ਤਾਜਾ ਖਬਰਾਂ
ਬਜ਼ਾਰ ਵਿੱਚ 'ਐਨਰਜੀ ਡਰਿੰਕ' ਦੇ ਨਾਂ 'ਤੇ ਵੇਚੇ ਜਾ ਰਹੇ ਹਾਈ-ਕੈਫੀਨ ਪੀਣ ਵਾਲੇ ਪਦਾਰਥਾਂ 'ਤੇ ਫੂਡ ਸੇਫਟੀ ਐਂਡ ਸਟੈਂਡਰਡ ਅਥਾਰਟੀ ਆਫ ਇੰਡੀਆ (FSSAI) ਨੇ ਸ਼ਿਕੰਜਾ ਕੱਸ ਦਿੱਤਾ ਹੈ। ਕੇਂਦਰੀ ਖੁਰਾਕ ਸੁਰੱਖਿਆ ਨਿਗਰਾਨ ਸੰਸਥਾ ਨੇ ਪੈਪਸੀ ਸਟਿੰਗ, ਰੈੱਡ ਬੁੱਲ, ਮੌਨਸਟਰ, ਹੇਲ ਐਨਰਜੀ ਅਤੇ ਕੈਂਪਾ ਵਰਗੇ ਨਾਮੀ ਬ੍ਰਾਂਡਾਂ ਨੂੰ ਆਪਣੀਆਂ ਬੋਤਲਾਂ ਅਤੇ ਕੇਨਾਂ ਤੋਂ "ਐਨਰਜੀ ਡਰਿੰਕ" ਸ਼ਬਦ ਹਟਾਉਣ ਦਾ ਸਖ਼ਤ ਹੁਕਮ ਜਾਰੀ ਕੀਤਾ ਹੈ। ਅਥਾਰਟੀ ਦਾ ਮੰਨਣਾ ਹੈ ਕਿ ਅਜਿਹੇ ਦਾਅਵੇ ਗਾਹਕਾਂ ਨੂੰ ਗੁਰਮਾਹ ਕਰਦੇ ਹਨ, ਜਿਸ ਕਾਰਨ ਲੇਬਲਿੰਗ ਵਿੱਚ ਬਦਲਾਅ ਕਰਨਾ ਲਾਜ਼ਮੀ ਕਰ ਦਿੱਤਾ ਗਿਆ ਹੈ।
FSSAI ਅਨੁਸਾਰ ਭਾਰਤੀ ਖੁਰਾਕ ਨਿਯਮਾਂ ਅਧੀਨ ਅਜੇ ਤੱਕ 'ਐਨਰਜੀ ਡਰਿੰਕ' ਨਾਂ ਦੀ ਕੋਈ ਵੀ ਅਧਿਕਾਰਤ ਸ਼੍ਰੇਣੀ ਤੈਅ ਨਹੀਂ ਕੀਤੀ ਗਈ ਹੈ। ਅਜਿਹੇ 'ਚ ਪੀਣ ਵਾਲੇ ਪਦਾਰਥਾਂ ਰਾਹੀਂ ਸਰੀਰ ਨੂੰ ਤੁਰੰਤ ਊਰਜਾ ਮਿਲਣ ਜਾਂ ਥਕਾਵਟ ਦੂਰ ਹੋਣ ਦੇ ਦਾਅਵੇ ਖਪਤਕਾਰਾਂ ਨਾਲ ਧੋਖਾ ਹਨ। ਹਾਲਾਂਕਿ, ਇੱਕ ਬੰਦ ਕਮਰਾ ਬੈਠਕ ਦੌਰਾਨ ਬੇਵਰੇਜ ਕੰਪਨੀਆਂ ਨੇ ਇਸ ਦਾ ਵਿਰੋਧ ਕਰਦਿਆਂ ਕਿਹਾ ਸੀ ਕਿ ਇਸ ਨਾਲ ਉਨ੍ਹਾਂ ਦੀ ਬ੍ਰਾਂਡ ਵੈਲਿਊ ਅਤੇ ਵਿਕਰੀ 'ਤੇ ਮਾੜਾ ਅਸਰ ਪਵੇਗਾ। ਪਰ ਨਿਗਰਾਨ ਸੰਸਥਾ ਦੇ ਰੁਖ਼ ਅੱਗੇ ਝੁਕਦਿਆਂ ਕੰਪਨੀਆਂ ਨਿਯਮਾਂ ਦੀ ਪਾਲਣਾ ਲਈ ਸਹਿਮਤ ਹੋ ਗਈਆਂ ਹਨ, ਜਿਨ੍ਹਾਂ ਨੂੰ ਲੇਬਲ ਬਦਲਣ ਲਈ 3 ਮਹੀਨਿਆਂ (90 ਦਿਨ) ਦਾ ਸਮਾਂ ਦਿੱਤਾ ਗਿਆ ਹੈ।
ਇਨ੍ਹਾਂ ਪੀਣ ਵਾਲੇ ਪਦਾਰਥਾਂ ਵਿੱਚ ਕੈਫੀਨ, ਸ਼ੂਗਰ (ਖੰਡ) ਅਤੇ ਟੌਰੀਨ ਦੀ ਮਾਤਰਾ ਬਹੁਤ ਜ਼ਿਆਦਾ ਹੁੰਦੀ ਹੈ, ਜੋ ਕਿ ਨੌਜਵਾਨਾਂ ਦੀ ਸਿਹਤ ਲਈ ਚਿੰਤਾ ਦਾ ਦਾ ਵਿਸ਼ਾ ਹੈ। ਬ੍ਰਿਟੇਨ ਵਰਗੇ ਦੇਸ਼ਾਂ ਨੇ ਪਹਿਲਾਂ ਹੀ 16 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਅਜਿਹੇ ਹਾਈ-ਕੈਫੀਨ ਡਰਿੰਕਸ ਵੇਚਣ 'ਤੇ ਰੋਕ ਲਗਾਉਣ ਦੀ ਤਿਆਰੀ ਕਰ ਲਈ ਹੈ। ਭਾਰਤ ਵਿੱਚ ਵੀ, ਖ਼ਾਸ ਕਰਕੇ 20 ਰੁਪਏ ਵਾਲੇ ਸਟਿੰਗ ਬ੍ਰਾਂਡ ਦੇ ਆਉਣ ਤੋਂ ਬਾਅਦ, 15 ਤੋਂ 19 ਸਾਲ ਦੇ ਯੂਥ ਅਤੇ ਪੇਂਡੂ ਖੇਤਰਾਂ ਵਿੱਚ ਇਹਨਾਂ ਦੀ ਵਰਤੋਂ ਬਹੁਤ ਤੇਜ਼ੀ ਨਾਲ ਵਧੀ ਹੈ, ਜਿਸ ਨੂੰ ਦੇਖਦਿਆਂ ਸਰਕਾਰ ਨੇ ਇਹ ਸੁਧਾਰਾਤਮਕ ਕਦਮ ਚੁੱਕਿਆ ਹੈ।
Get all latest content delivered to your email a few times a month.