ਤਾਜਾ ਖਬਰਾਂ
ਸੰਗਰੂਰ ਸਥਿਤ ਭਾਰਤੀ ਜਨਤਾ ਪਾਰਟੀ ਦੇ ਜ਼ਿਲ੍ਹਾ ਦਫ਼ਤਰ 'ਤੇ ਹੋਏ ਪੈਟਰੋਲ ਬੰਬ ਹਮਲੇ ਦੀ ਗੁੱਥੀ ਨੂੰ ਸੁਲਝਾਉਂਦਿਆਂ ਪੁਲਿਸ ਨੇ ਦੋ ਸਥਾਨਕ ਨੌਜਵਾਨਾਂ ਨੂੰ ਗ੍ਰਿਫ਼ਤਾਰ ਕਰਨ ਵਿੱਚ ਸਫ਼ਲਤਾ ਹਾਸਲ ਕੀਤੀ ਹੈ। ਜ਼ਿਲ੍ਹਾ ਪੁਲਿਸ ਮੁੱਖੀ (SSP) ਰਵਜੋਤ ਗਰੇਵਾਲ ਨੇ ਖ਼ੁਲਾਸਾ ਕੀਤਾ ਕਿ ਫੜੇ ਗਏ ਮੁਲਜ਼ਮਾਂ ਦਾ ਸੋਸ਼ਲ ਮੀਡੀਆ ਰਾਹੀਂ ਸੰਪਰਕ ਹੋਇਆ ਸੀ ਅਤੇ ਉਨ੍ਹਾਂ ਨੇ ਵਿਦੇਸ਼ ਵਿੱਚ ਬੈਠੇ 'ਰਾਣਾ ਭਾਈ' ਨਾਮ ਦੇ ਆਕਾ ਦੇ ਕਹਿਣ 'ਤੇ ਮਾਮੂਲੀ ਪੈਸਿਆਂ ਦੇ ਲਾਲਚ ਵਿੱਚ ਆ ਕੇ ਇਸ ਹਮਲੇ ਨੂੰ ਅੰਜਾਮ ਦਿੱਤਾ ਸੀ।
ਪੁਲਿਸ ਜਾਂਚ ਦੌਰਾਨ ਸਾਹਮਣੇ ਆਇਆ ਹੈ ਕਿ ਦੋਵਾਂ ਨੌਜਵਾਨਾਂ ਦੇ ਬੈਂਕ ਖਾਤਿਆਂ ਵਿੱਚ ਕ੍ਰਮਵਾਰ 1,200 ਰੁਪਏ ਅਤੇ 1,000 ਰੁਪਏ ਦੀਆਂ ਵਿੱਤੀ ਟ੍ਰਾਂਜ਼ੈਕਸ਼ਨਾਂ ਹੋਈਆਂ ਹਨ। ਐੱਸ.ਐੱਸ.ਪੀ. ਅਨੁਸਾਰ ਇਹ ਲੈਣ-ਦੇਣ ਇਸ ਸਾਜ਼ਿਸ਼ ਦਾ ਅਹਿਮ ਕੜੀ ਹਨ, ਜਿਸ ਦੇ ਆਧਾਰ 'ਤੇ ਕਰਾਸ-ਬਾਰਡਰ ਯਾਨੀ ਸਰਹੱਦ ਪਾਰ ਦੇ ਸਬੰਧਾਂ ਦੀ ਵੀ ਗੰਭੀਰਤਾ ਨਾਲ ਤਫ਼ਤੀਸ਼ ਕੀਤੀ ਜਾ ਰਹੀ ਹੈ। ਪੁਲਿਸ ਦਾ ਮੰਨਣਾ ਹੈ ਕਿ ਪੁੱਛਗਿੱਛ ਦੌਰਾਨ ਕਈ ਹੋਰ ਵੱਡੇ ਖ਼ੁਲਾਸੇ ਹੋਣ ਦੀ ਪੂਰੀ ਸੰਭਾਵਨਾ ਹੈ।
ਇਹ ਵਾਰਦਾਤ ਲੰਘੀ ਸਵੇਰ ਕਰੀਬ 3 ਵਜੇ ਵਾਪਰੀ, ਜਦੋਂ ਹਮਲਾਵਰਾਂ ਨੇ ਭਾਜਪਾ ਦਫ਼ਤਰ ਦੀ ਬਾਹਰੀ ਕੰਧ ਦੇ ਉੱਪਰੋਂ ਪੈਟਰੋਲ ਬੰਬ ਅੰਦਰ ਸੁੱਟ ਦਿੱਤਾ। ਇਸ ਕਾਰਨ ਕੰਧ ਦਾ ਇੱਕ ਹਿੱਸਾ ਝੁਲਸ ਗਿਆ ਅਤੇ ਅੱਗ ਦੇ ਨਿਸ਼ਾਨ ਛੱਡ ਗਿਆ। ਸੋਮਵਾਰ ਸਵੇਰੇ ਜਦੋਂ ਦਫ਼ਤਰ ਦੇ ਕੇਅਰਟੇਕਰ ਨੇ ਅੱਗ ਦੇ ਨਿਸ਼ਾਨ ਦੇਖੇ ਤਾਂ ਉਸ ਨੇ ਤੁਰੰਤ ਭਾਜਪਾ ਨੇਤਾ ਰਣਦੀਪ ਦਿਓਲ ਨੂੰ ਤਸਵੀਰਾਂ ਭੇਜ ਕੇ ਸੂਚਿਤ ਕੀਤਾ, ਜਿਸ ਤੋਂ ਬਾਅਦ ਸੂਬਾ ਪ੍ਰਧਾਨ ਕੇਵਲ ਢਿੱਲੋਂ ਅਤੇ ਪੁਲਿਸ ਪ੍ਰਸ਼ਾਸਨ ਹਰਕਤ ਵਿੱਚ ਆਇਆ।
ਪੁਲਿਸ ਮੁਤਾਬਕ ਫੜੇ ਗਏ ਦੋਵਾਂ ਨੌਜਵਾਨਾਂ ਦਾ ਪਹਿਲਾਂ ਕੋਈ ਅਪਰਾਧਿਕ ਰਿਕਾਰਡ ਨਹੀਂ ਹੈ। ਇਲਾਕੇ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਅਤੇ ਤਕਨੀਕੀ ਸਬੂਤਾਂ ਦੇ ਆਧਾਰ 'ਤੇ ਹੀ ਇਨ੍ਹਾਂ ਤੱਕ ਪਹੁੰਚ ਬਣਾਈ ਗਈ ਹੈ। ਫਿਲਹਾਲ ਸੁਰੱਖਿਆ ਏਜੰਸੀਆਂ ਅਤੇ ਪੁਲਿਸ ਟੀਮਾਂ ਦੋਵਾਂ ਮੁਲਜ਼ਮਾਂ ਤੋਂ ਡੂੰਘਾਈ ਨਾਲ ਪੁੱਛਗਿੱਛ ਕਰ ਰਹੀਆਂ ਹਨ।
Get all latest content delivered to your email a few times a month.