ਤਾਜਾ ਖਬਰਾਂ
ਅਮਰਨਾਥ ਯਾਤਰਾ 'ਤੇ ਨਿਕਲੇ ਸ਼ਰਧਾਲੂਆਂ ਨਾਲ ਭਰੀ ਇੱਕ ਬੱਸ ਗੰਦਰਬਲ ਜ਼ਿਲ੍ਹੇ ਅਧੀਨ ਪੈਂਦੇ ਹਰੀਗਨੀਵਾਨ (ਗੁੰਡ) ਇਲਾਕੇ ਵਿੱਚ ਖ਼ੌਫ਼ਨਾਕ ਹਾਦਸੇ ਦਾ ਸ਼ਿਕਾਰ ਹੋ ਗਈ। ਜਾਣਕਾਰੀ ਮੁਤਾਬਕ ਇੱਕ ਖ਼ਤਰਨਾਕ 'ਐਸ-ਮੋਡ' 'ਤੇ ਅਚਾਨਕ ਗੱਡੀ ਤੋਂ ਸੰਤੁਲਨ ਵਿਗੜਨ ਕਾਰਨ ਬੱਸ ਬੇਕਾਬੂ ਹੋ ਕੇ ਸਿੱਧੀ ਗਹਿਰੀ ਖਾਈ ਵਿੱਚ ਜਾ ਡਿੱਗੀ। ਘਟਨਾ ਵਾਪਰਦਿਆਂ ਹੀ ਚੀਕ-ਚਿਹਾੜਾ ਪੈ ਗਿਆ ਅਤੇ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ। ਇਸ ਘਟਨਾ ਵਿੱਚ ਕਈ ਸ਼ਰਧਾਲੂ ਗੰਭੀਰ ਰੂਪ ਵਿੱਚ ਜ਼ਖ਼ਮੀ ਹੋਏ ਹਨ।
ਹਾਦਸੇ ਦੀ ਖ਼ਬਰ ਮਿਲਦਿਆਂ ਹੀ ਥਾਣਾ ਗੁੰਡ ਦੇ ਐਸ.ਐਚ.ਓ. ਰਈਸ ਅਹਿਮਦ ਅਗਵਾਈ ਹੇਠ ਪੁਲਿਸ ਟੀਮਾਂ ਤੁਰੰਤ ਮੌਕੇ 'ਤੇ ਪਹੁੰਚੀਆਂ। ਪੁਲਿਸ ਜਵਾਨਾਂ ਨੇ ਸਥਾਨਕ ਲੋਕਾਂ ਦੀ ਮਦਦ ਨਾਲ ਬਿਨਾਂ ਸਮਾਂ ਗਵਾਏ ਖੱਡ ਵਿੱਚੋਂ ਜ਼ਖ਼ਮੀਆਂ ਨੂੰ ਬਾਹਰ ਕੱਢਣ ਲਈ ਰਾਹਤ ਕਾਰਜ ਵਿੱਢ ਦਿੱਤੇ। ਔਖੇ ਰਾਹਾਂ ਦੇ ਬਾਵਜੂਦ ਸਾਰੇ ਜ਼ਖ਼ਮੀਆਂ ਨੂੰ ਸੁਰੱਖਿਅਤ ਬਾਹਰ ਕੱਢ ਕੇ ਮੁੱਢਲੀ ਡਾਕਟਰੀ ਸਹਾਇਤਾ ਦਿੱਤੀ ਗਈ ਅਤੇ ਇਲਾਜ ਲਈ ਨੇੜਲੇ ਹਸਪਤਾਲਾਂ ਵਿੱਚ ਭੇਜਿਆ ਗਿਆ, ਜਿਨ੍ਹਾਂ ਵਿੱਚੋਂ ਕਈ ਯਾਤਰੀਆਂ ਦੀ ਹਾਲਤ ਚਿੰਤਾਜਨਕ ਦੱਸੀ ਜਾ ਰਹੀ ਹੈ।
ਇਸ ਦਰਦਨਾਕ ਹਾਦਸੇ ਤੋਂ ਬਾਅਦ ਰਾਹਤ ਕਾਰਜਾਂ ਨੂੰ ਤੇਜ਼ ਕਰਨ ਲਈ ਵੱਖ-ਵੱਖ ਸੁਰੱਖਿਆ ਏਜੰਸੀਆਂ ਨੇ ਮਿਲ ਕੇ ਮੋਰਚਾ ਸੰਭਾਲਿਆ। ਆਈ.ਟੀ.ਬੀ.ਪੀ. (ITBP), ਸੀ.ਆਰ.ਪੀ.ਐਫ. (CRPF) ਦੀ 118ਵੀਂ ਬਟਾਲੀਅਨ, 2 ਅਸਾਮ ਰਾਈਫ਼ਲਜ਼ ਅਤੇ 21 ਰਾਸ਼ਟਰੀ ਰਾਈਫ਼ਲਜ਼ (RR) ਦੇ ਜਵਾਨਾਂ ਨੇ ਮੌਕੇ 'ਤੇ ਪਹੁੰਚ ਕੇ ਬਚਾਅ ਕਾਰਜਾਂ ਵਿੱਚ ਪੂਰਾ ਸਹਿਯੋਗ ਦਿੱਤਾ। ਇਸ ਦੇ ਨਾਲ ਹੀ ਯਾਤਰਾ ਪੁਲਿਸ ਵੱਲੋਂ ਸ਼ਰਧਾਲੂਆਂ ਦੀ ਸ਼ਨਾਖ਼ਤ ਕਰਨ ਅਤੇ ਉਨ੍ਹਾਂ ਦੇ ਪਰਿਵਾਰਾਂ ਤੱਕ ਜਾਣਕਾਰੀ ਪਹੁੰਚਾਉਣ ਦਾ ਕੰਮ ਲਗਾਤਾਰ ਕੀਤਾ ਜਾ ਰਿਹਾ ਹੈ। ਪ੍ਰਸ਼ਾਸਨ ਮੁਤਾਬਕ ਸਥਿਤੀ 'ਤੇ ਪੂਰੀ ਨਜ਼ਰ ਰੱਖੀ ਜਾ ਰਹੀ ਹੈ।
Get all latest content delivered to your email a few times a month.