IMG-LOGO
ਹੋਮ ਪੰਜਾਬ: ਫ਼ਾਰਮੇਸੀ ਪ੍ਰੀਖਿਆ ਵਿਵਾਦ: ਮੁੱਖ ਮੰਤਰੀ ਭਗਵੰਤ ਮਾਨ ਨੇ ਪੇਪਰ ਲੀਕ...

ਫ਼ਾਰਮੇਸੀ ਪ੍ਰੀਖਿਆ ਵਿਵਾਦ: ਮੁੱਖ ਮੰਤਰੀ ਭਗਵੰਤ ਮਾਨ ਨੇ ਪੇਪਰ ਲੀਕ ਦੇ ਦੋਸ਼ਾਂ ਨੂੰ ਕੀਤਾ ਖਾਰਜ, ਵਿਰੋਧੀਆਂ 'ਤੇ ਸਾਧਿਆ ਨਿਸ਼ਾਨ

Admin User - Jul 29, 2026 11:29 AM
IMG

ਪੰਜਾਬ ਵਿੱਚ ਫ਼ਾਰਮੇਸੀ ਪ੍ਰੀਖਿਆ ਨੂੰ ਲੈ ਕੇ ਵਿਰੋਧੀ ਧਿਰਾਂ ਵੱਲੋਂ ਲਗਾਏ ਜਾ ਰਹੇ ਪੇਪਰ ਲੀਕ ਦੇ ਇਲਜ਼ਾਮਾਂ 'ਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਸਖ਼ਤ ਪਲਟਵਾਰ ਕੀਤਾ ਹੈ। ਬੀਤੇ ਦਿਨ ਸੰਸਦ ਭਵਨ ਦੇ ਦੌਰੇ ਦੌਰਾਨ ਮੀਡੀਆ ਨਾਲ ਗੱਲਬਾਤ ਕਰਦਿਆਂ ਮੁੱਖ ਮੰਤਰੀ ਨੇ ਸਾਫ਼ ਸ਼ਬਦਾਂ ਵਿੱਚ ਕਿਹਾ ਕਿ ਰਾਜ ਵਿੱਚ ਪਿਛਲੇ ਸਾਢੇ ਚਾਰ ਸਾਲਾਂ ਦੌਰਾਨ ਇੱਕ ਵੀ ਪੇਪਰ ਲੀਕ ਨਹੀਂ ਹੋਇਆ ਹੈ ਅਤੇ ਸਰਕਾਰ ਸਿਰਫ਼ ਯੋਗਤਾ (ਮੈਰਿਟ) ਦੇ ਆਧਾਰ 'ਤੇ ਹੀ ਨੌਕਰੀਆਂ ਦੇ ਰਹੀ ਹੈ।


ਪ੍ਰੀਖਿਆ ਦੌਰਾਨ ਹੋਈ ਗੜਬੜੀ ਬਾਰੇ ਜਾਣਕਾਰੀ ਦਿੰਦਿਆਂ ਮੁੱਖ ਮੰਤਰੀ ਨੇ ਦੱਸਿਆ ਕਿ ਪ੍ਰੀਖਿਆ ਸ਼ੁਰੂ ਹੋਣ ਦੇ 15 ਮਿੰਟਾਂ ਅੰਦਰ ਹੀ ਬਲੂਟੁੱਥ ਪੈਨ ਅਤੇ ਹੈੱਡਫ਼ੋਨ ਦੀ ਵਰਤੋਂ ਕਰਕੇ ਨਕਲ ਕਰਨ ਵਾਲੇ ਗਿਰੋਹ ਨੂੰ ਕਾਬੂ ਕਰ ਲਿਆ ਗਿਆ ਸੀ। ਪੁਲਿਸ ਨੇ ਮੁਸਤੈਦੀ ਦਿਖਾਉਂਦਿਆਂ 10 ਪ੍ਰੀਖਿਆਰਥੀਆਂ ਸਮੇਤ ਬਾਹਰੋਂ ਮਦਦ ਕਰ ਰਹੇ 11 ਹੋਰ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰਕੇ ਜੇਲ੍ਹ ਭੇਜ ਦਿੱਤਾ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਇਹ ਪੇਪਰ ਲੀਕ ਦਾ ਮਾਮਲਾ ਨਹੀਂ, ਸਗੋਂ ਨਕਲ ਕਰਨ ਦੀ ਨਾਕਾਮ ਕੋਸ਼ਿਸ਼ ਸੀ, ਜਿਸ ਨੂੰ ਤੁਰੰਤ ਨਾਕਾਮ ਕਰਕੇ ਪ੍ਰੀਖਿਆ ਸਫ਼ਲਤਾਪੂਰਵਕ ਨੇਪਰੇ ਚਾੜ੍ਹੀ ਗਈ।


