ਤਾਜਾ ਖਬਰਾਂ
ਜਲੰਧਰ ਦੇ ਮਸ਼ਹੂਰ ਸੋਸ਼ਲ ਮੀਡੀਆ ਇੰਫਲੂਐਂਸਰ ਨਵਦੀਪ ਸਿੰਘ ਉਰਫ਼ ਰੋਜ਼ਰ ਸੰਧੂ ਦੇ ਨਿਵਾਸ 'ਤੇ ਹੋਏ ਹੈਂਡ ਗ੍ਰਨੇਡ ਹਮਲੇ ਦੀ ਜਾਂਚ ਕਰ ਰਹੀ ਰਾਸ਼ਟਰੀ ਜਾਂਚ ਏਜੰਸੀ (NIA) ਨੂੰ ਵੱਡੀ ਸਫ਼ਲਤਾ ਮਿਲੀ ਹੈ। ਮੋਹਾਲੀ ਸਥਿਤ ਵਿਸ਼ੇਸ਼ NIA ਅਦਾਲਤ ਨੇ ਮਾਮਲੇ ਦੇ ਮੁੱਖ ਸਾਜ਼ਿਸ਼ਕਰਤਾ ਅਤੇ ਪਾਕਿਸਤਾਨੀ ਅੱਤਵਾਦੀ ਸ਼ਹਿਜ਼ਾਦ ਭੱਟੀ ਵਿਰੁੱਧ 'ਓਪਨ-ਐਂਡ' ਗੈਰ-ਜ਼ਮਾਨਤੀ ਵਾਰੰਟ (NBW) ਜਾਰੀ ਕਰ ਦਿੱਤਾ ਹੈ। ਏਜੰਸੀ ਮੁਤਾਬਕ ਭੱਟੀ ਇਸ ਵੇਲੇ ਬ੍ਰਾਜ਼ੀਲ ਵਿੱਚ ਲੁਕ ਕੇ ਭਾਰਤ ਵਿਰੋਧੀ ਅੱਤਵਾਦੀ ਗਤੀਵਿਧੀਆਂ ਨੂੰ ਅੰਜਾਮ ਦੇ ਰਿਹਾ ਹੈ, ਜਿਸ ਨੂੰ ਹੁਣ ਇੰਟਰਪੋਲ ਦੇ 'ਰੈੱਡ ਕਾਰਨਰ ਨੋਟਿਸ' ਰਾਹੀਂ ਭਾਰਤ ਲਿਆਉਣ ਅਤੇ ਉਸ ਦੀ ਹਵਾਲਗੀ ਪ੍ਰਕਿਰਿਆ ਸ਼ੁਰੂ ਕਰਨ ਦੀ ਕਾਨੂੰਨੀ ਰਾਹ ਪੱਧਰੀ ਹੋ ਗਈ ਹੈ।
ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਇਹ ਵਿਵਾਦ ਸਾਲ 2025 ਦੇ ਮਾਰਚ ਮਹੀਨੇ ਵਿੱਚ ਸੋਸ਼ਲ ਮੀਡੀਆ ਪਲੇਟਫ਼ਾਰਮਾਂ ਤੋਂ ਸ਼ੁਰੂ ਹੋਇਆ ਸੀ। ਪਾਕਿਸਤਾਨ ਤੋਂ ਆਪਣਾ ਨੈੱਟਵਰਕ ਚਲਾ ਰਹੇ ਸ਼ਹਿਜ਼ਾਦ ਭੱਟੀ ਨੇ ਇੰਸਟਾਗ੍ਰਾਮ, ਟਿਕਟੌਕ ਅਤੇ ਯੂਟਿਊਬ ਲਾਈਵ ਦੌਰਾਨ ਨਵਦੀਪ ਸੰਧੂ 'ਤੇ ਆਨਲਾਈਨ ਫੰਡਿੰਗ ਅਤੇ ਗਿਫ਼ਟਾਂ ਦੇ ਰੂਪ ਵਿੱਚ ਪੈਸੇ ਭੇਜਣ ਲਈ ਦਬਾਅ ਬਣਾਇਆ ਸੀ। ਜਦੋਂ ਨਵਦੀਪ ਨੇ ਇਸ ਤੋਂ ਸਾਫ਼ ਇਨਕਾਰ ਕਰ ਦਿੱਤਾ ਤਾਂ ਭੱਟੀ ਨੇ ਵ੍ਹਾਟਸਐਪ ਗਰੁੱਪਾਂ ਰਾਹੀਂ ਆਪਣੇ ਭਾਰਤੀ ਗੁਰਗਿਆਂ ਨਾਲ ਮਿਲ ਕੇ ਉਸ ਦੇ ਘਰ 'ਤੇ ਗ੍ਰਨੇਡ ਸੁੱਟਣ ਦੀ ਘਿਨਾਉਣੀ ਸਾਜ਼ਿਸ਼ ਰਚੀ।
