IMG-LOGO
ਹੋਮ ਪੰਜਾਬ: ਪੰਜਾਬੀਆਂ ਦੀਆਂ ਵਿਦੇਸ਼ੀ ਉਡਾਣਾਂ ਹੋਈਆਂ ਹੋਰ ਸੁਖਾਲੀਆਂ: ਏਅਰ ਇੰਡੀਆ ਨੇ...

ਪੰਜਾਬੀਆਂ ਦੀਆਂ ਵਿਦੇਸ਼ੀ ਉਡਾਣਾਂ ਹੋਈਆਂ ਹੋਰ ਸੁਖਾਲੀਆਂ: ਏਅਰ ਇੰਡੀਆ ਨੇ ਅੰਮ੍ਰਿਤਸਰ ਤੋਂ ਸ਼ੁਰੂ ਕੀਤੀ 'ਈਜ਼ੀ ਕਨੈਕਟ' ਸੇਵਾ; ਦਿੱਲੀ ਰਾਹੀਂ ਮਿਲੇਗੀ 27 ਦੇਸ਼ਾਂ ਦੀ ਸਿੱਧੀ ਫਲਾਈਟ

Admin User - Jul 28, 2026 10:53 AM
IMG

ਪੰਜਾਬ ਤੋਂ ਵਿਦੇਸ਼ ਜਾਣ ਵਾਲੇ ਮੁਸਾਫ਼ਰਾਂ ਲਈ ਇੱਕ ਵੱਡੀ ਅਤੇ ਰਾਹਤ ਭਰੀ ਖ਼ਬਰ ਸਾਹਮਣੇ ਆਈ ਹੈ। ਏਅਰ ਇੰਡੀਆ ਵੱਲੋਂ ਮੰਗਲਵਾਰ ਤੋਂ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਆਪਣੀ ਵਿਸ਼ੇਸ਼ 'ਈਜ਼ੀ ਕਨੈਕਟ' (Easy Connect) ਸੁਵਿਧਾ ਦੀ ਆਗਾਜ਼ ਕਰ ਦਿੱਤਾ ਗਿਆ ਹੈ। ਕੇਂਦਰ ਸਰਕਾਰ ਦੀ ਹੱਬ-ਐਂਡ-ਸਪੋਕ ਨੀਤੀ ਤਹਿਤ ਸ਼ੁਰੂ ਕੀਤੀ ਗਈ ਇਸ ਪਹਿਲਕਦਮੀ ਦਾ ਮੁੱਖ ਮਕਸਦ ਪੰਜਾਬ ਦੇ ਯਾਤਰੀਆਂ ਨੂੰ ਰਾਜਧਾਨੀ ਦਿੱਲੀ ਰਾਹੀਂ ਦੁਨੀਆ ਦੇ 27 ਪ੍ਰਮੁੱਖ ਗਲੋਬਲ ਸ਼ਹਿਰਾਂ ਨਾਲ ਬਿਨਾਂ ਕਿਸੇ ਖੱਜਲ-ਖੁਆਰੀ ਦੇ ਜੋੜਨਾ ਹੈ।


ਇਸ ਨਵੀਂ ਸੇਵਾ ਦੀ ਸਭ ਤੋਂ ਵੱਡੀ ਵਿਸ਼ੇਸ਼ਤਾ ਇਹ ਹੈ ਕਿ ਅੰਤਰਰਾਸ਼ਟਰੀ ਸਫ਼ਰ ਕਰਨ ਵਾਲੇ ਯਾਤਰੀਆਂ ਨੂੰ ਹੁਣ ਦਿੱਲੀ ਹਵਾਈ ਅੱਡੇ 'ਤੇ ਪਹੁੰਚ ਕੇ ਮੁੜ ਲਾਈਨਾਂ 'ਚ ਨਹੀਂ ਲੱਗਣਾ ਪਵੇਗਾ। ਯਾਤਰੀ ਅੰਮ੍ਰਿਤਸਰ ਏਅਰਪੋਰਟ ਤੋਂ ਹੀ ਅੰਤਿਮ ਮੰਜ਼ਿਲ ਤੱਕ ਦਾ ਬੋਰਡਿੰਗ ਪਾਸ ਅਤੇ ਸਾਮਾਨ ਚੈੱਕ-ਇਨ ਕਰਵਾ ਸਕਣਗੇ, ਜਦਕਿ ਉਨ੍ਹਾਂ ਦੀ ਇਮੀਗ੍ਰੇਸ਼ਨ ਪ੍ਰਕਿਰਿਆ ਵੀ ਇੱਥੇ ਹੀ ਮੁਕੰਮਲ ਹੋ ਜਾਵੇਗੀ। ਦਿੱਲੀ ਪਹੁੰਚ ਕੇ ਮੁਸਾਫ਼ਰ ਸਿੱਧੇ ਅੰਤਰਰਾਸ਼ਟਰੀ ਟ੍ਰਾਂਜ਼ਿਟ ਜ਼ੋਨ ਰਾਹੀਂ ਅਗਲੀ ਉਡਾਣ ਫੜ ਸਕਣਗੇ।


