ਤਾਜਾ ਖਬਰਾਂ
ਆਜ਼ਾਦੀ ਦਿਹਾੜੇ ਤੋਂ ਪਹਿਲਾਂ ਪੰਜਾਬ ਵਿੱਚ ਸੁਰੱਖਿਆ ਏਜੰਸੀਆਂ ਨੇ ਪੂਰੇ ਸੂਬੇ ਅੰਦਰ ਹਾਈ ਅਲਰਟ ਜਾਰੀ ਕਰ ਦਿੱਤਾ ਹੈ। ਖ਼ੁਫ਼ੀਆ ਰਿਪੋਰਟਾਂ ਤੋਂ ਵੱਡਾ ਖ਼ੁਲਾਸਾ ਹੋਇਆ ਹੈ ਕਿ ਪਾਕਿਸਤਾਨੀ ਖ਼ੁਫ਼ੀਆ ਏਜੰਸੀ ISI ਨੇ ਪੰਜਾਬ ਦਾ ਅਮਨ-ਚੈਨ ਭੰਗ ਕਰਨ ਲਈ ਆਪਣੀ ਰਣਨੀਤੀ ਬਦਲ ਲਈ ਹੈ। ਇਸ ਵਾਰ ਅੱਤਵਾਦੀ ਸੰਗਠਨਾਂ ਵੱਲੋਂ ਘੱਟ ਲਾਗਤ ਵਾਲੇ ਪੈਟਰੋਲ ਬੰਬਾਂ ਨੂੰ ਮੁੱਖ ਹਥਿਆਰ ਵਜੋਂ ਵਰਤਣ ਦੀ ਯੋਜਨਾ ਬਣਾਈ ਗਈ ਹੈ। ਸੰਗਰੂਰ ਸਥਿਤ ਭਾਜਪਾ ਦਫ਼ਤਰ 'ਤੇ ਹੋਇਆ ਹਾਲੀਆ ਪੈਟਰੋਲ ਬੰਬ ਹਮਲਾ ਵੀ ISI ਦੇ ਇਸ਼ਾਰੇ 'ਤੇ ਪਾਕਿਸਤਾਨ 'ਚ ਬੈਠੇ ਗੈਂਗਸਟਰ ਸ਼ਹਿਜ਼ਾਦ ਭੱਟੀ ਵੱਲੋਂ ਕਰਵਾਏ ਜਾਣ ਦਾ ਖ਼ਦਸ਼ਾ ਜਤਾਇਆ ਗਿਆ ਹੈ।
ਸੁਰੱਖਿਆ ਏਜੰਸੀਆਂ ਮੁਤਾਬਕ 2025 'ਚ ਹੋਏ 'ਆਪ੍ਰੇਸ਼ਨ ਸਿੰਦੂਰ' ਤੋਂ ਬਾਅਦ ਸਰਹੱਦ ਪਾਰ ਤੋਂ ਹਲਚਲ ਹੋਰ ਵਧ ਗਈ ਹੈ। ਹੁਣ ਅੱਤਵਾਦੀਆਂ ਦੇ ਨਿਸ਼ਾਨੇ 'ਤੇ ਸਿਰਫ਼ ਫ਼ੌਜ ਜਾਂ ਪੁਲਿਸ ਹੀ ਨਹੀਂ, ਸਗੋਂ ਸਿਆਸੀ ਆਗੂ, ਸਾਬਕਾ ਪੁਲਿਸ ਅਧਿਕਾਰੀ, ਰੇਲਵੇ ਨੈੱਟਵਰਕ ਅਤੇ ਭੀੜ-ਭਾੜ ਵਾਲੇ ਜਨਤਕ ਸਥਾਨ ਵੀ ਹਨ। ਪੈਟਰੋਲ ਬੰਬਾਂ ਤੋਂ ਇਲਾਵਾ ਡਰੋਨਾਂ ਰਾਹੀਂ ਆਰ.ਡੀ.ਐਕਸ. ਆਧਾਰਿਤ ਆਈ.ਈ.ਡੀ., ਟਿਫ਼ਨ ਬੰਬ ਅਤੇ ਆਟੋਮੈਟਿਕ ਹਥਿਆਰ ਭੇਜਣ ਦੀਆਂ ਕੋਸ਼ਿਸ਼ਾਂ ਵੀ ਲਗਾਤਾਰ ਜਾਰੀ ਹਨ।