ਕੇਂਦਰੀ ਗ੍ਰਹਿ ਮੰਤਰਾਲੇ ਦੇ ਨਿਰਦੇਸ਼ਾਂ 'ਤੇ ਜਾਂਚ ਦੀ ਕਮਾਨ ਸੰਭਾਲਣ ਤੋਂ ਬਾਅਦ NIA ਨੇ ਅਦਾਲਤ ਵਿੱਚ ਪੂਰਾ ਕ੍ਰੋਨੋਲੋਜੀਕਲ ਲਿੰਕ ਪੇਸ਼ ਕੀਤਾ। ਇਸ ਤੋਂ ਪਹਿਲਾਂ ਪੰਜਾਬ ਪੁਲਿਸ ਨੇ ਇਸ ਕੇਸ 'ਚ 10 ਗ੍ਰਿਫ਼ਤਾਰੀਆਂ ਕਰਕੇ 9 ਖ਼ਿਲਾਫ਼ ਅਦਾਲਤ ਵਿੱਚ ਦੋਸ਼-ਪੱਤਰ ਦਾਖ਼ਲ ਕੀਤਾ ਸੀ। ਹਾਲਾਂਕਿ, ਅਪ੍ਰੈਲ 2026 ਵਿੱਚ ਏਜੰਸੀ ਵੱਲੋਂ ਪੇਸ਼ ਕੀਤੀ ਗਈ ਪੂਰਕ (ਸਪਲੀਮੈਂਟਰੀ) ਚਾਰਜਸ਼ੀਟ ਵਿੱਚ ਭੱਟੀ ਅਤੇ ਉਸ ਦੇ ਸਾਥੀ ਦੀਪਨ ਰਾਣਾ ਨੂੰ ਮੁੱਖ ਦੋਸ਼ੀ ਵਜੋਂ ਨਾਮਜ਼ਦ ਕੀਤਾ ਗਿਆ ਸੀ।
ਅਦਾਲਤ ਨੇ ਮੰਨਿਆ ਹੈ ਕਿ ਵਿਦੇਸ਼ੀ ਧਰਤੀ ਤੋਂ ਗੈਂਗਸਟਰ-ਅੱਤਵਾਦੀ ਸਿੰਡੀਕੇਟ ਚਲਾ ਰਹੇ ਅਜਿਹੇ ਮੁਲਜ਼ਮਾਂ ਨੂੰ ਸਧਾਰਨ ਸੰਮਨਾਂ ਰਾਹੀਂ ਪੇਸ਼ ਨਹੀਂ ਕੀਤਾ ਜਾ ਸਕਦਾ। ਏਜੰਸੀ ਅਨੁਸਾਰ ਭੱਟੀ ਨੇ ਆਪਣੇ ਭਾਰਤੀ ਏਜੰਟ ਹਾਰਦਿਕ ਕੰਬੋਜ ਅਤੇ ਵਿਦੇਸ਼ ਬੈਠੇ ਜੱਸੀ ਨਾਲ ਮਿਲ ਕੇ ਜਲੰਧਰ ਵਿੱਚ ਲੌਜਿਸਟਿਕ ਨੈੱਟਵਰਕ ਤਿਆਰ ਕੀਤਾ ਸੀ। ਅਦਾਲਤੀ ਵਾਰੰਟ ਮਿਲਣ ਤੋਂ ਬਾਅਦ ਹੁਣ ਕੇਂਦਰੀ ਏਜੰਸੀਆਂ ਅੰਤਰਰਾਸ਼ਟਰੀ ਪੱਧਰ 'ਤੇ ਸ਼ਿਕੰਜਾ ਕੱਸਦਿਆਂ ਉਸ ਨੂੰ ਭਾਰਤੀ ਕਾਨੂੰਨ ਦੇ ਹਵਾਲੇ ਕਰਨ ਦੀ ਤਿਆਰੀ ਵਿੱਚ ਹਨ।
Get all latest content delivered to your email a few times a month.