ਤਾਜਾ ਖਬਰਾਂ
ਚੰਡੀਗੜ੍ਹ/ਮੁਹਾਲੀ, 27 ਜੁਲਾਈ:
ਵਿਸ਼ਵ ਹੈਪੇਟਾਈਟਸ ਦਿਵਸ ਮੌਕੇ, ਲਿਵਰ ਦੀ ਦੇਖਭਾਲ ਲਈ ਸੂਬੇ ਦੀ ਪ੍ਰਮੁੱਖ ਸੁਪਰ-ਸਪੈਸ਼ਲਿਟੀ ਸੰਸਥਾ ਪੰਜਾਬ ਇੰਸਟੀਚਿਊਟ ਆਫ਼ ਲਿਵਰ ਐਂਡ ਬਿਲੀਅਰੀ ਸਾਇੰਸਜ਼ (ਪੀ.ਆਈ.ਐਲ.ਬੀ.ਐਸ.), ਮੋਹਾਲੀ ਵੱਲੋਂ 28 ਜੁਲਾਈ, 2026 (ਮੰਗਲਵਾਰ) ਨੂੰ ਸਵੇਰੇ 9 ਵਜੇ ਤੋਂ ਸੰਸਥਾ ਦੇ ਓ.ਪੀ.ਡੀ. ਕੰਪਲੈਕਸ ਵਿੱਚ ਵਿਆਪਕ ਲਿਵਰ ਹੈਲਥ ਕੈਂਪ ਲਗਾਇਆ ਜਾ ਰਿਹਾ ਹੈ।
ਇਸ ਸਾਲ ਦੀ ਗਲੋਬਲ ਥੀਮ "ਲੈਟਸ ਬ੍ਰੇਕ ਇਟ ਡਾਊਨ" ਨੂੰ ਧਿਆਨ ਵਿੱਚ ਰੱਖਦਿਆਂ, ਇਸ ਕੈਂਪ ਦਾ ਉਦੇਸ਼ ਆਮ ਜਨਤਾ ਲਈ ਲਿਵਰ ਸਬੰਧੀ ਆਧੁਨਿਕ ਜਾਂਚ ਸਹੂਲਤਾਂ ਨੂੰ ਸੁਖਾਲਾ ਅਤੇ ਕਿਫ਼ਾਇਤੀ ਬਣਾਉਣਾ ਹੈ।
ਪੀ.ਆਈ.ਐਲ.ਬੀ.ਐਸ. ਦੇ ਡਾਇਰੈਕਟਰ ਡਾ. ਵੀਰੇਂਦਰ ਸਿੰਘ ਨੇ ਦੱਸਿਆ ਕਿ ਇਸ ਵਿਸ਼ੇਸ਼ ਪਹਿਲਕਦਮੀ ਤਹਿਤ ਮਾਹਰ ਹੈਪੇਟੋਲੋਜਿਸਟ ਦੀ ਸਲਾਹ ਸਮੇਤ ਮੁੱਖ ਲਿਵਰ ਟੈਸਟ—ਜਿਨ੍ਹਾਂ ਵਿੱਚ ਫਾਈਬਰੋਸਕੈਨ, ਅਲਟਰਾਸਾਊਂਡ, ਲਿਵਰ ਫੰਕਸ਼ਨ ਟੈਸਟ (ਐਲਐਫਟੀ), ਰੀਨਲ ਫੰਕਸ਼ਨ ਟੈਸਟ (ਆਰਐਫਟੀ), ਯੂਰਿਨ ਰੂਟੀਨ ਮਾਈਕਰੋਸਕੋਪੀ, ਹੈਪੇਟਾਈਟਸ ਬੀ ਅਤੇ ਸੀ ਦੀ ਸਕ੍ਰੀਨਿੰਗ ਸ਼ਾਮਲ ਹਨ, ਮਹਿਜ਼ 1000 ਰੁਪਏ ਵਿੱਚ ਉਪਲਬਧ ਹੋਣਗੇ।
ਡਾ. ਵੀਰੇਂਦਰ ਸਿੰਘ ਨੇ ਆਮ ਲੋਕਾਂ ਨੂੰ ਇਸ ਮੌਕੇ ਦਾ ਵੱਧ ਤੋਂ ਵੱਧ ਲਾਭ ਉਠਾਉਣ ਦੀ ਅਪੀਲ ਕਰਦਿਆਂ ਸੂਬੇ ਭਰ ਦੇ ਲੋਕਾਂ ਨੂੰ ਕੈਂਪ ਵਿੱਚ ਪਹੁੰਚ ਕੇ ਆਪਣੀ ਸਿਹਤ ਨੂੰ ਪਹਿਲ ਦੇਣ ਲਈ ਕਿਹਾ।
ਡਾਇਰੈਕਟਰ ਨੇ ਕਿਹਾ, "ਇਹ ਕੈਂਪ ਸਿਰਫ਼ ਲਿਵਰ ਦੀ ਬੀਮਾਰੀ ਤੋਂ ਪੀੜਤ ਮਰੀਜ਼ਾਂ ਲਈ ਹੀ ਨਹੀਂ ਹੈ, ਸਗੋਂ ਹਰ ਉਸ ਵਿਅਕਤੀ ਲਈ ਹੈ ਜੋ ਇਹ ਯਕੀਨੀ ਬਣਾਉਣਾ ਚਾਹੁੰਦਾ ਹੈ ਕਿ ਉਸ ਦਾ ਲਿਵਰ ਸਿਹਤਮੰਦ ਹੈ।"
ਉਨ੍ਹਾਂ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਬੀਮਾਰੀ ਦੀ ਸਮੇਂ ਸਿਰ ਪਛਾਣ ਅਤੇ ਜਾਂਚ ਲਿਵਰ ਦੀਆਂ ਗੰਭੀਰ ਸਮੱਸਿਆਵਾਂ ਤੋਂ ਬਚਣ ਵਿੱਚ ਅਹਿਮ ਭੂਮਿਕਾ ਨਿਭਾਉਂਦੀ ਹੈ। ਉਨ੍ਹਾਂ ਕਿਹਾ ਕਿ ਬਿਨਾਂ ਲੱਛਣ ਵਾਲੇ ਵਿਅਕਤੀਆਂ ਲਈ ਵੀ ਨਿਯਮਤ ਜਾਂਚ ਜ਼ਰੂਰੀ ਹੈ।
Get all latest content delivered to your email a few times a month.