ਤਾਜਾ ਖਬਰਾਂ
'ਸਤਲੁਜ' ਫ਼ਿਲਮ ਦੇ ਚੱਲ ਰਹੇ ਰੌਲੇ ਤੋਂ ਬਾਅਦ ਹੁਣ ਇੱਕ ਹੋਰ ਪੰਜਾਬੀ ਫ਼ਿਲਮ 'ਚੜ੍ਹਦੀਕਲਾ' ਸੈਂਸਰ ਬੋਰਡ ਦੀ ਰੋਕ ਕਾਰਨ ਕਾਨੂੰਨੀ ਉਲਝਣ 'ਚ ਫਸ ਗਈ ਹੈ। ਕੇਂਦਰੀ ਫ਼ਿਲਮ ਪ੍ਰਮਾਣਨ ਬੋਰਡ (CBFC) ਵੱਲੋਂ ਭਾਰਤ ਵਿੱਚ ਰਿਲੀਜ਼ ਸਰਟੀਫਿਕੇਟ ਦੇਣ ਤੋਂ ਸਾਫ਼ ਇਨਕਾਰ ਕਰਨ ਮਗਰੋਂ ਫ਼ਿਲਮ ਦੇ ਨਿਰਮਾਤਾ ਨੇ ਹਾਈ ਕੋਰਟ ਦਾ ਦਰਵਾਜ਼ਾ ਖੜਕਾਇਆ ਹੈ। ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਹਾਈ ਕੋਰਟ ਨੇ ਫ਼ਿਲਮ ਦੀ ਪੂਰੀ ਸਕ੍ਰਿਪਟ ਅਤੇ ਸੈਂਸਰ ਬੋਰਡ ਦੀ ਰਿਵਿਊ ਕਮੇਟੀ ਦੀ ਸਮੁੱਚੀ ਰਿਪੋਰਟ 31 ਜੁਲਾਈ ਤੱਕ ਪੇਸ਼ ਕਰਨ ਦੇ ਹੁਕਮ ਦਿੱਤੇ ਹਨ।
ਬਿਮਲ ਕੌਰ ਖ਼ਾਲਸਾ ਦੀ ਜ਼ਿੰਦਗੀ 'ਤੇ ਆਧਾਰਿਤ ਹੈ ਫ਼ਿਲਮ; ਵਿਦੇਸ਼ਾਂ 'ਚ ਹੋ ਚੁੱਕੀ ਹੈ ਰਿਲੀਜ਼
ਇਹ ਫ਼ਿਲਮ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਕਾਤਲ ਬੇਅੰਤ ਸਿੰਘ ਦੀ ਪਤਨੀ ਬਿਮਲ ਕੌਰ ਖ਼ਾਲਸਾ ਦੇ ਜੀਵਨ ਸੰਘਰਸ਼ ਤੋਂ ਪ੍ਰੇਰਿਤ ਦੱਸੀ ਜਾ ਰਹੀ ਹੈ। ਐਮੀ ਵਿਰਕ ਅਤੇ ਰੂਪੀ ਗਿੱਲ ਦੀ ਮੁੱਖ ਭੂਮਿਕਾ ਵਾਲੀ ਇਹ ਫ਼ਿਲਮ 29 ਮਈ, 2026 ਨੂੰ ਅੰਤਰਰਾਸ਼ਟਰੀ ਪੱਧਰ 'ਤੇ ਦੁਨੀਆ ਭਰ ਦੇ ਸਿਨੇਮਾਘਰਾਂ 'ਚ ਰਿਲੀਜ਼ ਹੋ ਚੁੱਕੀ ਹੈ, ਪਰ ਭਾਰਤ 'ਚ ਬੋਰਡ ਇਸ ਨੂੰ ਹਰੀ ਝੰਡੀ ਨਹੀਂ ਦੇ ਰਿਹਾ।
ਬੋਰਡ ਨੇ ਬਿਨਾਂ ਵਜ੍ਹਾ ਦੱਸੇ ਸਰਟੀਫਿਕੇਟ ਦੇਣ ਤੋਂ ਕੀਤਾ ਇਨਕਾਰ