ਪੰਜਾਬ ਪੁਲਿਸ ਨੇ ਇਸ ਸਾਲ 27 ਜੁਲਾਈ ਤੱਕ ਮੁਸਤੈਦੀ ਦਿਖਾਉਂਦੇ ਹੋਏ 10 ਅੱਤਵਾਦੀ ਮਾਡਿਊਲਾਂ ਦਾ ਪਰਦਾਫ਼ਾਸ਼ ਕਰ ਕੇ 137 ਮੁਲਜ਼ਮਾਂ ਨੂੰ ਸਲਾਖਾਂ ਪਿੱਛੇ ਪੁੱਜਦਾ ਕੀਤਾ ਹੈ। ਇਸ ਕਾਰਵਾਈ ਦੌਰਾਨ 7 ਆਟੋਮੈਟਿਕ ਰਾਈਫ਼ਲਾਂ, 76 ਪਿਸਤੌਲ, 49 ਹੈਂਡ ਗ੍ਰਨੇਡ, 183 ਡਰੋਨ ਅਤੇ 12 ਆਈ.ਈ.ਡੀ. ਬਰਾਮਦ ਕੀਤੇ ਗਏ ਹਨ। ਇਸ ਤੋਂ ਇਲਾਵਾ ਸੀਸੀਟੀਵੀ ਰਾਹੀਂ ਲਾਈਵ ਫੁਟੇਜ ਪਾਕਿਸਤਾਨ ਭੇਜਣ ਵਾਲੇ 6 ਜਾਸੂਸੀ ਮਾਮਲੇ ਵੀ ਫੜੇ ਗਏ ਹਨ।
ਬੀਤੀ 26 ਜੁਲਾਈ ਨੂੰ ਜਲੰਧਰ ਪੁਲਿਸ ਨੇ ਬੱਬਰ ਖ਼ਾਲਸਾ ਇੰਟਰਨੈਸ਼ਨਲ (BKI) ਨਾਲ ਜੁੜੇ ਮਾਡਿਊਲ ਦੇ ਮੁੱਖ ਮੁਲਜ਼ਮ ਸਤਬੀਰ ਸਿੰਘ ਨੂੰ 1.3 ਕਿਲੋਗ੍ਰਾਮ ਵਿਸਫੋਟਕ ਸਮੱਗਰੀ ਵਾਲੇ ਆਈ.ਈ.ਡੀ. ਸਮੇਤ ਕਾਬੂ ਕੀਤਾ ਸੀ। ਜਾਂਚ 'ਚ ਸਾਹਮਣੇ ਆਇਆ ਹੈ ਕਿ ਪਾਕਿਸਤਾਨ 'ਚ ਮੌਜੂਦ ਸ਼ਹਿਜ਼ਾਦ ਭੱਟੀ ਸੋਸ਼ਲ ਮੀਡੀਆ ਰਾਹੀਂ ਪੰਜਾਬ ਦੇ ਨੌਜਵਾਨਾਂ ਨੂੰ ਪੈਸਿਆਂ ਦਾ ਲਾਲਚ ਦੇ ਕੇ ਰੇਕੀ ਕਰਵਾ ਰਿਹਾ ਹੈ। ਪੰਜਾਬ ਪੁਲਿਸ ਨੇ ਦਾਅਵਾ ਕੀਤਾ ਹੈ ਕਿ ਸੂਬੇ ਭਰ 'ਚ ਸੁਰੱਖਿਆ ਦੇੜ੍ਹੇ ਕਰ ਦਿੱਤੇ ਗਏ ਹਨ ਅਤੇ ਦੇਸ਼ ਵਿਰੋਧੀ ਅੰਸਰਾਂ ਦੇ ਮਨਸੂਬਿਆਂ ਨੂੰ ਕਿਸੇ ਕੀਮਤ 'ਚ ਸਫ਼ਲ ਨਹੀਂ ਹੋਣ ਦਿੱਤਾ ਜਾਵੇਗਾ।
Get all latest content delivered to your email a few times a month.