾਲ ਵੱਡਾ ਦੁਖਾਂਤ; 3 ਮਜ਼ਦੂਰਾਂ ਦੀ ਮੌਤ, ਕਈ ਹੋਰਾਂ ਦੇ ਮਲਬੇ ਹੇਠ ਫਸਣ ਦਾ ਖ਼ਦਸ਼ਾ

Admin User - Jul 31, 2026 10:35 AM
IMG

ਮਹਾਰਾਸ਼ਟਰ ਦੇ ਠਾਣੇ ਜ਼ਿਲ੍ਹੇ ਅਧੀਨ ਪੈਂਦੇ ਭਿਵੰਡੀ ਦੇ ਨਾਰਪੋਲੀ ਇਲਾਕੇ ਵਿੱਚ ਸ਼ੁੱਕਰਵਾਰ ਨੂੰ ਇੱਕ ਦਰਦਨਾਕ ਹਾਦਸਾ ਵਾਪਰਿਆ। ਭੰਡਾਰੀ ਕੰਪਾਊਂਡ ਵਿੱਚ ਸਥਿਤ ਚਾਰ ਮੰਜ਼ਿਲਾ 'ਕੋਹਿਨੂਰ' ਇਮਾਰਤ ਦਾ ਇੱਕ ਵੱਡਾ ਹਿੱਸਾ ਅਚਾਨਕ ਤਾਸ਼ ਦੇ ਪੱਤਿਆਂ ਵਾਂਗ ਢਹਿ ਢੇਰੀ ਹੋ ਗਿਆ। ਇਸ ਭਿਆਨਕ ਹਾਦਸੇ 'ਚ ਮਲਬੇ ਹੇਠਾਂ ਦੱਬਣ ਕਾਰਨ 3 ਮਜ਼ਦੂਰਾਂ ਦੀ ਮੌਤ ਹੋ ਗਈ, ਜਦਕਿ ਕੁਝ ਹੋਰ ਲੋਕਾਂ ਦੇ ਫਸੇ ਹੋਣ ਦੀ ਆਸ਼ੰਕਾ ਹੈ। ਘਟਨਾ ਤੋਂ ਬਾਅਦ ਇਲਾਕੇ 'ਚ ਹੜਕੰਪ ਮਚ ਗਿਆ। ਸੂਚਨਾ ਮਿਲਦੇ ਹੀ ਪੁਲਿਸ, ਭਿਵੰਡੀ-ਨਿਜ਼ਾਮਪੁਰ ਨਗਰ ਨਿਗਮ ਅਤੇ ਐੱਨ.ਡੀ.ਆਰ.ਐੱਫ਼. (NDRF) ਦੀਆਂ ਟੀਮਾਂ ਨੇ ਮੌਕੇ 'ਤੇ ਪਹੁੰਚ ਕੇ ਰਾਹਤ ਤੇ ਬਚਾਅ ਕਾਰਜ ਸ਼ੁਰੂ ਕਰ ਦਿੱਤੇ।


ਭਿਵੰਡੀ ਵੈਸਟ ਦੇ ਸਥਾਨਕ ਵਿਧਾਇਕ ਮਹੇਸ਼ ਚੌਗੁਲੇ ਅਨੁਸਾਰ ਨਗਰ ਨਿਗਮ ਪ੍ਰਸ਼ਾਸਨ ਨੇ ਇਸ ਕੋਹਿਨੂਰ ਇਮਾਰਤ ਨੂੰ ਪਹਿਲਾਂ ਹੀ 'ਸੀ-ਸ਼੍ਰੇਣੀ' (ਅਤਿ-ਖ਼ਤਰਨਾਕ ਤੇ ਖੰਡਰ) ਘੋਸ਼ਿਤ ਕਰਕੇ ਖਾਲੀ ਕਰਵਾ ਲਿਆ ਸੀ। ਇਸ ਦੇ ਬਾਵਜੂਦ ਜ਼ਮੀਨੀ ਮੰਜ਼ਿਲ (ਗਰਾਊਂਡ ਫਲੋਰ) 'ਚ ਕੁਝ ਮਜ਼ਦੂਰ ਕੰਮ ਕਰ ਰਹੇ ਸਨ। ਦੱਸਿਆ ਜਾ ਰਿਹਾ ਹੈ ਕਿ ਇਮਾਰਤ ਦੇ ਤਿੰਨ ਪਿੱਲਰਾਂ (ਥੰਮ੍ਹਾਂ) ਨੂੰ ਇੱਕੋ ਸਮੇਂ ਢਾਹੁਣ ਕਾਰਨ ਢਾਂਚਾ ਅਸਥਿਰ ਹੋ ਗਿਆ, ਜਿਸ ਨਾਲ 'ਬੀ-ਵਿੰਗ' ਦਾ ਇੱਕ ਹਿੱਸਾ ਜ਼ਮੀਨਦੋਜ਼ ਹੋ ਗਿਆ।


ਘਟਨਾ ਤੋਂ ਬਾਅਦ NDRF, ਫਾਇਰ ਬ੍ਰਿਗੇਡ ਅਤੇ ਪੁਲਿਸ ਨੇ ਜੇ.ਸੀ.ਬੀ. ਮਸ਼ੀਨਾਂ ਤੇ ਕਟਰਾਂ ਦੀ ਮਦਦ ਨਾਲ ਮਲਬਾ ਹਟਾਉਣ ਦਾ ਕੰਮ ਤੇਜ਼ ਕਰ ਦਿੱਤਾ ਹੈ। ਮ੍ਰਿਤਕਾਂ 'ਚੋਂ ਦੇਵਜੀ ਨਗਰ ਦੇ ਰਹਿਣ ਵਾਲੇ 32 ਸਾਲਾ ਸ਼ਮੀਮ ਸ਼ੇਖ ਦੀ ਲਾਸ਼ ਬਰਾਮਦ ਕਰ ਲਈ ਗਈ ਹੈ, ਜਦਕਿ ਬਾਕੀ ਦੋ ਮ੍ਰਿਤਕਾਂ ਦੀਆਂ ਲਾਸ਼ਾਂ ਕੱਢਣ ਦੇ ਯਤਨ ਜਾਰੀ ਹਨ। ਰਾਹਤ ਦੀ ਗੱਲ ਇਹ ਰਹੀ ਕਿ ਬਚਾਅ ਟੀਮ ਨੇ ਮਲਬੇ 'ਚੋਂ ਇੱਕ ਛੋਟੀ ਬੱਚੀ ਸਮੇਤ ਤਿੰਨ ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਹੈ। ਬੱਚੀ ਅਨੁਸਾਰ ਹਾਦਸੇ ਵੇਲੇ ਉਸ ਦੇ ਮਾਤਾ-ਪਿਤਾ ਬਾਹਰ ਭੱਜਣ 'ਚ ਸਫ਼ਲ ਰਹੇ, ਜਦਕਿ ਉਹ ਅੰਦਰ ਫਸ ਗਈ ਸੀ। ਫਿਲਹਾਲ ਮੌਕੇ 'ਤੇ ਬਚਾਅ ਅਭਿਆਨ ਪੂਰੀ ਤਨਦੇਹੀ ਨਾਲ ਚਲਾਇਆ ਜਾ ਰਿਹਾ ਹੈ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.