ਤਾਜਾ ਖਬਰਾਂ
ਸਾਲ 2026 ਦੇ FIH ਹਾਕੀ ਵਿਸ਼ਵ ਕੱਪ ਤੋਂ ਪਹਿਲਾਂ ਭਾਰਤੀ ਹਾਕੀ ਟੀਮ ਦੀ ਜਰਸੀ ਦੇ ਰੰਗ ਨੂੰ ਲੈ ਕੇ ਵੱਡਾ ਵਿਵਾਦ ਖੜ੍ਹਾ ਹੋ ਗਿਆ ਹੈ। ਦਹਾਕਿਆਂ ਤੋਂ 'ਮੈਨ ਇਨ ਬਲੂ' ਵਜੋਂ ਪਛਾਣੀ ਜਾਣ ਵਾਲੀ ਭਾਰਤੀ ਹਾਕੀ ਟੀਮ ਹੁਣ ਆਗਾਮੀ ਵਿਸ਼ਵ ਕੱਪ ਵਿੱਚ ਮੁੱਖ ਤੌਰ 'ਤੇ 'ਭਗਵੇਂ' (ਸੰਤਰੀ) ਰੰਗ ਦੀ ਕਿੱਟ 'ਚ ਮੈਦਾਨ 'ਚ ਉਤਰੇਗੀ। ਹਾਕੀ ਇੰਡੀਆ ਵੱਲੋਂ ਜਰਸੀ ਦਾ ਰੰਗ ਬਦਲਣ ਦੇ ਇਸ ਫੈਸਲੇ ਨੇ ਖੇਡ ਜਗਤ ਅਤੇ ਪ੍ਰਸ਼ੰਸਕਾਂ ਦਰਮਿਆਨ ਇੱਕ ਨਵੀਂ ਬਹਿਸ ਛੇੜ ਦਿੱਤੀ ਹੈ।
ਭਾਰਤੀ ਟੀਮ ਦੇ ਸਾਬਕਾ ਕਪਤਾਨ ਅਤੇ ਦਿੱਗਜ ਖਿਡਾਰੀ ਵੀਰੇਨ ਰਾਸਕਿਨਹਾ ਨੇ ਇਸ ਫੈਸਲੇ 'ਤੇ ਤਿੱਖੀ ਨਾਰਾਜ਼ਗੀ ਜਤਾਈ ਹੈ। ਉਨ੍ਹਾਂ ਸੋਸ਼ਲ ਮੀਡੀਆ 'ਤੇ ਲਿਖਿਆ ਕਿ ਨੀਲੀ ਜਰਸੀ ਭਾਰਤੀ ਹਾਕੀ ਦੀ ਵਿਰਾਸਤ ਅਤੇ ਇਤਿਹਾਸ ਦਾ ਹਿੱਸਾ ਰਹੀ ਹੈ। ਉਨ੍ਹਾਂ ਸਵਾਲ ਚੁੱਕਦਿਆਂ ਕਿਹਾ, "ਹਾਕੀ ਇੰਡੀਆ ਦੇ ਕੰਮ ਸ਼ਾਨਦਾਰ ਰਹੇ ਹਨ, ਪਰ ਇਹ ਫੈਸਲਾ ਸ਼ਰਮਨਾਕ ਹੈ। ਮੈਂ ਵਰ੍ਹਿਆਂ ਤੱਕ ਮਾਣ ਨਾਲ ਨੀਲੀ ਜਰਸੀ ਪਹਿਨੀ ਹੈ ਅਤੇ ਪ੍ਰਸ਼ੰਸਕ ਵੀ ਟੀਮ ਨੂੰ ਇਸੇ ਰੰਗ 'ਚ ਦੇਖਣਾ ਚਾਹੁੰਦੇ ਹਨ। ਅਚਾਨਕ ਸੰਤਰੀ ਰੰਗ ਚੁਣਨ ਪਿੱਛੇ ਕੀ ਤਰਕ ਹੈ?"
