ਤਾਜਾ ਖਬਰਾਂ
ਜਗਰਾਓਂ ਪੁਲਿਸ ਨੇ ਤਿੰਨ ਦਿਨ ਪਹਿਲਾਂ ਇੱਕ ਨਿੱਜੀ ਡਾਕਟਰ ਦੇ ਕਲੀਨਿਕ ਵਿੱਚ ਮਰੀਜ਼ ਬਣ ਕੇ ਦਾਖਲ ਹੋਏ ਲੁਟੇਰਿਆਂ ਵੱਲੋਂ ਕੀਤੀ ਗਈ ਲੁੱਟ ਦੇ ਮਾਮਲੇ ਨੂੰ ਸੁਲਝਾਉਂਦੇ ਹੋਏ ਪੰਜ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ, ਜਦਕਿ ਇਸ ਵਾਰਦਾਤ ਵਿੱਚ ਸ਼ਾਮਲ ਚਾਰ ਹੋਰ ਦੋਸ਼ੀਆਂ ਦੀ ਭਾਲ ਜਾਰੀ ਹੈ।
ਐਸਐਸਪੀ ਦਫ਼ਤਰ ਵਿਖੇ ਪ੍ਰੈੱਸ ਕਾਨਫਰੰਸ ਦੌਰਾਨ ਲੁਧਿਆਣਾ ਦਿਹਾਤੀ ਦੇ ਐਸਐਸਪੀ ਡਾ. ਅੰਕੁਰ ਗੁਪਤਾ ਨੇ ਦੱਸਿਆ ਕਿ ਅਗਵਾੜ ਲਧਾਈ ਸਥਿਤ ਚੋਪੜਾ ਹਸਪਤਾਲ ਦੇ ਡਾ. ਵਿਜੇ ਕੁਮਾਰ ਚੋਪੜਾ ਨੇ ਪੁਲਿਸ ਨੂੰ ਸ਼ਿਕਾਇਤ ਦਿੱਤੀ ਸੀ ਕਿ ਇੱਕ ਲੜਕੀ ਅਤੇ ਪੰਜ ਅਣਪਛਾਤੇ ਵਿਅਕਤੀ ਮਰੀਜ਼ ਬਣ ਕੇ ਕਲੀਨਿਕ ਵਿੱਚ ਆਏ। ਇਲਾਜ ਦੇ ਬਹਾਨੇ ਡਾਕਟਰ ਨੂੰ ਕਾਬੂ ਕਰਕੇ ਉਸਦਾ ਮੂੰਹ ਘੁੱਟਿਆ ਗਿਆ ਅਤੇ ਪਿਛਲੇ ਕਮਰੇ ਵਿੱਚ ਲਿਜਾ ਕੇ ਨਕਦੀ, ਸੋਨੇ ਦੀ ਮੁੰਦਰੀ ਅਤੇ ਸੈਮਸੰਗ ਮੋਬਾਈਲ ਲੁੱਟ ਲਿਆ ਗਿਆ।
ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਪੁਲਿਸ ਨੇ ਵੱਖ-ਵੱਖ ਟੀਮਾਂ ਦਾ ਗਠਨ ਕਰਕੇ ਤਕਨੀਕੀ ਸਬੂਤਾਂ ਦੀ ਮਦਦ ਨਾਲ ਕਾਰਵਾਈ ਕੀਤੀ। ਜਾਂਚ ਦੌਰਾਨ ਬਲਵੰਤ ਸਿੰਘ, ਪਵਨਪ੍ਰੀਤ ਕੌਰ ਉਰਫ਼ ਕਿਰਨ, ਬੇਅੰਤ ਕੌਰ, ਅਕਾਸ਼ਦੀਪ ਸਿੰਘ ਉਰਫ਼ ਅਕਾਸ਼ ਅਤੇ ਰਾਹੁਲ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਪੁਲਿਸ ਨੇ ਵਾਰਦਾਤ ਵਿੱਚ ਵਰਤੀ ਗਈ ਮਹਿੰਦਰਾ ਗੱਡੀ ਵੀ ਬਰਾਮਦ ਕਰ ਲਈ ਹੈ। ਗ੍ਰਿਫ਼ਤਾਰ ਮੁਲਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਜਾਵੇਗਾ ਤਾਂ ਜੋ ਮਾਮਲੇ ਨਾਲ ਜੁੜੇ ਹੋਰ ਤੱਥ ਸਾਹਮਣੇ ਲਿਆਂਦੇ ਜਾ ਸਕਣ ਅਤੇ ਫਰਾਰ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਯਕੀਨੀ ਬਣਾਈ ਜਾ ਸਕੇ।
Get all latest content delivered to your email a few times a month.