IMG-LOGO
ਹੋਮ ਰਾਸ਼ਟਰੀ, ਹਰਿਆਣਾ, ਗਲਾਸਗੋ 'ਚ ਹਰਿਆਣਾ ਦੀ ਧੀ ਨੇ ਰਚਿਆ ਇਤਿਹਾਸ: ਸ਼ਰਮੀਲਾ ਧਨਖੜ...

ਗਲਾਸਗੋ 'ਚ ਹਰਿਆਣਾ ਦੀ ਧੀ ਨੇ ਰਚਿਆ ਇਤਿਹਾਸ: ਸ਼ਰਮੀਲਾ ਧਨਖੜ ਨੇ ਸ਼ਾਟ ਪੁੱਟ 'ਚ ਜਿੱਤਿਆ ਗੋਲਡ; ਭਾਰਤ ਦਾ 20 ਸਾਲਾਂ ਦਾ ਉਡੀਕ ਖ਼ਤਮ

Admin User - Jul 28, 2026 10:39 AM
IMG

ਗਲਾਸਗੋ ਵਿਖੇ ਖੇਡੀਆਂ ਜਾ ਰਹੀਆਂ 2026 ਰਾਸ਼ਟਰਮੰਡਲ ਖੇਡਾਂ ਵਿੱਚ ਭਾਰਤੀ ਪੈਰਾ-ਐਥਲੀਟ ਸ਼ਰਮੀਲਾ ਧਨਖੜ ਨੇ ਸੁਨਹਿਰੀ ਇਤਿਹਾਸ ਲਿਖਦਿਆਂ ਦੇਸ਼ ਦਾ ਨਾਂ ਦੁਨੀਆ ਭਰ ਵਿੱਚ ਰੋਸ਼ਨ ਕੀਤਾ ਹੈ। ਮਹਿਲਾ ਸ਼ਾਟ ਪੁੱਟ F57 ਈਵੈਂਟ ਦੇ ਫਾਈਨਲ ਮੁਕਾਬਲੇ ਵਿੱਚ ਸ਼ਰਮੀਲਾ ਨੇ 9.81 ਮੀਟਰ ਦੀ ਸ਼ਾਨਦਾਰ ਥਰੋਅ ਸੁੱਟ ਕੇ ਸੋਨ ਤਗਮਾ ਆਪਣੇ ਨਾਂ ਕੀਤਾ। ਇਸ ਇਤਿਹਾਸਕ ਜਿੱਤ ਨਾਲ ਉਨ੍ਹਾਂ ਨੇ ਪੈਰਾ-ਐਥਲੈਟਿਕਸ ਖੇਤਰ ਵਿੱਚ ਭਾਰਤ ਦੇ 20 ਸਾਲਾਂ ਤੋਂ ਚੱਲੇ ਆ ਰਹੇ ਤਗਮੇ ਦੇ ਸੁੱਕੇ ਨੂੰ ਖ਼ਤਮ ਕਰ ਦਿੱਤਾ ਹੈ ਅਤੇ ਉਹ ਇਸ ਸ਼੍ਰੇਣੀ ਵਿੱਚ ਗੋਲਡ ਜਿੱਤਣ ਵਾਲੀ ਪਹਿਲੀ ਭਾਰਤੀ ਮਹਿਲਾ ਖਿਡਾਰਨ ਬਣ ਗਈ ਹੈ।


ਖੇਡ ਦੇ ਮੈਦਾਨ ਵਿੱਚ ਭਾਰਤ ਦੀ ਖ਼ੁਸ਼ੀ ਉਦੋਂ ਦੁਗਣੀ ਹੋ ਗਈ ਜਦੋਂ ਇਸੇ ਈਵੈਂਟ ਵਿੱਚ ਚੌਥੇ ਨੰਬਰ 'ਤੇ ਰਹੀ ਭਾਰਤੀ ਐਥਲੀਟ ਸ਼ਿਲਪਾ ਕੰਚੁਗਰਕੋਪਾਲੂ ਨੂੰ ਵੀ ਤਗਮਾ ਮਿਲ ਗਿਆ। ਅੰਕੜਿਆਂ ਅਤੇ ਨਤੀਜਿਆਂ ਦੀ ਮੁੜ ਸਮੀਖਿਆ ਤੋਂ ਬਾਅਦ ਨਾਈਜੀਰੀਆ ਦੀ ਖਿਡਾਰਨ ਯੂਚਾਰੀਆ ਇਯਾਜੀ ਦਾ ਤੀਜਾ ਸਥਾਨ ਰੱਦ ਕਰ ਦਿੱਤਾ ਗਿਆ, ਜਿਸ ਤੋਂ ਬਾਅਦ 7.26 ਮੀਟਰ ਥਰੋਅ ਕਰਨ ਵਾਲੀ ਸ਼ਿਲਪਾ ਨੂੰ ਕਾਂਸੀ ਦੇ ਤਗਮੇ ਨਾਲ ਨਵਾਜ਼ਿਆ ਗਿਆ।


