ਤਾਜਾ ਖਬਰਾਂ
ਪੰਜਾਬੀ ਅਤੇ ਬਾਲੀਵੁੱਡ ਸੰਗੀਤ ਜਗਤ ਦੇ ਮਸ਼ਹੂਰ ਗਾਇਕ ਗੁਰੂ ਰੰਧਾਵਾ ਆਪਣੇ ਨਵੇਂ ਰਿਲੀਜ਼ ਹੋਏ ਗੀਤ 'Fine Shyt' ਨੂੰ ਲੈ ਕੇ ਚਰਚਾ 'ਚ ਆ ਗਏ ਹਨ। ਹਾਲਾਂਕਿ, ਇਸ ਵਾਰ ਇਹ ਚਰਚਾ ਗੀਤ ਦੀ ਪ੍ਰਸ਼ੰਸਾ ਲਈ ਨਹੀਂ, ਸਗੋਂ ਸੋਸ਼ਲ ਮੀਡੀਆ 'ਤੇ ਸਰੋਤਿਆਂ ਵੱਲੋਂ ਕੀਤੀ ਜਾ ਰਹੀ ਭਾਰੀ ਟ੍ਰੋਲਿੰਗ ਅਤੇ ਤਿੱਖੀ ਨਿਖੇਧੀ ਕਾਰਨ ਹੋ ਰਹੀ ਹੈ। ਗੀਤ ਦੇ ਵੀਡੀਓ ਅਤੇ ਕੰਟੈਂਟ ਨੂੰ ਦੇਖ ਕੇ ਇੰਟਰਨੈੱਟ ਵਰਤੋਂਕਾਰਾਂ ਨੇ ਗੁਰੂ ਰੰਧਾਵਾ ਵਿਰੁੱਧ ਮੋਰਚਾ ਖੋਲ੍ਹ ਦਿੱਤਾ ਹੈ।
ਇੱਕ ਦਫ਼ਤਰ ਦੇ ਸੈੱਟਅੱਪ 'ਤੇ ਫਿਲਮਾਏ ਗਏ ਇਸ ਮਿਊਜ਼ਿਕ ਵੀਡੀਓ ਦੀ ਸ਼ੁਰੂਆਤ 18+ ਡਿਸਕਲੇਮਰ ਨਾਲ ਹੁੰਦੀ ਹੈ। ਇਸ 'ਚ ਲਿਖਿਆ ਗਿਆ ਹੈ ਕਿ ਵੀਡੀਓ 'ਚ ਮੌਜੂਦ ਸਾਰੇ ਕਲਾਕਾਰ 18 ਸਾਲ ਤੋਂ ਵੱਧ ਉਮਰ ਦੇ ਹਨ ਅਤੇ ਕਹਾਣੀ ਕਾਲਪਨਿਕ ਹੈ। ਨਾਲ ਹੀ ਇੱਕ ਮਜ਼ਾਹੀਆ ਚੇਤਾਵਨੀ ਦਿੱਤੀ ਗਈ ਹੈ ਕਿ ਇਨ੍ਹਾਂ ਡਾਂਸ ਸਟੈੱਪਸ ਨੂੰ ਦਫ਼ਤਰ ਵਿੱਚ ਕਰਨ ਦੀ ਕੋਸ਼ਿਸ਼ ਨਾ ਕੀਤੀ ਜਾਵੇ, ਨਹੀਂ ਤਾਂ HR ਬੈਨ ਲਗਾ ਸਕਦਾ ਹੈ।
ਰਿਲੀਜ਼ ਹੁੰਦਿਆਂ ਹੀ ਗੀਤ 'ਤੇ ਲੋਕਾਂ ਦੀ ਭੜਾਸ ਨਿਕਲਣੀ ਸ਼ੁਰੂ ਹੋ ਗਈ। ਇੱਕ ਯੂਜ਼ਰ ਨੇ ਲਿਖਿਆ, "ਇਹ ਗੀਤ ਨਹੀਂ, ਸਿੱਧਾ ਸ਼ੋਰ ਪ੍ਰਦੂਸ਼ਣ (Noise Pollution) ਹੈ।" ਦੂਜੇ ਨੇ ਤੰਜ ਕੱਸਦਿਆਂ ਕਿਹਾ, "ਤਿਆਰ ਹੋ ਜਾਓ, ਇਸ ਕਚਰਾ ਗਾਣੇ 'ਤੇ ਹੁਣ ਅਨਗਿਣਤ ਡਾਂਸ ਰੀਲਾਂ ਆਉਣ ਵਾਲੀਆਂ ਹਨ।" ਇੱਕ ਹੋਰ ਯੂਜ਼ਰ ਨੇ ਲਿਖਿਆ, "ਗੁਰੂ ਰੰਧਾਵਾ ਅਸਤੀਫ਼ਾ ਦਿਓ", ਜਦਕਿ ਇੱਕ ਨੇ ਨਾਰਾਜ਼ਗੀ ਜ਼ਾਹਰ ਕਰਦਿਆਂ ਕਿਹਾ, "ਇਹ ਸੁਣਨ ਤੋਂ ਪਹਿਲਾਂ ਮੇਰੇ ਕੰਨਾਂ ਦੇ ਪਰਦੇ ਕਿਉਂ ਨਹੀਂ ਫਟ ਗਏ?"
ਇਸ ਗੀਤ ਨੂੰ ਗੁਰੂ ਰੰਧਾਵਾ ਅਤੇ ਯਸ਼ਵੀ ਦੇਸਾਈ ਨੇ ਆਵਾਜ਼ ਦਿੱਤੀ ਹੈ। ਬੋਲ ਗੁਰੂ ਰੰਧਾਵਾ ਅਤੇ ਗੁਰਜੀਤ ਗਿੱਲ ਦੇ ਹਨ। ਵੀਡੀਓ ਵਿੱਚ ਗੁਰੂ ਨਾਲ ਰੂਹੀ ਦੋਸਾਨੀ, ਡਿਵਿਨਿਟੀ ਬਿਸ਼ਟ, ਅਰਸ਼ੀਆ ਸਿਨਹਾ, ਰਾਏਮਾ ਗ੍ਰੋਵਰ ਅਤੇ ਮੇਹਰ ਕੌਰ ਅਦਾਕਾਰੀ ਕਰਦੀਆਂ ਨਜ਼ਰ ਆ ਰਹੀਆਂ ਹਨ।
ਗੁਰੂ ਰੰਧਾਵਾ ਦਾ ਵਿਵਾਦਾਂ ਨਾਲ ਇਹ ਪਹਿਲਾ ਵਾਸਤਾ ਨਹੀਂ ਹੈ। ਬੀਤੇ ਸਾਲ ਉਨ੍ਹਾਂ ਦੇ ਗੀਤ 'Azul' 'ਤੇ ਵੀ ਗੰਭੀਰ ਇਲਜ਼ਾਮ ਲੱਗੇ ਸਨ। ਉਸ ਵੀਡੀਓ 'ਚ ਸਕੂਲੀ ਵਿਦਿਆਰਥਣਾਂ ਨੂੰ ਸੈਕਸ਼ੂਅਲਾਈਜ਼ ਕਰਨ ਅਤੇ ਟੀਚਰ-ਸਟੂਡੈਂਟ ਦੇ ਅਣਉਚਿਤ ਰਿਸ਼ਤੇ ਨੂੰ ਗਲੈਮਰਾਈਜ਼ ਕਰਨ ਦੇ ਦੋਸ਼ ਹੇਠ ਵਿਰੋਧ ਝੱਲਣਾ ਪਿਆ ਸੀ।
Get all latest content delivered to your email a few times a month.