ਏਅਰ ਇੰਡੀਆ ਵੱਲੋਂ ਅੰਮ੍ਰਿਤਸਰ ਤੋਂ ਦਿੱਲੀ ਲਈ ਰੋਜ਼ਾਨਾ ਦੋ ਉਡਾਣਾਂ (AI 1113 ਸਵੇਰੇ 9:10 ਵਜੇ ਅਤੇ AI 1115 ਰਾਤ 10:00 ਵਜੇ) ਚਲਾਈਆਂ ਜਾਣਗੀਆਂ। ਸਵੇਰ ਦੀ ਫਲਾਈਟ ਰਾਹੀਂ ਦਿੱਲੀ ਪਹੁੰਚਣ ਵਾਲੇ ਯਾਤਰੀ ਲੰਡਨ, ਪੈਰਿਸ, ਫਰੈਂਕਫਰਟ, ਰੋਮ, ਜ਼ਿਊਰਿਖ ਵਰਗੇ ਯੂਰਪੀ ਸ਼ਹਿਰਾਂ ਲਈ ਅੱਗੇ ਦੀ ਉਡਾਣ ਲੈ ਸਕਣਗੇ। ਦੂਜੇ ਪਾਸੇ, ਰਾਤ ਦੀ ਉਡਾਣ ਰਾਹੀਂ ਕੈਨੇਡਾ ਦੇ ਟੋਰਾਂਟੋ ਤੇ ਵੈਨਕੂਵਰ, ਅਮਰੀਕਾ ਦੇ ਨਿਊਯਾਰਕ, ਸ਼ਿਕਾਗੋ ਤੇ ਸੈਨ ਫਰਾਂਸਿਸਕੋ ਤੋਂ ਇਲਾਵਾ ਆਸਟ੍ਰੇਲੀਆ, ਦੁਬਈ ਅਤੇ ਸਿੰਗਾਪੁਰ ਵਰਗੇ ਸ਼ਹਿਰਾਂ ਲਈ ਚਾਰ ਘੰਟਿਆਂ ਅੰਦਰ ਕਨੈਕਟਿੰਗ ਫਲਾਈਟਾਂ ਮਿਲ ਜਾਣਗੀਆਂ।


ਕੇਂਦਰੀ ਨਾਗਰਿਕ ਹਵਾਬਾਜ਼ੀ ਮੰਤਰੀ ਕਿੰਜਰਾਪੂ ਰਾਮ ਮੋਹਨ ਨਾਇਡੂ ਨੇ ਇਸ ਸੇਵਾ ਦੀ ਸ਼ੁਰੂਆਤ ਕਰਦਿਆਂ ਕਿਹਾ ਕਿ ਇਹ ਕਦਮ ਦੇਸ਼ ਦੇ ਕੋਨੇ-ਕੋਨੇ ਨੂੰ ਵਿਸ਼ਵ ਪੱਧਰੀ ਹਵਾਈ ਨੈੱਟਵਰਕ ਨਾਲ ਜੋੜਨ ਦੀ ਦਿਸ਼ਾ ਵਿੱਚ ਵੱਡੀ ਪ੍ਰਾਪਤੀ ਹੈ, ਜਿਸ ਨਾਲ ਪੰਜਾਬੀਆਂ ਦੇ ਵਿਦੇਸ਼ਾਂ 'ਚ ਰਹਿੰਦੇ ਪਰਿਵਾਰਾਂ ਨਾਲ ਸਬੰਧ ਹੋਰ ਪੱਕੇ ਹੋਣਗੇ। ਏਅਰ ਇੰਡੀਆ ਦੇ ਅਧਿਕਾਰੀਆਂ ਅਨੁਸਾਰ ਅੰਮ੍ਰਿਤਸਰ ਅਤੇ ਵਾਰਾਣਸੀ ਤੋਂ ਬਾਅਦ ਇਹ ਸਹੂਲਤ ਅਹਿਮਦਾਬਾਦ, ਕੋਚੀ ਅਤੇ ਗੋਆ 'ਚ ਵੀ ਸ਼ੁਰੂ ਕੀਤੀ ਜਾਵੇਗੀ। ਹਾਲਾਂਕਿ, ਕੰਪਨੀ ਨੇ ਸਾਫ਼ ਕੀਤਾ ਹੈ ਕਿ ਇਸ ਸੁਵਿਧਾ ਦਾ ਲਾਭ ਲੈਣ ਲਈ ਭਾਰਤੀ ਪਾਸਪੋਰਟ ਧਾਰਕਾਂ ਲਈ ਡਿਜੀਯਾਤਰਾ (DigiYatra) ਐਪ 'ਤੇ ਰਜਿਸਟ੍ਰੇਸ਼ਨ ਕਰਵਾਉਣਾ ਲਾਜ਼ਮੀ ਕੀਤਾ ਗਿਆ ਹੈ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.