'MAD4FILMS' ਪ੍ਰੋਡਕਸ਼ਨ ਦੇ ਮਾਲਕ ਅਤੇ ਨਿਰਮਾਤਾ ਗੁਰਕਰਨ ਸਿੰਘ ਧਾਲੀਵਾਲ ਨੇ ਅਦਾਲਤ 'ਚ ਆਪਣਾ ਪੱਖ ਰੱਖਦਿਆਂ ਦੱਸਿਆ:
ਸੈਂਸਰ ਬੋਰਡ ਵੱਲੋਂ ਕੀਤੀ ਜਾ ਰਹੀ ਦੇਰੀ ਖ਼ਿਲਾਫ਼ ਉਹ ਪਹਿਲਾਂ ਵੀ ਅਦਾਲਤ ਗਏ ਸਨ, ਜਿਸ ਤੋਂ ਬਾਅਦ ਹਾਈ ਕੋਰਟ ਨੇ 2 ਜੁਲਾਈ ਨੂੰ ਸਮੀਖਿਆ ਕਮੇਟੀ ਬਣਾਉਣ ਦੇ ਆਦੇਸ਼ ਦਿੱਤੇ ਸਨ।
ਇਸ ਦੇ ਬਾਵਜੂਦ, 14 ਜੁਲਾਈ ਨੂੰ ਰਿਵਿਊ ਕਮੇਟੀ ਨੇ ਫ਼ਿਲਮ ਨੂੰ ਪ੍ਰਮਾਣ ਪੱਤਰ ਦੇਣ ਤੋਂ ਮਨ੍ਹਾ ਕਰ ਦਿੱਤਾ।
ਹੈਰਾਨੀ ਦੀ ਗੱਲ ਇਹ ਹੈ ਕਿ ਬੋਰਡ ਨੇ ਇਹ ਤੱਕ ਨਹੀਂ ਸਪੱਸ਼ਟ ਕੀਤਾ ਕਿ ਫ਼ਿਲਮ ਦੇ ਕਿਸ ਦ੍ਰਿਸ਼ (Scene) ਜਾਂ ਡਾਇਲਾਗ 'ਤੇ ਇਤਰਾਜ਼ ਹੈ।
'ਫ਼ਿਲਮ 'ਚ ਹੱਤਿਆ ਦਾ ਗੁਣਗਾਨ ਨਹੀਂ, ਸਿਰਫ਼ ਇੱਕ ਔਰਤ ਦਾ ਸੰਘਰਸ਼ ਹੈ'
ਪਟੀਸ਼ਨਕਰਤਾ ਨੇ ਅਦਾਲਤ ਵਿੱਚ ਦਾਅਵਾ ਕੀਤਾ ਹੈ ਕਿ ਫ਼ਿਲਮ ਵਿੱਚ ਕਿਸੇ ਵੀ ਤਰ੍ਹਾਂ ਸਾਬਕਾ ਪ੍ਰਧਾਨ ਮੰਤਰੀ ਦੀ ਹੱਤਿਆ ਨੂੰ ਸਹੀ ਨਹੀਂ ਠਹਿਰਾਇਆ ਗਿਆ, ਬਲਕਿ ਇਹ ਸਿਰਫ਼ ਬਿਮਲ ਕੌਰ ਖ਼ਾਲਸਾ ਦੀ ਨਿੱਜੀ ਜ਼ਿੰਦਗੀ ਅਤੇ ਉਨ੍ਹਾਂ ਦੇ ਜੀਵਨ ਸੰਘਰਸ਼ ਨੂੰ ਦਰਸਾਉਂਦੀ ਹੈ। ਹੁਣ ਸਾਰੀਆਂ ਨਿਗਾਹਾਂ 31 ਜੁਲਾਈ ਨੂੰ ਹਾਈ ਕੋਰਟ 'ਚ ਹੋਣ ਵਾਲੀ ਅਗਲੀ ਸੁਣਵਾਈ 'ਤੇ ਟਿਕੀਆਂ ਹੋਈਆਂ ਹਨ।
Get all latest content delivered to your email a few times a month.