ਤਾਜਾ ਖਬਰਾਂ
ਹੁਸ਼ਿਆਰਪੁਰ ਵਿੱਚ ਮੰਗਲਵਾਰ ਰਾਤ ਇੱਕ ਸਿਆਸੀ ਆਗੂ ਅਤੇ ਸਰਪੰਚ ਦੇ ਸ਼ਰੇਆਮ ਕਤਲ ਨਾਲ ਇਲਾਕੇ ਵਿੱਚ ਸਨਸਨੀ ਫੈਲ ਗਈ। ਆਮ ਆਦਮੀ ਪਾਰਟੀ ਨਾਲ ਸਬੰਧਤ ਪਿੰਡ ਆਨੰਦਗੜ੍ਹ ਦੇ 55 ਸਾਲਾ ਸਰਪੰਚ ਸਤਪਾਲ ਸਿੰਘ ਮਿੰਟਾ ਨੂੰ ਉਨ੍ਹਾਂ ਦੇ ਘਰ ਦੇ ਬਾਹਰ ਹੀ ਤੇਜ਼ਧਾਰ ਹਥਿਆਰਾਂ ਨਾਲ ਵੱਢ ਕੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ। ਵਾਰਦਾਤ ਦੀ ਸੂਚਨਾ ਮਿਲਦੇ ਹੀ ਪੁਲਿਸ ਟੀਮ ਹੁਸ਼ਿਆਰਪੁਰ ਦੇ ਸਿਵਲ ਹਸਪਤਾਲ ਪਹੁੰਚੀ ਅਤੇ ਅਣਪਛਾਤੇ ਹਮਲਾਵਰਾਂ ਖ਼ਿਲਾਫ਼ ਮਾਮਲਾ ਦਰਜ ਕਰਕੇ ਜਾਂਚ ਆਰੰਭ ਦਿੱਤੀ ਹੈ।
ਚਸ਼ਮਦੀਦ ਗੁਰਿੰਦਰ ਸਿੰਘ ਗੋਲਡੀ ਅਤੇ ਮ੍ਰਿਤਕ ਦੇ ਪੁੱਤਰ ਰਾਹੁਲ ਮੁਤਾਬਕ, ਆਲਟੋ ਅਤੇ ਫੋਰਡ ਫਿਗੋ ਕਾਰਾਂ 'ਚ ਆਏ ਲਗਭਗ 20 ਹਥਿਆਰਬੰਦ ਨੌਜਵਾਨਾਂ ਨੇ ਘਰ ਦੇ ਬਾਹਰ ਗੱਡੀ ਹਟਾਉਣ ਨੂੰ ਲੈ ਕੇ ਝਗੜਾ ਸ਼ੁਰੂ ਕਰ ਦਿੱਤਾ। ਬਦਮਾਸ਼ਾਂ ਨੇ ਅਚਾਨਕ ਸਰਪੰਚ ਸਤਪਾਲ 'ਤੇ ਤਲਵਾਰਾਂ ਨਾਲ ਵਾਰ ਕਰਨੇ ਸ਼ੁਰੂ ਕਰ ਦਿੱਤੇ।
ਇੰਨਾ ਹੀ ਨਹੀਂ, ਮੁਲਜ਼ਮਾਂ ਨੇ ਆਪਣੀ ਕਾਰ ਦੋ ਵਾਰ ਪਿੱਛੇ ਕਰਕੇ ਸਰਪੰਚ 'ਤੇ ਚੜ੍ਹਾ ਦਿੱਤੀ ਅਤੇ ਜਦੋਂ ਉਨ੍ਹਾਂ ਨੂੰ ਲੱਗਿਆ ਕਿ ਉਹ ਅਜੇ ਵੀ ਜ਼ਿੰਦਾ ਹਨ ਤਾਂ ਦੁਬਾਰਾ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਔਰਤਾਂ ਅਤੇ ਪਰਿਵਾਰਕ ਮੈਂਬਰਾਂ ਦੇ ਇਕੱਠੇ ਹੋਣ 'ਤੇ ਹਮਲਾਵਰ ਮੌਕੇ ਤੋਂ ਫਰਾਰ ਹੋ ਗਏ।
