IMG-LOGO
ਹੋਮ ਪੰਜਾਬ: ਸੁੱਚਾ ਸਿੰਘ ਕਤਲ ਕਾਂਡ: ਦੋਸ਼ੀ ਜਾਗੀਰ ਸਿੰਘ ਨੂੰ ਉਮਰ ਕੈਦ,...

ਸੁੱਚਾ ਸਿੰਘ ਕਤਲ ਕਾਂਡ: ਦੋਸ਼ੀ ਜਾਗੀਰ ਸਿੰਘ ਨੂੰ ਉਮਰ ਕੈਦ, ਪਾਲਤੂ ਕੁੱਤੇ 'ਰਾਕੀ' ਨੇ ਖੋਲ੍ਹਿਆ ਕਤਲ ਦਾ ਭੇਦ

Admin User - Jul 22, 2026 08:54 PM
IMG

ਮੋਹਾਲੀ ਦੇ ਬਹੁਚਰਚਿਤ ਸੁੱਚਾ ਸਿੰਘ ਕਤਲ ਮਾਮਲੇ ਵਿੱਚ ਅਦਾਲਤ ਨੇ ਦੋਸ਼ੀ ਜਾਗੀਰ ਸਿੰਘ ਨੂੰ ਆਖ਼ਰੀ ਸਾਹ ਤੱਕ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਅਦਾਲਤ ਨੇ ਦੋਸ਼ੀ 'ਤੇ ਇੱਕ ਲੱਖ ਰੁਪਏ ਦਾ ਜੁਰਮਾਨਾ ਵੀ ਲਗਾਇਆ ਹੈ। ਜੇਕਰ ਇਹ ਜੁਰਮਾਨਾ ਅਦਾ ਨਹੀਂ ਕੀਤਾ ਜਾਂਦਾ ਤਾਂ ਉਸ ਨੂੰ ਹੋਰ ਛੇ ਮਹੀਨੇ ਦੀ ਕੈਦ ਭੁਗਤਣੀ ਪਵੇਗੀ। ਇਸ ਦੇ ਨਾਲ ਹੀ ਅਦਾਲਤ ਨੇ ਜ਼ਿਲ੍ਹਾ ਲੀਗਲ ਸਰਵਿਸਿਜ਼ ਅਥਾਰਟੀ ਨੂੰ ਮ੍ਰਿਤਕ ਦੀ ਪਤਨੀ ਸੁਨੀਤਾ ਦੇਵੀ ਲਈ ਢੁਕਵੇਂ ਮੁਆਵਜ਼ੇ ਦੀ ਸਿਫ਼ਾਰਸ਼ ਕਰਨ ਦੇ ਹੁਕਮ ਵੀ ਦਿੱਤੇ ਹਨ।

ਸਜ਼ਾ ਸੁਣਾਏ ਜਾਣ ਸਮੇਂ 67 ਸਾਲਾ ਜਾਗੀਰ ਸਿੰਘ ਨੇ ਆਪਣੀ ਵਧੀਕ ਉਮਰ ਅਤੇ ਬਿਮਾਰ ਪਤਨੀ ਦਾ ਹਵਾਲਾ ਦੇ ਕੇ ਰਹਿਮ ਦੀ ਅਪੀਲ ਕੀਤੀ। ਉਸ ਨੇ ਦਲੀਲ ਦਿੱਤੀ ਕਿ ਉਸ ਦੇ ਬੱਚੇ ਵੱਖ ਰਹਿੰਦੇ ਹਨ ਅਤੇ ਪਤਨੀ ਦੀ ਦੇਖਭਾਲ ਕਰਨ ਵਾਲਾ ਹੋਰ ਕੋਈ ਨਹੀਂ ਹੈ। ਪਰ ਅਦਾਲਤ ਨੇ ਜੁਰਮ ਦੀ ਗੰਭੀਰਤਾ ਨੂੰ ਧਿਆਨ ਵਿੱਚ ਰੱਖਦਿਆਂ ਇਹ ਅਪੀਲ ਰੱਦ ਕਰ ਦਿੱਤੀ ਅਤੇ ਸਖ਼ਤ ਸਜ਼ਾ ਨੂੰ ਬਰਕਰਾਰ ਰੱਖਿਆ।

ਇਸ ਕਤਲ ਕੇਸ ਦੀ ਸਭ ਤੋਂ ਹੈਰਾਨ ਕਰਨ ਵਾਲੀ ਗੱਲ ਇਹ ਰਹੀ ਕਿ ਮਾਮਲੇ ਨੂੰ ਸੁਲਝਾਉਣ ਵਿੱਚ ਮ੍ਰਿਤਕ ਦੇ ਪਾਲਤੂ ਕੁੱਤੇ 'ਰਾਕੀ' ਨੇ ਅਹਿਮ ਭੂਮਿਕਾ ਨਿਭਾਈ। ਜਦੋਂ ਕਈ ਦਿਨਾਂ ਤੱਕ ਸੁੱਚਾ ਸਿੰਘ ਦਾ ਕੋਈ ਪਤਾ ਨਾ ਲੱਗਾ ਤਾਂ ਪਰਿਵਾਰ ਰਾਕੀ ਨੂੰ ਨਾਲ ਲੈ ਕੇ ਸ਼ੱਕੀ ਜਾਗੀਰ ਸਿੰਘ ਦੇ ਫਾਰਮ ਹਾਊਸ ਪਹੁੰਚਿਆ। ਉੱਥੇ ਰਾਕੀ ਸਿੱਧਾ ਇੱਕ ਪੁੱਟੀ ਹੋਈ ਥਾਂ 'ਤੇ ਜਾ ਕੇ ਲਗਾਤਾਰ ਭੌਂਕਣ ਲੱਗ ਪਿਆ। ਜਦੋਂ ਮਿੱਟੀ ਹਟਾਈ ਗਈ ਤਾਂ ਹੇਠਾਂ ਤੋਂ ਸੁੱਚਾ ਸਿੰਘ ਦੀ ਲਾਸ਼ ਦੇ ਅਵਸ਼ੇਸ਼ ਮਿਲੇ, ਜਿਸ ਤੋਂ ਬਾਅਦ ਪੁਲਿਸ ਨੂੰ ਮਾਮਲੇ ਦੀ ਜਾਂਚ ਵਿੱਚ ਵੱਡੀ ਕਾਮਯਾਬੀ ਮਿਲੀ।

