ਤਾਜਾ ਖਬਰਾਂ
ਪੰਜਾਬ ਕਾਂਗਰਸ ਅੰਦਰੂਨੀ ਕਲੇਸ਼ ਅਤੇ ਲੀਡਰਸ਼ਿਪ ਦੀ ਖ਼ਿੱਚੋਤਾਣ ਦੇ ਗੰਭੀਰ ਸੰਕਟ ਵਿੱਚੋਂ ਲੰਘ ਰਹੀ ਹੈ। ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਜਲੰਧਰ ਤੋਂ ਸੰਸਦ ਮੈਂਬਰ ਚਰਨਜੀਤ ਸਿੰਘ ਚੰਨੀ ਤੇ ਗੁਰਦਾਸਪੁਰ ਤੋਂ ਸੰਸਦ ਮੈਂਬਰ ਸੁਖਜਿੰਦਰ ਸਿੰਘ ਰੰਧਾਵਾ ਵਿਚਾਲੇ ਦੂਰੀਆਂ ਹੋਰ ਵਧ ਗਈਆਂ ਹਨ। ਸੋਮਵਾਰ ਨੂੰ ਦੇਸ਼ ਦੀ ਸੰਸਦ ਕੰਪਲੈਕਸ ਬਾਹਰ ਹੋਏ ਪ੍ਰਦਰਸ਼ਨ ਦੌਰਾਨ ਚੰਨੀ-ਰੰਧਾਵਾ ਧੜੇ ਦੀ ਗੈਰ-ਹਾਜ਼ਰੀ ਨੇ ਪਾਰਟੀ ਅੰਦਰਲੀ ਇਸ ਵੱਡੀ ਬਗ਼ਾਵਤ 'ਤੇ ਮੁਹਰ ਲਗਾ ਦਿੱਤੀ ਹੈ।
ਬਰਨਾਲਾ ਵਿਖੇ ਸਫ਼ਾਈ ਕਰਮਚਾਰੀਆਂ 'ਤੇ ਹੋਏ ਲਾਠੀਚਾਰਜ ਦੇ ਵਿਰੋਧ ਵਿੱਚ ਕਾਂਗਰਸੀ ਸੰਸਦ ਮੈਂਬਰਾਂ ਵੱਲੋਂ ਸੰਸਦ ਭਵਨ ਬਾਹਰ ਧਰਨਾ ਦਿੱਤਾ ਗਿਆ ਸੀ। ਇਸ ਪ੍ਰਦਰਸ਼ਨ ਦੀ ਅਗਵਾਈ ਸੂਬਾ ਪ੍ਰਧਾਨ ਰਾਜਾ ਵੜਿੰਗ ਕਰ ਰਹੇ ਸਨ, ਜਿਨ੍ਹਾਂ ਨਾਲ ਡਾ. ਅਮਰ ਸਿੰਘ, ਗੁਰਜੀਤ ਸਿੰਘ ਔਜਲਾ ਅਤੇ ਸ਼ੇਰ ਸਿੰਘ ਘੁਬਾਇਆ ਤਾਂ ਡਟੇ ਨਜ਼ਰ ਆਏ, ਪਰ ਚਰਨਜੀਤ ਚੰਨੀ ਅਤੇ ਸੁਖਜਿੰਦਰ ਰੰਧਾਵਾ ਨੇ ਇਸ ਤੋਂ ਪੂਰੀ ਤਰ੍ਹਾਂ ਕਿਨਾਰਾ ਕਰ ਲਿਆ।