ਵਿਰੋਧੀ ਧਿਰਾਂ ਵੱਲੋਂ ਸਿੱਖਿਆ ਮੰਤਰੀ ਦੇ ਅਸਤੀਫ਼ੇ ਦੀ ਮੰਗ 'ਤੇ ਚੋਟ ਕਰਦਿਆਂ ਭਗਵੰਤ ਮਾਨ ਨੇ ਕਿਹਾ ਕਿ ਵਿਰੋਧੀਆਂ ਨੂੰ ਵਿਭਾਗਾਂ ਦੀ ਜਾਣਕਾਰੀ ਹੀ ਨਹੀਂ ਹੈ। ਫ਼ਾਰਮੇਸੀ ਪ੍ਰੀਖਿਆ ਸਿੱਖਿਆ ਵਿਭਾਗ ਨਹੀਂ, ਸਗੋਂ ਸਿਹਤ ਵਿਭਾਗ ਦੇ ਅਧੀਨ ਆਉਂਦੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੇ ਬਿਨਾਂ ਕਿਸੇ ਸਿਫ਼ਾਰਸ਼ ਜਾਂ ਰਿਸ਼ਵਤ ਦੇ 68,855 ਨੌਜਵਾਨਾਂ ਨੂੰ ਪਾਰਦਰਸ਼ੀ ਢੰਗ ਨਾਲ ਸਰਕਾਰੀ ਨੌਕਰੀਆਂ ਦਿੱਤੀਆਂ ਹਨ, ਜਿਸ ਕਰਕੇ ਭਾਜਪਾ ਅਤੇ ਅਕਾਲੀ ਦਲ ਝੂਠੇ ਦੋਸ਼ ਲਗਾ ਕੇ ਪੰਜਾਬ ਦੇ ਮਿਹਨਤੀ ਨੌਜਵਾਨਾਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਹੇ ਹਨ।


ਆਪਣੇ ਦਿੱਲੀ ਦੌਰੇ ਦੌਰਾਨ ਮੁੱਖ ਮੰਤਰੀ ਨੇ ਲੋਕ ਸਭਾ ਸਪੀਕਰ ਓਮ ਬਿਰਲਾ, ਸਮਾਜਵਾਦੀ ਪਾਰਟੀ ਦੇ ਪ੍ਰਧਾਨ ਅਖਿਲੇਸ਼ ਯਾਦਵ ਅਤੇ ਹੋਰ ਕਈ ਸੰਸਦ ਮੈਂਬਰਾਂ ਨਾਲ ਮੁਲਾਕਾਤ ਕੀਤੀ। ਉਨ੍ਹਾਂ ਕਿਹਾ ਕਿ ਲੋਕਤੰਤਰ ਵਿੱਚ ਵਿਚਾਰਧਾਰਕ ਵਖਰੇਵੇਂ ਹੋ ਸਕਦੇ ਹਨ, ਪਰ ਆਪਸੀ ਵੈਰ-ਭਾਵ ਨਹੀਂ ਹੋਣਾ ਚਾਹੀਦਾ। ਉਨ੍ਹਾਂ ਦਾਅਵਾ ਕੀਤਾ ਕਿ ਪੰਜਾਬ ਵਿੱਚੋਂ ਹੁਣ ਭ੍ਰਿਸ਼ਟਾਚਾਰ ਅਤੇ ਨਕਲ ਦਾ ਦੌਰ ਪੂਰੀ ਤਰ੍ਹਾਂ ਖ਼ਤਮ ਹੋ ਚੁੱਕਾ ਹੈ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.