ਤਾਜਾ ਖਬਰਾਂ
ਪਿਛਲੇ ਕੁਝ ਸਮੇਂ ਤੋਂ ਮੀਡੀਆ ਦੀਆਂ ਸੁਰਖੀਆਂ 'ਚ ਬਣਿਆ ਪੰਜਾਬ ਕਾਂਗਰਸ ਦਾ ਅੰਦਰੂਨੀ ਕਲੇਸ਼ ਹੁਣ ਸ਼ਾਂਤ ਹੁੰਦਾ ਨਜ਼ਰ ਆ ਰਿਹਾ ਹੈ। ਦਿੱਲੀ ਵਿੱਚ ਪੰਜਾਬ ਪ੍ਰਭਾਰੀ ਭੂਪੇਸ਼ ਬਘੇਲ ਵੱਲੋਂ ਬੁਲਾਈ ਗਈ ਅਹਿਮ ਬੈਠਕ ਤੋਂ ਬਾਅਦ ਆਈਆਂ ਤਾਜ਼ਾ ਤਸਵੀਰਾਂ ਪਾਰਟੀ ਅੰਦਰ ਸਭ ਕੁਝ ਠੀਕ ਹੋਣ ਦਾ ਇਸ਼ਾਰਾ ਕਰ ਰਹੀਆਂ ਹਨ। ਕਾਂਗਰਸ ਦੇ ਰਾਸ਼ਟਰੀ ਜਨਰਲ ਸਕੱਤਰ ਕੇ.ਸੀ. ਵੇਣੂਗੋਪਾਲ ਨੇ ਸੋਸ਼ਲ ਮੀਡੀਆ 'ਤੇ ਪੰਜਾਬ ਦੇ ਸਾਰੇ ਪ੍ਰਮੁੱਖ ਨੇਤਾਵਾਂ ਨਾਲ ਇੱਕਜੁੱਟ ਬੈਠਿਆਂ ਦੀ ਫੋਟੋ ਸਾਂਝੀ ਕਰਦਿਆਂ ਦਾਅਵਾ ਕੀਤਾ ਹੈ ਕਿ ਆਗਾਮੀ ਵਿਧਾਨ ਸਭਾ ਚੋਣਾਂ ਦੀ ਤਿਆਰੀ ਲਈ ਪਾਰਟੀ ਪੂਰੀ ਤਰ੍ਹਾਂ ਤਿਆਰ ਹੈ।
ਬੈਠਕ ਤੋਂ ਬਾਅਦ ਆਪਣੀ ਪੋਸਟ ਵਿੱਚ ਕੇ.ਸੀ. ਵੇਣੂਗੋਪਾਲ ਨੇ ਲਿਖਿਆ "ਟੀਮ ਕਾਂਗਰਸ ਪੂਰੀ ਤਰ੍ਹਾਂ ਇੱਕਜੁੱਟ ਹੈ। ਅਸੀਂ ਜਲਦ ਹੀ ਪੂਰੇ ਪੰਜਾਬ ਵਿੱਚ ਵੱਡੇ ਪੱਧਰ 'ਤੇ ਚੋਣ ਪ੍ਰਚਾਰ ਸ਼ੁਰੂ ਕਰਨ ਜਾ ਰਹੇ ਹਾਂ। ਆਉਣ ਵਾਲੀਆਂ ਚੋਣਾਂ 'ਚ ਵੱਡੀ ਜਿੱਤ ਦਰਜ ਕਰਨ ਲਈ ਸਾਰੇ ਆਗੂ ਮਿਲ ਕੇ ਦਿਨ-ਰਾਤ ਮਿਹਨਤ ਕਰਨਗੇ।"