ਸਾਲ 2022 ਦੀਆਂ ਬਰਮਿੰਘਮ ਰਾਸ਼ਟਰਮੰਡਲ ਖੇਡਾਂ ਵਿੱਚ ਸ਼ਰਮੀਲਾ ਤਗਮਾ ਜਿੱਤਣ ਦੇ ਬਹੁਤ ਨੇੜੇ ਪਹੁੰਚ ਕੇ ਖੁੰਝ ਗਈ ਸੀ। ਹਾਲਾਂਕਿ, ਉਸ ਨਿਰਾਸ਼ਾ ਨੂੰ ਆਪਣੀ ਤਾਕਤ ਬਣਾਉਂਦਿਆਂ ਉਨ੍ਹਾਂ ਨੇ ਚਾਰ ਸਾਲ ਅਣਥੱਕ ਮਿਹਨਤ ਕੀਤੀ ਅਤੇ ਗਲਾਸਗੋ ਦੇ ਮੈਦਾਨ ਵਿੱਚ ਅਜਿਹਾ ਥਰੋਅ ਸੁੱਟਿਆ ਜਿਸ ਨੇ ਭਾਰਤੀ ਪੈਰਾ-ਖੇਡਾਂ ਦਾ ਇਤਿਹਾਸ ਬਦਲ ਕੇ ਰੱਖ ਦਿੱਤਾ।


ਹਰਿਆਣਾ ਦੇ ਰੇਵਾੜੀ ਜ਼ਿਲ੍ਹੇ ਦੀ ਰਹਿਣ ਵਾਲੀ ਸ਼ਰਮੀਲਾ ਦਾ ਜੀਵਨ ਅਤਿਅੰਤ ਸੰਘਰਸ਼ਪੂਰਨ ਰਿਹਾ ਹੈ। ਮਹਿਜ਼ ਦੋ ਸਾਲ ਦੀ ਉਮਰ ਵਿੱਚ ਹੀ ਉਨ੍ਹਾਂ ਦੀ ਖੱਬੀ ਲੱਤ ਪੋਲੀਓ ਦੀ ਲਪੇਟ ਵਿੱਚ ਆ ਗਈ ਸੀ। ਛੋਟੀ ਉਮਰੇ ਵਿਆਹ ਹੋਣ ਤੋਂ ਬਾਅਦ ਉਨ੍ਹਾਂ ਨੂੰ ਭਾਰੀ ਘਰੇਲੂ ਹਿੰਸਾ ਦਾ ਸਾਹਮਣਾ ਕਰਨਾ ਪਿਆ। ਇਨ੍ਹਾਂ ਬਿਖੜੇ ਹਾਲਾਤਾਂ ਵਿੱਚ ਪਰਿਵਾਰ ਦੇ ਸਹਿਯੋਗ ਨਾਲ ਉਨ੍ਹਾਂ ਨੇ ਪਹਿਲੇ ਪਤੀ ਤੋਂ ਵੱਖ ਹੋ ਕੇ ਆਪਣੀ ਜ਼ਿੰਦਗੀ ਨੂੰ ਨਵਾਂ ਮੋੜ ਦਿੱਤਾ। ਬਾਅਦ ਵਿੱਚ ਅਜੀਤ ਸਿੰਘ ਨਾਲ ਹੋਏ ਦੂਜੇ ਵਿਆਹ ਨੇ ਉਨ੍ਹਾਂ ਦੀ ਕਿਸਮਤ ਬਦਲ ਦਿੱਤੀ, ਜਿਨ੍ਹਾਂ ਨੇ ਹਰ ਮੋੜ 'ਤੇ ਸ਼ਰਮੀਲਾ ਦੇ ਖੇਡ ਸੁਪਨਿਆਂ ਦਾ ਸਾਥ ਦਿੱਤਾ।


ਅੱਜ ਉਹ ਆਪਣੇ ਪਤੀ ਅਜੀਤ ਅਤੇ ਦੋ ਬੱਚਿਆਂ ਨਾਲ ਖ਼ੁਸ਼ਹਾਲ ਜੀਵਨ ਬਤੀਤ ਕਰ ਰਹੇ ਹਨ। ਗਲਾਸਗੋ ਦੇ ਮੈਦਾਨ ਵਿੱਚ ਜਦੋਂ ਦੇਸ਼ ਦਾ ਤਿਰੰਗਾ ਸਭ ਤੋਂ ਉੱਚਾ ਲਹਿਰਾਇਆ, ਤਾਂ ਸ਼ਰਮੀਲਾ ਦੇ ਪਰਿਵਾਰ ਦੀਆਂ ਅੱਖਾਂ ਵਿੱਚ ਖ਼ੁਸ਼ੀ ਦੇ ਹੰਝੂ ਸਨ। ਸਾਲਾਂ ਦੇ ਦਰਦ ਅਤੇ ਅਣਥੱਕ ਘਾਲਣਾ ਤੋਂ ਬਾਅਦ ਮਿਲੀ ਇਹ ਸਫ਼ਲਤਾ ਦੇਸ਼ ਦੀਆਂ ਲੱਖਾਂ ਧੀਆਂ ਲਈ ਇੱਕ ਮਿਸਾਲ ਬਣ ਗਈ ਹੈ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.