ਦੱਸਣਯੋਗ ਹੈ ਕਿ ਰਾਸਕਿਨਹਾ 2001 ਦੀ ਜੂਨੀਅਰ ਵਿਸ਼ਵ ਕੱਪ ਜੇਤੂ ਟੀਮ ਦੇ ਮੈਂਬਰ ਸਨ ਅਤੇ ਉਨ੍ਹਾਂ 2004 ਏਥਨਜ਼ ਓਲੰਪਿਕ, 2006 ਵਿਸ਼ਵ ਕੱਪ ਸਮੇਤ ਕਈ ਅੰਤਰਰਾਸ਼ਟਰੀ ਮੈਚਾਂ 'ਚ ਭਾਰਤ ਦੀ ਅਗਵਾਈ ਕੀਤੀ ਹੈ।
ਦੂਜੇ ਪਾਸੇ ਹਾਕੀ ਇੰਡੀਆ ਨੇ ਆਪਣੇ ਫੈਸਲੇ ਦਾ ਬਚਾਅ ਕਰਦਿਆਂ ਸਿਆਸੀ ਮੁੱਦੇ ਦੇ ਇਲਜ਼ਾਮਾਂ ਨੂੰ ਖਾਰਜ ਕੀਤਾ ਹੈ। ਇੱਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਭਗਵਾ ਰੰਗ ਸਾਡੇ ਰਾਸ਼ਟਰੀ ਝੰਡੇ (ਤਿਰੰਗੇ) ਦਾ ਹਿੱਸਾ ਹੈ ਅਤੇ ਸਮੇਂ ਨਾਲ ਤਬਦੀਲੀ ਆਉਣਾ ਲਾਜ਼ਮੀ ਹੈ। ਉਨ੍ਹਾਂ ਇਹ ਤਕਨੀਕੀ ਕਾਰਨ ਵੀ ਦੱਸਿਆ ਕਿ ਨੀਲੇ ਰੰਗ ਦੀ ਟਰਫ਼ (ਮੈਦਾਨ) 'ਚ ਨੀਲੀ ਜਰਸੀ ਕਾਰਨ ਪ੍ਰਸਾਰਕਾਂ (ਬ੍ਰੌਡਕਾਸਟਰਾਂ) ਅਤੇ ਦਰਸ਼ਕਾਂ ਨੂੰ ਮੈਚ ਦੇਖਣ 'ਚ ਦਿੱਕਤ ਆਉਂਦੀ ਸੀ।
ਜਰਸੀ 'ਤੇ ਚੱਲ ਰਹੇ ਵਿਵਾਦ ਦੇ ਬਾਵਜੂਦ ਕਪਤਾਨ ਹਰਮਨਪ੍ਰੀਤ ਸਿੰਘ ਦੀ ਅਗਵਾਈ ਹੇਠ ਟੀਮ ਇੰਡੀਆ ਵਿਸ਼ਵ ਕੱਪ ਦੀਆਂ ਤਿਆਰੀਆਂ 'ਚ ਪੂਰੀ ਤਰ੍ਹਾਂ ਜੁਟੀ ਹੋਈ ਹੈ। ਮੁੱਖ ਕੋਚ ਕ੍ਰੇਗ ਫੁਲਟਨ ਦੀ ਦੇਖ-ਰੇਖ ਹੇਠ ਟੀਮ ਨੇ ਹਾਲ ਹੀ 'ਚ ਸਵਿਟਜ਼ਰਲੈਂਡ 'ਚ ਪੈਡੀ ਅਪਟਨ ਨਾਲ ਵਿਸ਼ੇਸ਼ ਮਾਨਸਿਕ ਤੰਦਰੁਸਤੀ ਕੈਂਪ ਲਗਾਇਆ ਹੈ।
ਜ਼ਿਕਰਯੋਗ ਹੈ ਕਿ ਬੈਲਜੀਅਮ ਅਤੇ ਨੀਦਰਲੈਂਡ 'ਚ ਹੋਣ ਵਾਲੇ 2026 ਵਿਸ਼ਵ ਕੱਪ 'ਚ ਭਾਰਤ 1975 ਤੋਂ ਬਾਅਦ ਪਹਿਲੀ ਵਾਰ (ਲਗਭਗ 50 ਸਾਲਾਂ ਬਾਅਦ) ਮੁੜ ਖ਼ਿਤਾਬ ਜਿੱਤਣ ਦੇ ਇਰਾਦੇ ਨਾਲ ਮੈਦਾਨ 'ਚ ਉਤਰੇਗਾ।
Get all latest content delivered to your email a few times a month.