ਜ਼ਿਕਰਯੋਗ ਹੈ ਕਿ ਕੁਝ ਦਿਨ ਪਹਿਲਾਂ ਜਦੋਂ ਪੰਜਾਬ ਇੰਚਾਰਜ ਭੂਪੇਸ਼ ਬਘੇਲ 6 ਦਿਨਾਂ ਦੇ ਪੰਜਾਬ ਦੌਰੇ 'ਤੇ ਆਏ ਸਨ, ਤਾਂ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਲੀਡਰਸ਼ਿਪ ਤੋਂ ਨਾਰਾਜ਼ ਚਰਨਜੀਤ ਸਿੰਘ ਚੰਨੀ ਧੜੇ ਨੇ ਉਨ੍ਹਾਂ ਨਾਲ ਮੁਲਾਕਾਤ ਕਰਨ ਤੋਂ ਦੂਰੀ ਬਣਾ ਲਈ ਸੀ। ਸੁਖਜਿੰਦਰ ਸਿੰਘ ਰੰਧਾਵਾ ਸਮੇਤ ਹੋਰ ਸੀਨੀਅਰ ਨੇਤਾਵਾਂ ਨੇ ਆਪਣੀ ਵੱਖਰੀ ਮੀਟਿੰਗ ਕਰਕੇ ਆਪਣੀ ਨਾਰਾਜ਼ਗੀ ਜ਼ਾਹਰ ਕੀਤੀ ਸੀ, ਜਿਸ ਕਾਰਨ ਬਘੇਲ ਦਾ ਉਹ ਦੌਰਾ ਬਿਨਾਂ ਕਿਸੇ ਠੋਸ ਨਤੀਜੇ ਦੇ ਸਮਾਪਤ ਹੋ ਗਿਆ ਸੀ।
ਮੀਟਿੰਗ ਲਈ ਦਿੱਲੀ ਪਹੁੰਚੇ ਚੰਨੀ ਰਾਹੁਲ ਗਾਂਧੀ ਨਾਲ ਮੁਲਾਕਾਤ ਕਰਨਾ ਚਾਹੁੰਦੇ ਸਨ, ਪਰ ਸਮਾਂ ਨਾ ਮਿਲਣ ਤੋਂ ਬਾਅਦ ਹਾਈਕਮਾਨ ਨੇ ਪ੍ਰਤਾਪ ਸਿੰਘ ਬਾਜਵਾ ਨੂੰ ਦਿੱਲੀ ਸੱਦਿਆ। ਬਾਜਵਾ ਨੇ ਵਾਪਸ ਆ ਕੇ ਚੰਨੀ ਨਾਲ ਬੈਠਕ ਕੀਤੀ, ਜਿਸ ਤੋਂ ਬਾਅਦ ਚੰਨੀ ਨੇ ਮੀਡੀਆ ਸਾਹਮਣੇ "All Is Well" (ਸਭ ਕੁਝ ਠੀਕ ਹੈ) ਆਖ ਕੇ ਵਿਵਾਦ ਨੂੰ ਠੱਲ੍ਹ ਪਾਉਣ ਦਾ ਸੰਕੇਤ ਦਿੱਤਾ।
ਇਸ ਤੋਂ ਬਾਅਦ ਚੰਨੀ ਅਤੇ ਰੰਧਾਵਾ ਦਿੱਲੀ 'ਚ ਕਾਂਗਰਸ ਦੇ ਕੇਂਦਰੀ ਪ੍ਰਦਰਸ਼ਨਾਂ 'ਚ ਵੀ ਅੱਗੇ ਨਜ਼ਰ ਆਏ। ਹਾਲਾਂਕਿ, ਇਹ ਬਣਾਵਟੀ ਸ਼ਾਂਤੀ ਹੈ ਜਾਂ ਪਾਰਟੀ ਦਾ ਅਸਲੀ ਸੁਮੇਲ, ਇਹ ਤਾਂ ਆਉਣ ਵਾਲੀਆਂ ਚੋਣਾਂ ਦੌਰਾਨ ਹੀ ਸਪੱਸ਼ਟ ਹੋਵੇਗਾ।
Get all latest content delivered to your email a few times a month.