ਘਟਨਾ ਤੋਂ ਬਾਅਦ ਜਦੋਂ ਰਾਹੁਲ ਆਪਣੇ ਜ਼ਖ਼ਮੀ ਪਿਤਾ ਨੂੰ ਹਸਪਤਾਲ ਲੈ ਕੇ ਜਾਣ ਲੱਗਾ, ਤਾਂ ਬੋਲੇਰੋ ਗੱਡੀ 'ਚ ਸਵਾਰ ਹਮਲਾਵਰਾਂ ਨੇ ਉਨ੍ਹਾਂ ਦਾ ਰਸਤਾ ਡੱਕ ਲਿਆ ਅਤੇ ਮੁੜ ਹਮਲੇ ਦੀ ਕੋਸ਼ਿਸ਼ ਕੀਤੀ। ਰਾਹੁਲ ਨੇ ਹਿੰਮਤ ਦਿਖਾਉਂਦਿਆਂ ਆਪਣੀ ਕਾਰ ਪਿੱਛੇ ਕਰਕੇ ਹਮਲਾਵਰਾਂ ਦੀ ਗੱਡੀ 'ਚ ਮਾਰੀ ਅਤੇ ਸਿੱਧਾ ਥਾਣਾ ਪਰਿਸਰ 'ਚ ਵੜ ਗਿਆ। ਇਸ ਤੋਂ ਬਾਅਦ ਉਹ ਆਪਣੇ ਪਿਤਾ ਨੂੰ ਸਿਵਲ ਹਸਪਤਾਲ ਲੈ ਕੇ ਪਹੁੰਚਿਆ, ਪਰ ਉੱਥੇ ਡਾਕਟਰਾਂ ਨੇ ਸਤਪਾਲ ਮਿੰਟਾ ਨੂੰ ਮ੍ਰਿਤਕ ਐਲਾਨ ਦਿੱਤਾ।
ਮ੍ਰਿਤਕ ਦੇ ਪੁੱਤਰ ਰਾਹੁਲ ਨੇ ਦੱਸਿਆ ਕਿ ਪਹਿਲਾਂ ਗੁਆਂਢੀ ਪਿੰਡ ਦੇ ਨੌਜਵਾਨਾਂ ਵਿਚਾਲੇ ਇੱਕ ਝਗੜਾ ਹੋਇਆ ਸੀ, ਜਿਸ 'ਚ ਉਸ ਦੇ ਪਿਤਾ ਨੇ ਵਿਚੋਲਗੀ ਕਰਕੇ ਸਮਝੌਤਾ ਕਰਵਾਇਆ ਸੀ। ਪਰਿਵਾਰ ਅਨੁਸਾਰ ਇਸ ਵਾਰਦਾਤ 'ਚ ਭਾਗੂ (ਜਨਖੇੜੀ), ਅੰਕੂ (ਮਹਿਲਾਂਵਾਲੀ) ਅਤੇ ਪੰਕਜ ਪਠਾਨੀਆ ਸਮੇਤ 20 ਦੇ ਕਰੀਬ ਨੌਜਵਾਨ ਸ਼ਾਮਲ ਸਨ, ਜੋ ਕਾਰਾਂ ਅਤੇ ਮੋਟਰਸਾਈਕਲਾਂ 'ਤੇ ਆਏ ਸਨ। ਇਸ ਤੋਂ ਇਲਾਵਾ ਇੱਕ ਸੇਵਾਮੁਕਤ ਫੌਜੀ ਅਤੇ ਅੰਕੂ ਦੇ ਚਾਚੇ ਜੱਸੀ 'ਤੇ ਵੀ ਮੁਲਜ਼ਮਾਂ ਦੀ ਮਦਦ ਕਰਨ ਦੇ ਆਰੋਪ ਹਨ। ਪੁਲਿਸ ਵੱਲੋਂ ਮਾਮਲੇ ਦੀ ਗੰਭੀਰਤਾ ਨਾਲ ਤਫ਼ਤੀਸ਼ ਕੀਤੀ ਜਾ ਰਹੀ ਹੈ।
Get all latest content delivered to your email a few times a month.