IMG-LOGO
ਹੋਮ ਪੰਜਾਬ, ਰਾਸ਼ਟਰੀ, ਗਲਾਸਗੋ ਰਾਸ਼ਟਰਮੰਡਲ ਖੇਡਾਂ: ਵੇਟਲਿਫਟਰ ਹਰਜਿੰਦਰ ਕੌਰ ਨੇ ਜਿੱਤਿਆ ਚਾਂਦੀ ਦਾ...

ਗਲਾਸਗੋ ਰਾਸ਼ਟਰਮੰਡਲ ਖੇਡਾਂ: ਵੇਟਲਿਫਟਰ ਹਰਜਿੰਦਰ ਕੌਰ ਨੇ ਜਿੱਤਿਆ ਚਾਂਦੀ ਦਾ ਤਗਮਾ, ਭਾਰਤ ਦੀ ਝੋਲੀ ਪਿਆ 12ਵਾਂ ਮੈਡਲ

Admin User - Jul 29, 2026 10:20 AM
IMG

ਗਲਾਸਗੋ ਵਿੱਚ ਚੱਲ ਰਹੀਆਂ ਰਾਸ਼ਟਰਮੰਡਲ ਖੇਡਾਂ 2026 ਵਿੱਚ ਭਾਰਤੀ ਵੇਟਲਿਫਟਰਾਂ ਦਾ ਸ਼ਾਨਦਾਰ ਪ੍ਰਦਰਸ਼ਨ ਲਗਾਤਾਰ ਜਾਰੀ ਹੈ। ਔਰਤਾਂ ਦੇ 69 ਕਿਲੋਗ੍ਰਾਮ ਭਾਰ ਵਰਗ ਵਿੱਚ ਭਾਰਤ ਦੀ 29 ਸਾਲਾ ਨਿਡਰ ਵੇਟਲਿਫਟਰ ਹਰਜਿੰਦਰ ਕੌਰ ਨੇ ਚਾਂਦੀ ਦਾ ਤਗਮਾ ਆਪਣੇ ਨਾਮ ਕਰਕੇ ਦੇਸ਼ ਦਾ ਮਾਣ ਵਧਾਇਆ ਹੈ। ਐਸਈਸੀ ਆਰਮਾਡੀਲੋ ਵਿਖੇ ਖੇਡੇ ਗਏ ਇਸ ਫਸਵੇਂ ਮੁਕਾਬਲੇ ਵਿੱਚ ਹਰਜਿੰਦਰ ਨੇ ਕੁੱਲ 227 ਕਿਲੋਗ੍ਰਾਮ ਭਾਰ ਚੁੱਕ ਕੇ ਰਾਸ਼ਟਰਮੰਡਲ ਖੇਡਾਂ ਵਿੱਚ ਲਗਾਤਾਰ ਦੂਜੀ ਵਾਰ ਮੈਡਲ ਜਿੱਤਣ ਦਾ ਰਿਕਾਰਡ ਬਣਾਇਆ।