ਪੁਲਿਸ ਨੇ ਜੇਸੀਬੀ ਰਾਹੀਂ ਖੁਦਾਈ ਕਰਵਾ ਕੇ ਲਾਸ਼ ਨੂੰ ਬਾਹਰ ਕੱਢਿਆ ਤਾਂ ਪਤਾ ਲੱਗਿਆ ਕਿ ਧੜ ਤੋਂ ਸਿਰ ਵੱਖ ਕੀਤਾ ਗਿਆ ਸੀ। ਇਸ ਤੋਂ ਬਾਅਦ 17 ਜੂਨ 2021 ਨੂੰ ਮੁੱਲਾਂਪੁਰ ਗਰੀਬਦਾਸ ਥਾਣੇ ਵਿੱਚ ਐਫਆਈਆਰ ਨੰਬਰ 84 ਦਰਜ ਕਰਕੇ ਜਾਗੀਰ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਗਿਆ। ਪੁੱਛਗਿੱਛ ਦੌਰਾਨ ਉਸ ਦੀ ਨਿਸ਼ਾਨਦੇਹੀ 'ਤੇ ਨੇੜਲੇ ਇਲਾਕੇ ਤੋਂ ਸੁੱਚਾ ਸਿੰਘ ਦਾ ਕੱਟਿਆ ਹੋਇਆ ਸਿਰ ਵੀ ਬਰਾਮਦ ਕਰ ਲਿਆ ਗਿਆ।

ਪੋਸਟਮਾਰਟਮ ਰਿਪੋਰਟ ਵਿੱਚ ਡਾਕਟਰਾਂ ਨੇ ਸਪੱਸ਼ਟ ਕੀਤਾ ਕਿ ਲੋਹੇ ਦੇ ਤੇਜ਼ਧਾਰ ਹਥਿਆਰ ਨਾਲ ਗਰਦਨ 'ਤੇ ਕੀਤੇ ਗਏ ਡੂੰਘੇ ਵਾਰ ਅਤੇ ਬਹੁਤ ਜ਼ਿਆਦਾ ਖ਼ੂਨ ਵਹਿਣ ਕਾਰਨ ਸੁੱਚਾ ਸਿੰਘ ਦੀ ਮੌਤ ਹੋਈ। ਧੜ ਅਤੇ ਸਿਰ ਵੱਖ-ਵੱਖ ਥਾਵਾਂ ਤੋਂ ਮਿਲਣ ਕਾਰਨ ਫੋਰੈਂਸਿਕ ਸਾਇੰਸ ਲੈਬ ਵਿੱਚ ਡੀਐਨਏ ਜਾਂਚ ਕਰਵਾਈ ਗਈ, ਜਿਸ ਨੇ ਪੁਸ਼ਟੀ ਕੀਤੀ ਕਿ ਦੋਵੇਂ ਅਵਸ਼ੇਸ਼ ਸੁੱਚਾ ਸਿੰਘ ਦੇ ਹੀ ਸਨ। ਇਹ ਵਿਗਿਆਨਕ ਸਬੂਤ ਅਦਾਲਤ ਵਿੱਚ ਕੇਸ ਦਾ ਸਭ ਤੋਂ ਮਜ਼ਬੂਤ ਆਧਾਰ ਬਣਿਆ।

ਸੁਣਵਾਈ ਦੌਰਾਨ ਸਰਕਾਰੀ ਵਕੀਲ ਨੇ ਇਸ ਨੂੰ ਬੇਰਹਿਮੀ ਨਾਲ ਕੀਤਾ ਗਿਆ ਕਤਲ ਦੱਸਦਿਆਂ ਫ਼ਾਂਸੀ ਦੀ ਸਜ਼ਾ ਦੀ ਮੰਗ ਕੀਤੀ ਸੀ। ਹਾਲਾਂਕਿ ਅਦਾਲਤ ਨੇ ਸੁਪਰੀਮ ਕੋਰਟ ਦੇ 'ਬੱਚਨ ਸਿੰਘ ਬਨਾਮ ਪੰਜਾਬ ਰਾਜ' ਫ਼ੈਸਲੇ ਦਾ ਹਵਾਲਾ ਦਿੰਦਿਆਂ ਕਿਹਾ ਕਿ ਇਹ ਮਾਮਲਾ 'ਦੁਰਲੱਭ ਤੋਂ ਦੁਰਲੱਭਤਮ' ਸ਼੍ਰੇਣੀ ਵਿੱਚ ਨਹੀਂ ਆਉਂਦਾ। ਇਸ ਲਈ ਦੋਸ਼ੀ ਨੂੰ ਆਖ਼ਰੀ ਸਾਹ ਤੱਕ ਉਮਰ ਕੈਦ ਦੀ ਸਜ਼ਾ ਦੇਣਾ ਹੀ ਨਿਆਂਸੰਗਤ ਅਤੇ ਉਚਿਤ ਫ਼ੈਸਲਾ ਹੈ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.