ਤਾਜਾ ਖਬਰਾਂ
ਪਾਕਿਸਤਾਨ ਦੇ ਬਲੋਚਿਸਤਾਨ ਸੂਬੇ ਤੋਂ ਇੱਕ ਦਰਦਨਾਕ ਹਾਦਸੇ ਦੀ ਖ਼ਬਰ ਸਾਹਮਣੇ ਆਈ ਹੈ। ਵੀਰਵਾਰ ਨੂੰ ਰਾਜਧਾਨੀ ਕਵੇਟਾ ਦੇ ਬਾਹਰਵਾਰ ਸਥਿਤ ਇੱਕ ਕੋਲਾ ਖਾਣ ਵਿੱਚ ਜ਼ਹਿਰੀਲੀ ਮੀਥੇਨ ਗੈਸ ਜਮ੍ਹਾਂ ਹੋਣ ਕਾਰਨ ਹੋਏ ਭਿਆਨਕ ਧਮਾਕੇ ਵਿੱਚ ਘੱਟੋ-ਘੱਟ 18 ਮਜ਼ਦੂਰਾਂ ਦੀ ਮੌਤ ਹੋ ਗਈ, ਜਦੋਂ ਕਿ 24 ਹੋਰ ਮਜ਼ਦੂਰ ਖਾਣ ਦੇ ਅੰਦਰ ਹੀ ਮਲਬੇ ਹੇਠਾਂ ਫਸ ਗਏ। ਘਟਨਾ ਦੀ ਸੂਚਨਾ ਮਿਲਦਿਆਂ ਹੀ ਬਚਾਅ ਟੀਮਾਂ ਨੇ ਮੌਕੇ 'ਤੇ ਪਹੁੰਚ ਕੇ ਰਾਹਤ ਕਾਰਜ ਸ਼ੁਰੂ ਕਰ ਦਿੱਤੇ ਹਨ।
ਸਰਕਾਰੀ ਖਾਨ ਇੰਸਪੈਕਟਰ ਗਨੀ ਬਲੋਚ ਅਤੇ ਸੂਬਾਈ ਆਫ਼ਤ ਪ੍ਰਬੰਧਨ ਏਜੰਸੀ ਅਨੁਸਾਰ ਧਮਾਕੇ ਤੋਂ ਬਾਅਦ ਸ਼ੁਰੂਆਤੀ ਬਚਾਅ ਕਾਰਜ ਦੌਰਾਨ ਪਹਿਲਾਂ 7 ਅਤੇ ਬਾਅਦ 'ਚ 11 ਹੋਰ ਮਜ਼ਦੂਰਾਂ ਦੀਆਂ ਲਾਸ਼ਾਂ ਬਾਹਰ ਕੱਢੀਆਂ ਗਈਆਂ। ਅਧਿਕਾਰੀਆਂ ਦਾ ਕਹਿਣਾ ਹੈ ਕਿ ਖਾਣ ਦੇ ਅੰਦਰ ਆਕਸੀਜਨ ਦਾ ਪੱਧਰ ਜ਼ੀਰੋ ਤੱਕ ਡਿੱਗਣ ਕਾਰਨ ਫਸੇ ਮਜ਼ਦੂਰਾਂ ਦੇ ਬਚਣ ਦੀ ਸੰਭਾਵਨਾ ਬਹੁਤ ਘੱਟ ਹੈ, ਜਿਸ ਕਾਰਨ ਮ੍ਰਿਤਕਾਂ ਦੀ ਗਿਣਤੀ 'ਚ ਹੋਰ ਵਾਧਾ ਹੋਣ ਦਾ ਖ਼ਦਸ਼ਾ ਹੈ। ਬਚਾਅ ਕਰਮਚਾਰੀ ਬਹੁਤ ਸਾਵਧਾਨੀ ਨਾਲ ਅੰਦਰ ਵੱਲ ਵਧ ਰਹੇ ਹਨ।
