ਤਾਜਾ ਖਬਰਾਂ
ਚੰਡੀਗੜ੍ਹ ਵਿੱਚ ਚੱਲ ਰਹੇ BRICS ਸਿਹਤ ਮੰਤਰੀਆਂ ਦੇ ਸੰਮੇਲਨ ਦੌਰਾਨ ਭਾਰਤੀ ਯੋਗ ਕੇਂਦਰੀ ਆਕਰਸ਼ਣ ਬਣਿਆ। ਸੰਮੇਲਨ ਵਿੱਚ 21 ਦੇਸ਼ਾਂ ਦੇ ਨੁਮਾਇੰਦਿਆਂ ਨੇ ਵਿਸ਼ੇਸ਼ ਯੋਗ ਸੈਸ਼ਨ ਵਿੱਚ ਹਿੱਸਾ ਲੈ ਕੇ ਸਿਹਤਮੰਦ ਜੀਵਨ ਸ਼ੈਲੀ ਅਤੇ ਪਰੰਪਰਾਗਤ ਚਿਕਿਤਸਾ ਪ੍ਰਣਾਲੀਆਂ ਪ੍ਰਤੀ ਆਪਣੀ ਦਿਲਚਸਪੀ ਜਤਾਈ। ਇਹ ਸੰਮੇਲਨ 24 ਜੁਲਾਈ ਤੱਕ ਜਾਰੀ ਰਹੇਗਾ, ਜਿਸ ਵਿੱਚ ਸਿਹਤ ਖੇਤਰ ਨਾਲ ਜੁੜੇ ਕਈ ਮਹੱਤਵਪੂਰਨ ਮੁੱਦਿਆਂ 'ਤੇ ਵਿਚਾਰ-ਵਟਾਂਦਰਾ ਹੋ ਰਿਹਾ ਹੈ।
ਇਸ ਮੌਕੇ ਕੇਂਦਰੀ ਸਿਹਤ ਸਕੱਤਰ ਪੁੰਨਿਆ ਸਲੀਲਾ ਸ੍ਰੀਵਾਸਤਵ ਨੇ ਕਿਹਾ ਕਿ ਭਾਰਤ ਦੇ ਲਗਾਤਾਰ ਯਤਨਾਂ ਸਦਕਾ ਯੋਗ ਨੇ ਵਿਸ਼ਵ ਪੱਧਰ 'ਤੇ ਇੱਕ ਵਿਲੱਖਣ ਪਛਾਣ ਬਣਾਈ ਹੈ। ਉਨ੍ਹਾਂ ਦੱਸਿਆ ਕਿ BRICS ਦੇਸ਼ਾਂ ਦਾ ਮੁੱਖ ਉਦੇਸ਼ ਸਿਹਤਮੰਦ ਜੀਵਨ ਸ਼ੈਲੀ ਨੂੰ ਉਤਸ਼ਾਹਿਤ ਕਰਨਾ ਅਤੇ ਪਰੰਪਰਾਗਤ ਅਤੇ ਏਕੀਕ੍ਰਿਤ ਚਿਕਿਤਸਾ ਪ੍ਰਣਾਲੀਆਂ ਨੂੰ ਮਜ਼ਬੂਤ ਕਰਨਾ ਹੈ। ਇਸੇ ਉਦੇਸ਼ ਤਹਿਤ ਯੋਗ ਸੈਸ਼ਨ ਦਾ ਆਯੋਜਨ ਕੀਤਾ ਗਿਆ, ਜਿਸ ਨੂੰ ਵਿਦੇਸ਼ੀ ਨੁਮਾਇੰਦਿਆਂ ਵੱਲੋਂ ਭਰਪੂਰ ਸਹਿਯੋਗ ਮਿਲਿਆ।
ਇਥੋਪੀਆ ਦੀ ਟ੍ਰੈਡੀਸ਼ਨਲ ਮੈਡੀਸਨ ਮਾਹਰ ਫ੍ਰੇਹਿਵੋਤ ਅਸਾਮੋ ਨੇ ਵੀ ਯੋਗ ਦੇ ਸਰੀਰਕ ਅਤੇ ਮਾਨਸਿਕ ਸਿਹਤ 'ਤੇ ਪੈਣ ਵਾਲੇ ਸਕਾਰਾਤਮਕ ਪ੍ਰਭਾਵਾਂ ਦੀ ਸ਼ਲਾਘਾ ਕੀਤੀ। ਸਿਹਤ ਸਕੱਤਰ ਨੇ ਕਿਹਾ ਕਿ ਅੱਜ ਦੀ ਬਦਲਦੀ ਜੀਵਨ ਸ਼ੈਲੀ ਕਾਰਨ ਵੱਧ ਰਹੀਆਂ ਗੈਰ-ਸੰਚਾਰੀ ਬਿਮਾਰੀਆਂ (NCDs), ਸ਼ੂਗਰ, ਹਾਈ ਬਲੱਡ ਪ੍ਰੈਸ਼ਰ ਅਤੇ ਤਣਾਅ ਵਰਗੀਆਂ ਸਮੱਸਿਆਵਾਂ ਨਾਲ ਨਜਿੱਠਣ ਲਈ ਯੋਗ ਇੱਕ ਪ੍ਰਭਾਵਸ਼ਾਲੀ ਅਤੇ ਕੁਦਰਤੀ ਹੱਲ ਸਾਬਤ ਹੋ ਸਕਦਾ ਹੈ।
ਉਨ੍ਹਾਂ ਇਹ ਵੀ ਯਾਦ ਦਿਵਾਇਆ ਕਿ ਭਾਰਤ ਦੀ ਪਹਿਲ 'ਤੇ ਸੰਯੁਕਤ ਰਾਸ਼ਟਰ ਮਹਾਸਭਾ ਨੇ 11 ਦਸੰਬਰ 2014 ਨੂੰ 21 ਜੂਨ ਨੂੰ ਅੰਤਰਰਾਸ਼ਟਰੀ ਯੋਗ ਦਿਵਸ ਵਜੋਂ ਮਾਨਤਾ ਦਿੱਤੀ ਸੀ ਅਤੇ 2015 ਤੋਂ ਹਰ ਸਾਲ ਇਹ ਦਿਵਸ ਵਿਸ਼ਵ ਭਰ ਵਿੱਚ ਮਨਾਇਆ ਜਾ ਰਿਹਾ ਹੈ। ਲਗਭਗ 5,000 ਸਾਲ ਪੁਰਾਣੀ ਭਾਰਤੀ ਯੋਗ ਪਰੰਪਰਾ ਅੱਜ ਦੁਨੀਆ ਭਰ ਵਿੱਚ ਸਿਹਤ ਅਤੇ ਤੰਦਰੁਸਤੀ ਦਾ ਪ੍ਰਤੀਕ ਬਣ ਚੁੱਕੀ ਹੈ, ਜਿਸ ਦੇ ਵਿਗਿਆਨਕ ਪੱਖਾਂ 'ਤੇ ਆਯੁਸ਼ ਮੰਤਰਾਲਾ ਲਗਾਤਾਰ ਖੋਜ ਅਤੇ ਪ੍ਰਚਾਰ-ਪ੍ਰਸਾਰ ਕਰ ਰਿਹਾ ਹੈ।
Get all latest content delivered to your email a few times a month.