ਦੂਜੇ ਪਾਸੇ, ਚੰਨੀ-ਰੰਧਾਵਾ ਗੁੱਟ ਵੱਲੋਂ ਅਪਣੀ ਵੱਖਰੀ ਤਾਕਤ ਦਾ ਵਿਖਾਵਾ ਲਗਾਤਾਰ ਕੀਤਾ ਜਾ ਰਿਹਾ ਹੈ। ਲੰਘੇ ਐਤਵਾਰ ਗੁਰਦਾਸਪੁਰ ਦੇ ਵਿਧਾਇਕ ਬਰਿੰਦਰਮੀਤ ਸਿੰਘ ਪਾਹੜਾ ਦੇ ਪਰਿਵਾਰਕ ਸਮਾਗਮ ਵਿੱਚ ਰਾਣਾ ਗੁਰਜੀਤ ਸਿੰਘ ਅਤੇ ਭਾਰਤ ਭੂਸ਼ਣ ਆਸ਼ੂ ਵਰਗੇ ਦਿੱਗਜ ਨੇਤਾ ਚੰਨੀ ਅਤੇ ਰੰਧਾਵਾ ਨਾਲ ਇਕੱਠੇ ਦਿਖਾਈ ਦਿੱਤੇ। ਇਸ ਤੋਂ ਬਾਅਦ ਸੋਮਵਾਰ ਨੂੰ ਆਗੂ ਅਨੀਲ ਜੋਸ਼ੀ ਵੱਲੋਂ ਸਾਂਝੀ ਕੀਤੀ ਗਈ ਇੱਕ ਵੀਡੀਓ ਵਿੱਚ ਇਹ ਸਾਰੇ ਸੀਨੀਅਰ ਨੇਤਾ ਇੱਕੋ ਟੇਬਲ 'ਤੇ ਰਾਤ ਦਾ ਖਾਣਾ ਖਾਂਦੇ ਨਜ਼ਰ ਆਏ, ਜਿਸ ਨੂੰ ਹਾਈਕਮਾਂਡ ਵਿਰੁੱਧ ਇੱਕ ਸ਼ਕਤੀ ਪ੍ਰਦਰਸ਼ਨ ਵਜੋਂ ਦੇਖਿਆ ਜਾ ਰਿਹਾ ਹੈ।
ਸੂਤਰਾਂ ਮੁਤਾਬਕ ਪਾਰਟੀ ਦੇ ਰਾਸ਼ਟਰੀ ਸੰਗਠਨ ਜਨਰਲ ਸਕੱਤਰ ਕੇ.ਸੀ. ਵੇਣੂਗੋਪਾਲ ਨੇ ਦਿੱਲੀ ਵਿੱਚ ਦੋਹਾਂ ਧਿਰਾਂ ਵਿਚਾਲੇ ਸੁਲ੍ਹਾ ਕਰਵਾਉਣ ਲਈ ਉੱਚ ਪੱਧਰੀ ਬੈਠਕ ਬੁਲਾਈ ਸੀ। ਹਾਲਾਂਕਿ, ਤਲਖ਼ ਬਹਿਸ ਤੋਂ ਬਾਅਦ ਇਹ ਮੀਟਿੰਗ ਬਿਨਾਂ ਕਿਸੇ ਸਿੱਟੇ ਦੇ ਖ਼ਤਮ ਹੋ ਗਈ। ਇਸ ਸਭ ਦੇ ਵਿਚਕਾਰ ਚਰਨਜੀਤ ਸਿੰਘ ਚੰਨੀ ਨੇ ਸਫ਼ਾਈ ਸੇਵਕਾਂ ਦੇ ਹੱਕ ਵਿੱਚ ਬਰਨਾਲਾ ਜਾ ਕੇ ਡਟਣ ਅਤੇ ਆਗਾਮੀ ਵਿਧਾਨ ਸਭਾ ਚੋਣਾਂ ਨੂੰ ਧਿਆਨ ਵਿੱਚ ਰੱਖਦਿਆਂ ਜਨਤਕ ਸਰਗਰਮੀਆਂ ਵਧਾ ਦਿੱਤੀਆਂ ਹਨ, ਜਿਸ ਨਾਲ ਪੰਜਾਬ ਕਾਂਗਰਸ ਦੀ ਰਾਜਨੀਤੀ ਹੋਰ ਭਖਣ ਦੇ ਆਸਾਰ ਹਨ।
Get all latest content delivered to your email a few times a month.