ਤਾਜਾ ਖਬਰਾਂ
ਦਿੱਲੀ ਯੂਨੀਵਰਸਿਟੀ (DU) ਨੇ ਵੀਰਵਾਰ ਨੂੰ ਇੱਕ ਅਧਿਕਾਰਤ ਐਡਵਾਇਜ਼ਰੀ ਜਾਰੀ ਕਰਦਿਆਂ ਆਪਣੇ ਵਿਦਿਆਰਥੀਆਂ ਅਤੇ ਫੈਕਲਟੀ ਮੈਂਬਰਾਂ ਨੂੰ ਜੰਤਰ-ਮੰਤਰ ਵਿਖੇ ਹੋ ਰਹੇ ਪ੍ਰਦਰਸ਼ਨਾਂ ਅਤੇ ਗੈਰ-ਕਾਨੂੰਨੀ ਇਕੱਠਾਂ ਤੋਂ ਦੂਰ ਰਹਿਣ ਦੀ ਸਲਾਹ ਦਿੱਤੀ ਹੈ। ਯੂਨੀਵਰਸਿਟੀ ਪ੍ਰਸ਼ਾਸਨ ਨੇ ਸਪੱਸ਼ਟ ਕੀਤਾ ਹੈ ਕਿ ਕਿਸੇ ਵੀ ਨਿਯਮ ਵਿਰੁੱਧ ਪ੍ਰਦਰਸ਼ਨ 'ਚ ਹਿੱਸਾ ਲੈਣ ਨਾਲ ਨਾ ਸਿਰਫ਼ ਕਾਨੂੰਨੀ ਕਾਰਵਾਈ ਦਾ ਸਾਹਮਣਾ ਕਰਨਾ ਪੈ ਸਕਦਾ ਹੈ, ਸਗੋਂ ਇਸ ਨਾਲ ਵਿਦਿਆਰਥੀਆਂ ਦੀ ਸੁਰੱਖਿਆ ਅਤੇ ਉਨ੍ਹਾਂ ਦੇ ਅਕਾਦਮਿਕ ਭਵਿੱਖ 'ਤੇ ਵੀ ਗੰਭੀਰ ਅਸਰ ਪੈ ਸਕਦਾ ਹੈ।
ਡੀਯੂ ਪ੍ਰਸ਼ਾਸਨ ਨੇ ਸੋਸ਼ਲ ਮੀਡੀਆ ਮੰਚ 'X' 'ਤੇ ਪੋਸਟ ਸਾਂਝੀ ਕਰਦਿਆਂ ਕਿਹਾ ਕਿ ਜੰਤਰ-ਮੰਤਰ 'ਤੇ ਪ੍ਰਦਰਸ਼ਨਾਂ ਲਈ ਥਾਂ ਮਾਨਯੋਗ ਸੁਪਰੀਮ ਕੋਰਟ ਦੇ ਆਦੇਸ਼ਾਂ ਅਧੀਨ ਨਿਯਮਿਤ ਕੀਤੀ ਜਾਂਦੀ ਹੈ।
ਯੂਨੀਵਰਸਿਟੀ ਨੇ ਅਪੀਲ ਕਰਦਿਆਂ ਲਿਖਿਆ "ਸਾਡੇ ਲਈ ਵਿਦਿਆਰਥੀਆਂ ਅਤੇ ਅਧਿਆਪਕਾਂ ਦੀ ਸੁਰੱਖਿਆ ਸਭ ਤੋਂ ਪਹਿਲਾਂ ਹੈ। ਸਾਰੇ ਧਿਆਨ ਦੇਣ ਕਿ ਜੰਤਰ-ਮੰਤਰ ਵਿਖੇ ਬਿਨਾਂ ਮਨਜ਼ੂਰੀ ਜਾਂ ਸੁਪਰੀਮ ਕੋਰਟ ਦੇ ਨਿਯਮਾਂ ਤੋਂ ਬਾਹਰ ਕੀਤਾ ਗਿਆ ਕੋਈ ਵੀ ਇਕੱਠ ਗੈਰ-ਕਾਨੂੰਨੀ ਮੰਨਿਆ ਜਾਵੇਗਾ, ਜੋ ਕਾਨੂੰਨੀ ਪੜਤਾਲ ਨੂੰ ਸੱਦਾ ਦੇ ਸਕਦਾ ਹੈ।"
ਅਧਿਕਾਰੀਆਂ ਨੇ ਵਿਦਿਆਰਥੀਆਂ ਨੂੰ ਚੇਤਾਵਨੀ ਦਿੰਦਿਆਂ ਕਿਹਾ ਕਿ ਅਜਿਹੀਆਂ ਗਤੀਵਿਧੀਆਂ ਵਿੱਚ ਸ਼ਾਮਲ ਹੋਣ ਨਾਲ ਉਨ੍ਹਾਂ ਦਾ ਭਵਿੱਖ ਦਾ ਪੇਸ਼ੇਵਰ ਕਰੀਅਰ ਅਤੇ ਪੜ੍ਹਾਈ ਪ੍ਰਭਾਵਿਤ ਹੋ ਸਕਦੀ ਹੈ। ਇਸ ਨਾਲ ਉਨ੍ਹਾਂ ਦੀ ਨਿੱਜੀ ਸੁਰੱਖਿਆ ਲਈ ਵੀ ਖ਼ਤਰਾ ਪੈਦਾ ਹੁੰਦਾ ਹੈ, ਇਸ ਲਈ ਸਾਰਿਆਂ ਨੂੰ ਕਾਨੂੰਨ ਦੀ ਪਾਲਣਾ ਕਰਨੀ ਚਾਹੀਦੀ ਹੈ।
ਮੌਜੂਦਾ ਤਣਾਅਪੂਰਨ ਸਥਿਤੀ ਨੂੰ ਦੇਖਦਿਆਂ ਯੂਨੀਵਰਸਿਟੀ ਨੇ ਸੋਸ਼ਲ ਮੀਡੀਆ 'ਤੇ ਫੈਲ ਰਹੀ ਗਲਤ ਜਾਣਕਾਰੀ ਬਾਰੇ ਵੀ ਸਾਵਧਾਨ ਕੀਤਾ ਹੈ। ਐਡਵਾਇਜ਼ਰੀ 'ਚ ਕਿਹਾ ਗਿਆ ਹੈ ਕਿ ਸਥਿਤੀ ਨੂੰ ਭੜਕਾਉਣ ਲਈ ਵੱਡੇ ਪੱਧਰ 'ਤੇ ਜਾਅਲੀ (Fake) ਅਤੇ ਗੁੰਮਰਾਹਕੁੰਨ ਕੰਟੈਂਟ ਵਾਇਰਲ ਕੀਤਾ ਜਾ ਰਿਹਾ ਹੈ। ਇਸ ਲਈ ਵਿਦਿਆਰਥੀ ਅਤੇ ਫੈਕਲਟੀ ਬਿਨਾਂ ਪੁਸ਼ਟੀ ਕੀਤੇ ਕਿਸੇ ਵੀ ਅਫ਼ਵਾਹ ਜਾਂ ਸਮੱਗਰੀ 'ਤੇ ਯਕੀਨ ਨਾ ਕਰਨ ਅਤੇ ਪੂਰੀ ਸਾਵਧਾਨੀ ਵਰਤਣ।
Get all latest content delivered to your email a few times a month.