ਬਲੋਚਿਸਤਾਨ ਦੇ ਖਾਣਾਂ ਅਤੇ ਖਣਿਜ ਮੰਤਰੀ ਸ਼ੋਏਬ ਨੋਸ਼ੇਰਵਾਨੀ ਨੇ ਹਾਦਸੇ 'ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਬਚਾਅ ਟੀਮਾਂ ਬੇਹੱਦ ਚੁਣੌਤੀਪੂਰਨ ਹਾਲਾਤ 'ਚ ਕੰਮ ਕਰ ਰਹੀਆਂ ਹਨ। ਸੂਬਾ ਸਰਕਾਰ ਨੇ ਮਾਰੇ ਗਏ ਹਰੇਕ ਮਜ਼ਦੂਰ ਦੇ ਪਰਿਵਾਰ ਨੂੰ 5 ਲੱਖ ਪਾਕਿਸਤਾਨੀ ਰੁਪਏ (ਲਗਭਗ 1,800 ਅਮਰੀਕੀ ਡਾਲਰ) ਦੀ ਵਿੱਤੀ ਸਹਾਇਤਾ ਦੇਣ ਦਾ ਐਲਾਨ ਕੀਤਾ ਹੈ। ਉਨ੍ਹਾਂ ਭਰੋਸਾ ਦਿੱਤਾ ਕਿ ਹਾਦਸੇ ਦੇ ਕਾਰਨਾਂ ਦੀ ਜਾਂਚ ਕੀਤੀ ਜਾਵੇਗੀ।
ਇਸ ਦੁਖਾਂਤ ਤੋਂ ਬਾਅਦ 'ਪਾਕਿਸਤਾਨ ਸੈਂਟਰਲ ਮਾਈਨਜ਼ ਲੇਬਰ ਫੈਡਰੇਸ਼ਨ' ਨੇ ਤਿੱਖਾ ਰੋਸ ਜ਼ਾਹਰ ਕੀਤਾ ਹੈ। ਯੂਨੀਅਨ ਨੇ ਦੋਸ਼ ਲਾਇਆ ਕਿ ਇਹ ਹਾਦਸਾ ਸੁਰੱਖਿਆ ਮਾਪਦੰਡਾਂ ਦੀ ਅਣਦੇਖੀ ਅਤੇ ਲਾਪਰਵਾਹੀ ਦਾ ਨਤੀਜਾ ਹੈ। ਉਨ੍ਹਾਂ ਮੰਗ ਕੀਤੀ ਹੈ ਕਿ ਸੁਰੱਖਿਆ ਨਿਯਮਾਂ ਦੀ ਉਲੰਘਣਾ ਕਰਨ ਵਾਲੀਆਂ ਕੰਪਨੀਆਂ ਅਤੇ ਖਾਣ ਮਾਲਕਾਂ ਵਿਰੁੱਧ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇ।
ਗੌਰਤਲਬ ਹੈ ਕਿ ਬਲੋਚਿਸਤਾਨ ਦੇ ਕੋਲਾ ਖੇਤਰਾਂ ਵਿੱਚ ਸਹੀ ਹਵਾਦਾਰੀ (ਵੈਂਟੀਲੇਸ਼ਨ) ਅਤੇ ਗੈਸ ਨਿਗਰਾਨੀ ਪ੍ਰਣਾਲੀ ਦੀ ਘਾਟ ਕਾਰਨ ਅਜਿਹੇ ਘਾਤਕ ਹਾਦਸੇ ਆਮ ਹੋ ਗਏ ਹਨ। ਖ਼ਤਰਨਾਕ ਹਾਲਾਤ ਅਤੇ ਘੱਟ ਦਿਹਾੜੀ ਦੇ ਬਾਵਜੂਦ, ਖੇਤਰ 'ਚ ਫੈਲੀ ਗਰੀਬੀ ਅਤੇ ਬੇਰੋਜ਼ਗਾਰੀ ਕਾਰਨ ਹਜ਼ਾਰਾਂ ਮਜ਼ਦੂਰ ਆਪਣੀ ਜਾਨ ਜੋਖ਼ਮ 'ਚ ਪਾ ਕੇ ਖਾਣਾਂ 'ਚ ਕੰਮ ਕਰਨ ਲਈ ਮਜ਼ਬੂਰ ਹਨ।
Get all latest content delivered to your email a few times a month.