ਤਾਜਾ ਖਬਰਾਂ
ਐਂਕਰ:- ਉੱਤਰ ਭਾਰਤ ਵਿੱਚ ਮਾਨਸੂਨ ਇੱਕ ਵਾਰ ਫਿਰ ਤੋਂ ਪੂਰੀ ਤਰ੍ਹਾਂ ਸਰਗਰਮ ਹੋ ਗਿਆ ਹੈ। ਹਿਮਾਚਲ ਪ੍ਰਦੇਸ਼, ਪੰਜਾਬ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ ਵਿੱਚ ਅਗਲੇ ਕੁਝ ਦਿਨਾਂ ਲਈ ਭਾਰੀ ਤੋਂ ਬਹੁਤ ਭਾਰੀ ਮੀਂਹ ਦੀ ਭਵਿੱਖਬਾਣੀ ਕੀਤੀ ਗਈ ਹੈ। ਭਾਰਤੀ ਮੌਸਮ ਵਿਭਾਗ (IMD) ਅਨੁਸਾਰ ਇੱਕ ਮਜ਼ਬੂਤ ਪੱਛਮੀ ਗੜਬੜੀ ਅਤੇ ਰਾਜਸਥਾਨ ਉੱਤੇ ਬਣੇ ਘੱਟ ਦਬਾਅ ਵਾਲੇ ਖੇਤਰ ਕਾਰਨ ਮੌਸਮ ਵਿੱਚ ਇਹ ਵੱਡੀ ਤਬਦੀਲੀ ਆਈ ਹੈ। ਪਹਾੜੀ ਰਾਜ ਹਿਮਾਚਲ ਪ੍ਰਦੇਸ਼ ਵਿੱਚ 28 ਜੁਲਾਈ ਤੋਂ 31 ਜੁਲਾਈ ਤੱਕ ਵੱਖ-ਵੱਖ ਜ਼ਿਲ੍ਹਿਆਂ ਲਈ 'ਔਰੇਂਜ ਅਲਰਟ' ਜਾਰੀ ਕੀਤਾ ਗਿਆ ਹੈ। 28 ਜੁਲਾਈ ਨੂੰ ਮੰਡੀ, ਸ਼ਿਮਲਾ, ਸੋਲਨ ਅਤੇ ਸਿਰਮੌਰ ਵਿੱਚ ਭਾਰੀ ਮੀਂਹ ਦੀ ਚੇਤਾਵਨੀ ਹੈ, ਜਦਕਿ 29 ਅਤੇ 30 ਜੁਲਾਈ ਨੂੰ ਊਨਾ, ਕਾਂਗੜਾ, ਚੰਬਾ ਅਤੇ ਬਿਲਾਸਪੁਰ ਸਮੇਤ ਕਈ ਜ਼ਿਲ੍ਹਿਆਂ ਵਿੱਚ ਤੇਜ਼ ਬਾਰਿਸ਼ ਹੋਵੇਗੀ। ਪ੍ਰਸ਼ਾਸਨ ਨੇ ਸੈਲਾਨੀਆਂ ਅਤੇ ਸਥਾਨਕ ਲੋਕਾਂ ਨੂੰ ਨਦੀਆਂ, ਨਾਲਿਆਂ ਅਤੇ ਜ਼ਮੀਨ ਖਿਸਕਣ (ਲੈਂਡਸਲਾਇਡ) ਵਾਲੇ ਸੰਵੇਦਨਸ਼ੀਲ ਖੇਤਰਾਂ ਤੋਂ ਦੂਰ ਰਹਿਣ ਦੀ ਅਪੀਲ ਕੀਤੀ ਹੈ। ਇਸ ਦੇ ਨਾਲ ਹੀ ਮੈਦਾਨੀ ਇਲਾਕਿਆਂ ਵਿੱਚ ਫਲੈਸ਼ ਫਲੱਡ ਯਾਨੀ ਅਚਾਨਕ ਹੜ੍ਹ ਆਉਣ ਦੀ ਚੇਤਾਵਨੀ ਵੀ ਦਿੱਤੀ ਗਈ ਹੈ। ਦੂਜੇ ਪਾਸੇ, ਪੰਜਾਬ ਅਤੇ ਚੰਡੀਗੜ੍ਹ ਵਿੱਚ ਵੀ ਮਾਨਸੂਨ ਦੀ ਰਫ਼ਤਾਰ ਤੇਜ਼ ਹੋ ਗਈ ਹੈ। ਮੌਸਮ ਵਿਭਾਗ ਨੇ ਅੱਜ 27 ਜੁਲਾਈ ਤੋਂ ਅਗਲੇ ਚਾਰ ਦਿਨਾਂ ਲਈ ਭਾਰੀ ਮੀਂਹ ਦਾ ਅਲਰਟ ਜਾਰੀ ਕੀਤਾ ਹੈ, ਜਿਸ ਵਿੱਚ 28 ਅਤੇ 29 ਜੁਲਾਈ ਨੂੰ 'ਔਰੇਂਜ ਅਲਰਟ' ਰਹੇਗਾ। ਪਠਾਨਕੋਟ, ਗੁਰਦਾਸਪੁਰ, ਹੁਸ਼ਿਆਰਪੁਰ ਅਤੇ ਰੂਪਨਗਰ ਸਮੇਤ ਪੰਜਾਬ ਦੇ ਲਗਭਗ ਸਾਰੇ ਜ਼ਿਲ੍ਹਿਆਂ ਵਿੱਚ ਗਰਜ-ਤੂਫ਼ਾਨ ਅਤੇ ਬਿਜਲੀ ਚਮਕਣ ਦੇ ਨਾਲ ਹਲਕੀ ਤੋਂ ਦਰਮਿਆਨੀ ਅਤੇ ਕੁਝ ਥਾਵਾਂ 'ਤੇ ਬਹੁਤ ਭਾਰੀ ਬਾਰਿਸ਼ ਹੋਣ ਦੀ ਪੂਰੀ ਸੰਭਾਵਨਾ ਹੈ।
Get all latest content delivered to your email a few times a month.