IMG-LOGO
ਹੋਮ ਪੰਜਾਬ, ਰਾਸ਼ਟਰੀ, ਅੰਤਰਰਾਸ਼ਟਰੀ, ਯੂਕੇ 'ਚ ਫਸੇ ਪੰਜਾਬੀ ਨੌਜਵਾਨਾਂ ਦਾ ਦਰਦ ਸੁਣ ਜਥੇਦਾਰ ਗੜਗੱਜ...

ਯੂਕੇ 'ਚ ਫਸੇ ਪੰਜਾਬੀ ਨੌਜਵਾਨਾਂ ਦਾ ਦਰਦ ਸੁਣ ਜਥੇਦਾਰ ਗੜਗੱਜ ਨੇ ਦਿੱਤਾ ਸਿਆਣਪ ਅਤੇ ਹੌਂਸਲੇ ਦਾ ਸੰਦੇਸ਼

Admin User - Jul 23, 2026 08:18 PM
IMG

ਯੂਨਾਈਟਡ ਕਿੰਗਡਮ (ਯੂਕੇ) ਵਿੱਚ ਮੁਸ਼ਕਲ ਹਾਲਾਤਾਂ ਦਾ ਸਾਹਮਣਾ ਕਰ ਰਹੇ ਅਤੇ ਭਾਰਤ ਵਾਪਸ ਆਉਣ ਦੇ ਇੱਛੁਕ ਪੰਜਾਬ ਅਤੇ ਹਰਿਆਣਾ ਨਾਲ ਸਬੰਧਤ ਕਈ ਨੌਜਵਾਨਾਂ ਨੇ ਯੂਨਾਈਟਡ ਸਿੱਖਸ ਸੰਸਥਾ ਦੇ ਉਪਰਾਲੇ ਤਹਿਤ ਸਾਊਥਾਲ ਵਿਖੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨਾਲ ਮੁਲਾਕਾਤ ਕਰਕੇ ਆਪਣੇ ਦੁੱਖ-ਦਰਦ ਸਾਂਝੇ ਕੀਤੇ। ਇਹ ਮੁਲਾਕਾਤ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ, ਪਾਰਕ ਐਵਨਿਊ ਸਾਊਥਾਲ ਵਿਖੇ ਬੀਬੀ ਨਰਪਿੰਦਰ ਕੌਰ ਬੀ.ਈ.ਐੱਮ. ਦੀ ਅਗਵਾਈ ਹੇਠ ਕਰਵਾਈ ਗਈ।

ਮੁਲਾਕਾਤ ਦੌਰਾਨ ਨੌਜਵਾਨਾਂ ਨੇ ਦੱਸਿਆ ਕਿ ਭਾਰਤ ਵਿੱਚ ਕੁਝ ਇਮੀਗ੍ਰੇਸ਼ਨ ਏਜੰਟਾਂ ਨੇ ਉਨ੍ਹਾਂ ਤੋਂ ਲੱਖਾਂ ਰੁਪਏ ਲੈ ਕੇ ਗਲਤ ਤਰੀਕੇ ਨਾਲ ਯੂਕੇ ਭੇਜਿਆ। ਸਹੀ ਦਸਤਾਵੇਜ਼ਾਂ ਅਤੇ ਕਾਨੂੰਨੀ ਵੀਜ਼ੇ ਦੀ ਕਮੀ ਕਾਰਨ ਹੁਣ ਉਹ ਯੂਕੇ ਵਿੱਚ ਨਾ ਤਾਂ ਰੁਜ਼ਗਾਰ ਕਰ ਸਕਦੇ ਹਨ ਅਤੇ ਨਾ ਹੀ ਆਮ ਜੀਵਨ ਬਤੀਤ ਕਰ ਪਾ ਰਹੇ ਹਨ। ਉਨ੍ਹਾਂ ਕਿਹਾ ਕਿ ਇਸ ਧੋਖਾਧੜੀ ਨੇ ਨਾ ਸਿਰਫ਼ ਉਨ੍ਹਾਂ ਦੇ ਮਾਪਿਆਂ ਦੀ ਮਿਹਨਤ ਦੀ ਕਮਾਈ ਬਰਬਾਦ ਕੀਤੀ, ਸਗੋਂ ਉਨ੍ਹਾਂ ਦਾ ਭਵਿੱਖ ਵੀ ਅਣਿਸ਼ਚਿਤ ਬਣਾ ਦਿੱਤਾ ਹੈ।

ਬੀਬੀ ਨਰਪਿੰਦਰ ਕੌਰ ਨੇ ਜਥੇਦਾਰ ਗੜਗੱਜ ਨੂੰ ਜਾਣਕਾਰੀ ਦਿੱਤੀ ਕਿ ਯੂਨਾਈਟਡ ਸਿੱਖਸ ਵੱਲੋਂ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਸਾਊਥਾਲ ਵਿਖੇ ਹਫ਼ਤੇ ਵਿੱਚ ਇੱਕ ਦਿਨ ਇਮੀਗ੍ਰੇਸ਼ਨ ਅਤੇ ਹੋਰ ਕਾਨੂੰਨੀ ਮਾਮਲਿਆਂ ਲਈ ਸਹਾਇਤਾ ਕੇਂਦਰ ਚਲਾਇਆ ਜਾਂਦਾ ਹੈ। ਇਸ ਕੇਂਦਰ ਰਾਹੀਂ ਅਜਿਹੇ ਲੋਕਾਂ ਦੀ ਮਦਦ ਕੀਤੀ ਜਾਂਦੀ ਹੈ ਜੋ ਆਪਣੀ ਮਰਜ਼ੀ ਨਾਲ ਭਾਰਤ ਵਾਪਸ ਜਾਣਾ ਚਾਹੁੰਦੇ ਹਨ ਅਤੇ ਉਨ੍ਹਾਂ ਨੂੰ ਯੂਕੇ ਅਤੇ ਭਾਰਤ ਸਰਕਾਰ ਨਾਲ ਤਾਲਮੇਲ ਕਰਕੇ ਸਰਕਾਰੀ ਖ਼ਰਚੇ 'ਤੇ ਵਾਪਸ ਭੇਜਣ ਦੀ ਪ੍ਰਕਿਰਿਆ ਵਿੱਚ ਸਹਿਯੋਗ ਦਿੱਤਾ ਜਾਂਦਾ ਹੈ।

ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਨੌਜਵਾਨਾਂ ਦੀਆਂ ਸਮੱਸਿਆਵਾਂ ਧਿਆਨ ਨਾਲ ਸੁਣੀਆਂ ਅਤੇ ਯੂਨਾਈਟਡ ਸਿੱਖਸ ਅਤੇ ਗੁਰਦੁਆਰਾ ਪ੍ਰਬੰਧਕਾਂ ਵੱਲੋਂ ਕੀਤੀਆਂ ਜਾ ਰਹੀਆਂ ਮਨੁੱਖਤਾ ਭਲਾਈ ਦੀਆਂ ਸੇਵਾਵਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਵਿਦੇਸ਼ ਜਾਣ ਤੋਂ ਪਹਿਲਾਂ ਹਰ ਨੌਜਵਾਨ ਨੂੰ ਪੂਰੀ ਜਾਂਚ-ਪੜਤਾਲ ਕਰਨੀ ਚਾਹੀਦੀ ਹੈ ਤਾਂ ਜੋ ਕਿਸੇ ਧੋਖੇਬਾਜ਼ ਏਜੰਟ ਦਾ ਸ਼ਿਕਾਰ ਨਾ ਬਣੇ।

ਉਨ੍ਹਾਂ ਨੌਜਵਾਨਾਂ ਨੂੰ ਹੌਂਸਲਾ ਬਣਾਈ ਰੱਖਣ, ਗੁਰਬਾਣੀ ਨਾਲ ਜੁੜੇ ਰਹਿਣ ਅਤੇ ਚੜ੍ਹਦੀ ਕਲਾ ਵਿੱਚ ਜੀਵਨ ਬਤੀਤ ਕਰਨ ਦਾ ਸੰਦੇਸ਼ ਦਿੱਤਾ। ਨਾਲ ਹੀ ਉਨ੍ਹਾਂ ਅਪੀਲ ਕੀਤੀ ਕਿ ਵਿਦੇਸ਼ ਜਾਣ ਦੇ ਚੱਕਰ ਵਿੱਚ ਆਪਣੀ ਜ਼ਮੀਨ ਜਾਂ ਜਾਇਦਾਦ ਨਾ ਵੇਚੀ ਜਾਵੇ, ਸਗੋਂ ਦੇਸ਼ ਵਾਪਸ ਆ ਕੇ ਮਿਹਨਤ ਅਤੇ ਇਮਾਨਦਾਰੀ ਨਾਲ ਜੀਵਨ ਦੀ ਨਵੀਂ ਸ਼ੁਰੂਆਤ ਕੀਤੀ ਜਾਵੇ। ਉਨ੍ਹਾਂ ਸਰਕਾਰਾਂ ਨੂੰ ਵੀ ਅਪੀਲ ਕੀਤੀ ਕਿ ਨੌਜਵਾਨਾਂ ਲਈ ਦੇਸ਼ ਅੰਦਰ ਹੀ ਰੁਜ਼ਗਾਰ ਦੇ ਵਧੀਆ ਮੌਕੇ ਪੈਦਾ ਕੀਤੇ ਜਾਣ ਤਾਂ ਜੋ ਉਨ੍ਹਾਂ ਨੂੰ ਮਜ਼ਬੂਰੀ ਵਿੱਚ ਵਿਦੇਸ਼ਾਂ ਦਾ ਰੁਖ ਨਾ ਕਰਨਾ ਪਵੇ।

ਮੁਲਾਕਾਤ ਤੋਂ ਬਾਅਦ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਸਾਊਥਾਲ ਦੀ ਪ੍ਰਬੰਧਕ ਕਮੇਟੀ ਅਤੇ ਯੂਨਾਈਟਡ ਸਿੱਖਸ ਦੇ ਨੁਮਾਇੰਦਿਆਂ ਵੱਲੋਂ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਦਾ ਸਨਮਾਨ ਵੀ ਕੀਤਾ ਗਿਆ। ਇਸ ਮੌਕੇ ਗੁਰਮੇਲ ਸਿੰਘ ਮੱਲ੍ਹੀ, ਹਰਜੀਤ ਸਿੰਘ ਸਰਪੰਚ, ਸ਼ਰਨਬੀਰ ਸਿੰਘ ਸੰਘਾ, ਗਿਆਨੀ ਬਲਦੇਵ ਸਿੰਘ, ਜਸਕਰਨ ਸਿੰਘ, ਬਲਜੀਤ ਸਿੰਘ ਮੱਲ੍ਹੀ, ਪਰਮਜੀਤ ਸਿੰਘ ਅਤੇ ਸੁਰਿੰਦਰ ਸਿੰਘ ਸਮੇਤ ਹੋਰ ਕਈ ਪ੍ਰਮੁੱਖ ਸ਼ਖ਼ਸੀਅਤਾਂ ਵੀ ਹਾਜ਼ਰ ਸਨ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.