ਹਰਜਿੰਦਰ ਕੌਰ ਨੇ ਸਨੈਚ ਮੁਕਾਬਲੇ ਵਿੱਚ ਬੇਹੱਦ ਸੰਤੁਲਿਤ ਸ਼ੁਰੂਆਤ ਕਰਦਿਆਂ ਲਗਾਤਾਰ 95, 99 ਅਤੇ 101 ਕਿਲੋਗ੍ਰਾਮ ਭਾਰ ਸਫ਼ਲਤਾਪੂਰਵਕ ਚੁੱਕਿਆ। 101 ਕਿਲੋਗ੍ਰਾਮ ਦੀ ਲਿਫਟ ਨਾਲ ਉਸ ਨੇ ਕੁਝ ਸਮੇਂ ਲਈ ਨਵਾਂ ਰਾਸ਼ਟਰਮੰਡਲ ਰਿਕਾਰਡ ਵੀ ਕਾਇਮ ਕੀਤਾ। ਇਸ ਤੋਂ ਬਾਅਦ ਕਲੀਨ ਐਂਡ ਜਰਕ ਵਿੱਚ ਵੀ ਉਸ ਦਾ ਦਬਦਬਾ ਰਿਹਾ, ਜਿੱਥੇ ਉਸ ਨੇ 120, 123 ਅਤੇ ਆਖਰੀ ਕੋਸ਼ਿਸ਼ ਵਿੱਚ 126 ਕਿਲੋਗ੍ਰਾਮ ਭਾਰ ਚੁੱਕ ਕੇ ਲੀਡ ਬਣਾਈ। ਹਾਲਾਂਕਿ, ਕੈਨੇਡਾ ਦੀ ਸ਼ਾਰਲੋਟ ਸਿਮੋਨੋ ਨੇ ਕੁੱਲ 240 ਕਿਲੋਗ੍ਰਾਮ (108 ਕਿਲੋ ਸਨੈਚ + 132 ਕਿਲੋ ਕਲੀਨ ਐਂਡ ਜਰਕ) ਦੇ ਨਵੇਂ CWG ਰਿਕਾਰਡ ਨਾਲ ਸੋਨ ਤਗਮਾ ਝਟਕਿਆ। ਆਸਟ੍ਰੇਲੀਆ ਦੀ ਨਾਇਲਾ ਫੋਬੀ ਹੇਮਨ ਨੇ 218 ਕਿਲੋਗ੍ਰਾਮ ਭਾਰ ਚੁੱਕ ਕੇ ਕਾਂਸੀ ਦਾ ਤਗਮਾ ਹਾਸਲ ਕੀਤਾ।


ਹਰਜਿੰਦਰ ਕੌਰ ਦਾ ਰਾਸ਼ਟਰਮੰਡਲ ਖੇਡਾਂ ਵਿੱਚ ਇਹ ਲਗਾਤਾਰ ਦੂਜਾ ਤਗਮਾ ਹੈ। ਇਸ ਤੋਂ ਪਹਿਲਾਂ ਉਸ ਨੇ ਬਰਮਿੰਘਮ (2022) ਖੇਡਾਂ ਵਿੱਚ 71 ਕਿਲੋਗ੍ਰਾਮ ਭਾਰ ਵਰਗ ਵਿੱਚ 212 ਕਿਲੋਗ੍ਰਾਮ ਭਾਰ ਚੁੱਕ ਕੇ ਕਾਂਸੀ ਦਾ ਤਗਮਾ ਜਿੱਤਿਆ ਸੀ। ਇਸ ਵਾਰ ਉਸ ਨੇ ਆਪਣੇ ਪੁਰਾਣੇ ਪ੍ਰਦਰਸ਼ਨ ਵਿੱਚ ਸੁਧਾਰ ਕਰਦਿਆਂ ਤਗਮੇ ਦਾ ਰੰਗ ਬਦਲ ਕੇ ਚਾਂਦੀ ਵਿੱਚ ਤਬਦੀਲ ਕੀਤਾ।


ਖੇਡਾਂ ਦੇ ਛੇਵੇਂ ਦਿਨ ਭਾਰਤ ਦੇ ਖਾਤੇ ਵਿੱਚ ਦੋ ਚਾਂਦੀ ਦੇ ਤਗਮੇ ਆਉਣ ਨਾਲ ਕੁੱਲ ਮੈਡਲਾਂ ਦੀ ਗਿਣਤੀ 12 ਹੋ ਗਈ ਹੈ। ਭਾਰਤ ਨੇ ਹੁਣ ਤੱਕ 2 ਸੋਨੇ, 7 ਚਾਂਦੀ ਅਤੇ 3 ਕਾਂਸੀ ਦੇ ਤਗਮੇ ਜਿੱਤੇ ਹਨ ਅਤੇ ਉਹ ਮੈਡਲ ਤਾਲਿਕਾ ਵਿੱਚ 9ਵੇਂ ਨੰਬਰ 'ਤੇ ਪਹੁੰਚ ਗਿਆ ਹੈ। 35 ਸੋਨ ਤਗਮਿਆਂ ਸਮੇਤ ਕੁੱਲ 80 ਮੈਡਲਾਂ ਨਾਲ ਆਸਟ੍ਰੇਲੀਆ ਪਹਿਲੇ ਸਥਾਨ 'ਤੇ ਬਣਿਆ ਹੋਇਆ ਹੈ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.